ਲੋਕ ਸਭਾ ਦੇ ਸਪੀਕਰ ਅਤੇ ਭਗਵੰਤ ਮਾਨ 'ਚ ਖੜਕੀ
Friday, Aug 02, 2019 - 09:35 AM (IST)

ਸ਼ੇਰਪੁਰ(ਸਿੰਗਲਾ) : ਹਾਲ ਹੀ 'ਚ ਚੱਲੇ ਲੋਕ ਸਭਾ ਦੇ ਸੈਸ਼ਨ ਦੌਰਾਨ ਕਈ ਸਮਾਜਕ ਮੁੱਦਿਆਂ 'ਤੇ ਭਗਵੰਤ ਮਾਨ ਮੈਂਬਰ ਪਾਰਲੀਮੈਂਟ ਸੰਗਰੂਰ ਅਤੇ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ ਨੇ ਕੇਂਦਰ ਸਰਕਾਰ ਨੂੰ ਤਿੱਖੇ ਸਵਾਲ ਕਰ ਕੇ ਇਕ ਵੱਖਰੀ ਚਰਚਾ ਛੇੜ ਦਿੱਤੀ ਸੀ ਅਤੇ ਦੇਸ਼ ਦੇ ਲੋਕਾਂ ਵੱਲੋਂ ਸੰਸਦ 'ਚ ਬੇਬਾਕੀ ਨਾਲ ਚੁੱਕੇ ਮੁੱਦਿਆਂ ਕਰਕੇ ਸ਼੍ਰੀ ਮਾਨ ਦੀ ਭਰਵੀਂ ਪ੍ਰਸ਼ੰਸਾ ਵੀ ਕੀਤੀ ਜਾ ਰਹੀ ਹੈ। ਹੁਣ ਦੇਸ਼ ਦੀ ਪਾਰਲੀਮੈਂਟ 'ਚ ਜਦੋਂ ਕੇਂਦਰੀ ਕਿਰਤ ਮੰਤਰੀ ਸੰਤੋਸ਼ ਗਗਾਵਤ ਵੱਲੋਂ ਦੇਸ਼ ਦੇ ਵੱਖ-ਵੱਖ ਖੇਤਰਾਂ 'ਚ ਕੰਮ ਕਰਦੇ 50 ਕਰੋੜ ਮਜ਼ਦੂਰਾਂ ਦੀ ਘੱਟੋ-ਘੱਟ ਮਜ਼ਦੂਰੀ ਕਿੰਨੀ ਹੋਵੇ, ਬਾਰੇ ਬਿੱਲ ਪਾਸ ਕਰਨ ਲਈ ਬੋਲਿਆ ਜਾ ਰਿਹਾ ਸੀ ਤਾਂ ਸੰਸਦ ਮੈਂਬਰ ਭਗਵੰਤ ਮਾਨ ਨੇ ਖੜ੍ਹੇ ਹੋ ਕੇ ਇਸ ਬਿੱਲ 'ਤੇ ਬੋਲਣ ਲਈ ਆਪਣਾ ਸਮਾਂ ਮੰਗਿਆ ਤਾਂ ਲੋਕ ਸਭਾ ਦੇ ਸਪੀਕਰ ਓਮ ਵਿਰਲਾ ਭੜਕ ਉਠੇ ਅਤੇ ਉਨ੍ਹਾਂ ਮਾਨ ਨੂੰ ਚੁੱਪ ਰਹਿਣ ਦੀ ਤਾਕੀਦ ਕਰਦਿਆਂ ਕਿਹਾ ਕਿ ਜੇਕਰ ਉਹ ਨਾ ਬੈਠੇ ਤਾਂ ਉਹ ਉਨ੍ਹਾਂ ਨੂੰ ਸੈਸ਼ਨ 'ਚੋ ਬਾਹਰ ਕੱਢ ਦੇਣਗੇ, ਜਿਸ 'ਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਕਿਹਾ ਕਿ ਤੁਸੀਂ ਮੈਨੂੰ ਕੀ ਬਾਹਰ ਕੱਢੋਗੇ, ਉਹ ਖੁਦ ਹੀ ਬਾਹਰ ਚਲੇ ਜਾਂਦੇ ਹਨ। ਇਸ ਤੋਂ ਬਾਅਦ ਮਾਨ ਸੰਸਦ 'ਚੋਂ ਵਾਕਆਊਟ ਕਰ ਗਏ, ਜਿਸ 'ਤੇ ਹੋਰ ਸਾਰੀਆਂ ਵਿਰੋਧੀ ਧਿਰਾਂ ਦੇ ਮੈਂਬਰਾਂ ਨੇ ਵੀ ਸਪੀਕਰ ਦੇ ਇਸ ਰਵੱਈਏ 'ਤੇ ਰੋਸ ਪ੍ਰਗਟ ਕੀਤਾ। ਇੱਥੇ ਇਹ ਵੀ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਮਾਨ ਵੱਲੋਂ ਸਦਨ 'ਚ ਦਿੱਤੇ ਬੇਬਾਕ ਭਾਸ਼ਣਾਂ ਕਰਕੇ ਉਨ੍ਹਾਂ ਦਾ ਮੂੰਹ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਸ ਮਸਲੇ 'ਤੇ 'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਪ੍ਰਧਾਨ 'ਆਪ' ਪੰਜਾਬ ਨੇ ਕਿਹਾ ਕਿ ਉਨ੍ਹਾਂ ਦੇਸ਼ ਦੇ ਕਰੋੜਾਂ ਮਜ਼ਦੂਰਾਂ ਦੇ ਹੱਕ 'ਚ ਬੋਲਣ ਲਈ ਮਾਣਯੋਗ ਸਪੀਕਰ ਪਾਸੋਂ ਸਮਾਂ ਮੰਗਿਆ ਸੀ ਕਿਉਂਕਿ ਮਜ਼ਦੂਰਾਂ ਦੀ ਮਜ਼ਦੂਰੀ ਦਾ ਮਾਮਲਾ ਬਹੁਤ ਹੀ ਸੰਵੇਦਨਸ਼ੀਲ ਹੋਣ ਕਰਕੇ ਉਹ ਆਪਣੀ ਪਾਰਟੀ ਵੱਲੋਂ ਇਸ ਮਸਲੇ 'ਤੇ ਬੋਲਣਾ ਚਾਹੁੰਦੇ ਸਨ। ਉਨ੍ਹਾਂ ਕਿਹਾ ਕਿ ਕੇਂਦਰ 'ਚ ਲੋਕਤੰਤਰ ਦੀ ਹੱਤਿਆ ਕੀਤੀ ਜਾ ਰਹੀ ਹੈ ਅਤੇ ਲੋਕ ਮਸਲਿਆਂ 'ਤੇ ਬੋਲਣ ਵਾਲੇ ਸੰਸਦ ਮੈਂਬਰਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਕੋਈ ਪਾਸ ਲੈ ਕੇ ਸੰਸਦ ਦੀ ਕਾਰਵਾਈ ਦੇਖਣ ਲਈ ਨਹੀਂ ਆਏ, ਸਗੋਂ ਹਲਕਾ ਸੰਗਰੂਰ ਦੇ 20 ਲੱਖ ਲੋਕਾਂ ਨੇ ਉਨ੍ਹਾਂ ਨੂੰ ਜਿਤਾ ਕੇ ਇੱਥੇ ਆਪਣਾ ਲੋਕ ਨੁਮਾਇੰਦਾ ਬਣਾ ਕੇ ਭੇਜਿਆ ਹੈ, ਜਿਸ ਕਰਕੇ ਉਹ ਆਪਣੀ ਜਾਗਦੀ ਜ਼ਮੀਰ ਨੂੰ ਲੈ ਕੇ ਦੇਸ਼ ਦੀ ਸਰਬਉੱਚ ਸੰਸਦ 'ਚ ਮਜ਼ਦੂਰਾਂ ਦੇ ਹਿੱਤਾਂ ਲਈ ਬੋਲਣਾ ਚਾਹੁੰਦੇ ਸਨ। ਮਾਨ ਨੇ ਕਿਹਾ ਕਿ ਉਨ੍ਹਾਂ ਦੀ ਬੁਲੰਦ ਆਵਾਜ਼ ਲੋਕ ਮਸਲਿਆਂ ਲਈ ਇਸੇ ਤਰ੍ਹਾਂ ਸੰਸਦ 'ਚ ਗੂੰਜਦੀ ਰਹੇਗੀ।