ਸ਼੍ਰੋਮਣੀ ਅਕਾਲੀ ਦਲ ਨੇ ਸਰਬ ਪਾਰਟੀ ਮੀਟਿੰਗ ਸੱਦਣ ਦੀ ਕੀਤੀ ਅਪੀਲ

01/31/2018 10:05:42 AM


ਚੰਡੀਗੜ੍ਹ (ਪਰਾਸ਼ਰ) - ਸ਼੍ਰੋਮਣੀ ਅਕਾਲੀ ਦਲ ਨੇ ਰਾਜ ਚੋਣ ਕਮਿਸ਼ਨ ਨੂੰ ਜ਼ੋਰ ਦੇ ਕੇ ਆਖਿਆ ਹੈ ਕਿ ਲੁਧਿਆਣਾ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਸਾਰੀਆਂ ਸਿਆਸੀ ਪਾਰਟੀਆਂ ਦੀਆਂ ਸ਼ਿਕਾਇਤਾਂ ਤੇ ਸੁਝਾਵਾਂ ਨੂੰ ਸੁਣਨ ਲਈ ਇਕ ਸਰਬ ਪਾਰਟੀ ਮੀਟਿੰਗ ਸੱਦੀ ਜਾਵੇ।
ਇਸ ਸਬੰਧੀ ਅਕਾਲੀ ਦਲ ਦੇ ਬੁਲਾਰੇ ਅਤੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਅੱਜ ਕਮਿਸ਼ਨ ਨੂੰ ਇਕ ਚਿੱਠੀ ਭੇਜ ਕੇ ਲਿਖ਼ਤੀ ਰੂਪ ਵਿਚ ਅਜਿਹੀ ਬੇਨਤੀ ਕੀਤੀ। ਚੋਣ ਕਮਿਸ਼ਨ ਨੂੰ ਲਿਖੀ ਲੰਬੀ ਚਿੱਠੀ ਵਿਚ ਡਾ. ਚੀਮਾ ਨੇ ਦੱਸਿਆ ਕਿ ਲੰਘੀਆਂ ਸਥਾਨਕ ਸਰਕਾਰਾਂ ਚੋਣਾਂ ਦੌਰਾਨ ਵੋਟਰ ਸੂਚੀਆਂ ਤਿਆਰ ਕੀਤੇ ਬਿਨਾਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਸੀ। ਉਨ੍ਹਾਂ ਕਮਿਸ਼ਨ ਨੂੰ ਅਪੀਲ ਕੀਤੀ ਕਿ ਉਹ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਇਤਰਾਜ਼ਹੀਣਤਾ ਦੇ ਸਰਟੀਫਿਕੇਟ ਜਾਰੀ ਕਰਨ ਵਾਲੇ ਸਾਰੇ ਸਮਰੱਥ ਅਧਿਕਾਰੀ ਆਪੋ-ਆਪਣੇ ਦਫਤਰਾਂ 'ਚ ਹਾਜ਼ਰ ਰਹਿਣ ਤਾਂ ਕਿ ਸਾਰੇ ਉਮੀਦਵਾਰ ਉਨ੍ਹਾਂ ਨਾਲ ਸੰਪਰਕ ਕਰ ਸਕਣ। ਪਿਛਲੀ ਵਾਰ ਦੀ ਤਰ੍ਹਾਂ ਇਹ ਅਧਿਕਾਰੀ ਸੱਤਾਧਾਰੀ ਵਿਧਾਇਕਾਂ ਦੇ ਘਰਾਂ ਵਿਚ ਬੈਠ ਕੇ ਕੰਮ ਨਾ ਕਰਨ।
ਅਕਾਲੀ ਆਗੂ ਨੇ ਅੱਗੇ ਕਿਹਾ ਕਿ ਜੇ ਨਾਮਜ਼ਦਗੀਆਂ ਭਰਨ ਸਮੇਂ ਕਿਸੇ ਉਮੀਦਵਾਰ ਦੇ ਕਾਗਜ਼ਾਂ 'ਚ ਕੋਈ ਕਮੀ ਨਿਕਲਦੀ ਹੈ ਤਾਂ ਉਨ੍ਹਾਂ ਨੂੰ ਲਿਖ਼ਤੀ ਰੂਪ ਵਿਚ ਦੱਸਿਆ ਜਾਵੇ ਤਾਂ ਕਿ ਬਾਅਦ 'ਚ ਫਾਈਲਾਂ ਵਿਚੋਂ ਦਸਤਾਵੇਜ਼ ਗਾਇਬ ਕਰਨ ਦੇ ਰੁਝਾਨ ਨੂੰ ਰੋਕਿਆ ਜਾ ਸਕੇ। ਡਾ. ਚੀਮਾ ਨੇ ਕਿਹਾ ਕਿ ਸਾਰੇ ਪੋਲਿੰਗ ਬੂਥਾਂ 'ਤੇ ਵੀਡੀਓਗ੍ਰਾਫ਼ੀ ਕਰਵਾਈ ਜਾਣੀ ਚਾਹੀਦੀ ਹੈ। ਹਾਲ ਹੀ ਵਿਚ ਹੋਈਆਂ ਚੋਣਾਂ ਦੌਰਾਨ ਵੱਡੇ ਪੱਧਰ 'ਤੇ ਹੋਈਆਂ ਬੂਥਾਂ 'ਤੇ ਕਬਜ਼ੇ ਕਰਨ ਅਤੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਦੀਆਂ ਘਟਨਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਆਜ਼ਾਦ ਅਤੇ ਨਿਰਪੱਖ ਚੋਣਾਂ ਕਰਾਉਣ ਵਾਸਤੇ ਕੇਂਦਰੀ ਦਸਤਿਆਂ ਨੂੰ ਸੱਦਿਆ ਜਾਣਾ ਬੇਹੱਦ ਜ਼ਰੂਰੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਇਸ ਤੋਂ ਇਲਾਵਾ ਚੋਣ ਅਮਲੇ ਦੀ ਪੋਲਿੰਗ ਬੂਥਾਂ 'ਤੇ ਡਿਊਟੀ ਕਮਿਸ਼ਨ ਵੱਲੋਂ ਖੁਦ ਕੰਪਿਊਟਰ ਰਾਹੀਂ ਛਾਂਟੀ ਕਰ ਕੇ ਲਾਈ ਜਾਣੀ ਚਾਹੀਦੀ ਹੈ। ਇਹ ਕੰਮ ਰਿਟਰਨਿੰਗ ਅਧਿਕਾਰੀਆਂ 'ਤੇ ਨਹੀਂ ਛੱਡਿਆ ਜਾਣਾ ਚਾਹੀਦਾ। ਅਕਾਲੀ ਆਗੂ ਨੇ ਕਮਿਸ਼ਨ ਨੂੰ ਅਪੀਲ ਕੀਤੀ ਕਿ ਉਹ ਇਸ ਗੱਲ ਨੂੰ ਵੀ ਯਕੀਨੀ ਬਣਾਉਣ ਕਿ ਚੋਣਾਂ ਦੌਰਾਨ ਚੋਣ ਨਿਗਰਾਨ ਨਿਰਪੱਖ ਰਹਿਣ ਅਤੇ ਸਖ਼ਤ ਕਾਨੂੰਨ-ਵਿਵਸਥਾ ਬਣਾਈ ਰੱਖਣ ਦੀ ਜ਼ਿੰਮੇਵਾਰੀ ਜ਼ਿਲਾ ਪ੍ਰਸ਼ਾਸਨ ਦੀ ਹੋਣੀ ਚਾਹੀਦੀ ਹੈ।


Related News