ਸ਼ੇਰੋਵਾਲੀਆ ਦੀ ਟਿਕਟ ਰੱਦ ਹੋਵੇ ਅਤੇ ਦਰਜ ਕੇਸ ਦੀ ਜਾਂਚ ਹਾਈਕੋਰਟ ਦੇ ਜੱਜ ਤੋਂ ਕਰਵਾਈ ਜਾਏ

Saturday, May 05, 2018 - 07:49 AM (IST)

ਸ਼ੇਰੋਵਾਲੀਆ ਦੀ ਟਿਕਟ ਰੱਦ ਹੋਵੇ ਅਤੇ ਦਰਜ ਕੇਸ ਦੀ ਜਾਂਚ ਹਾਈਕੋਰਟ ਦੇ ਜੱਜ ਤੋਂ ਕਰਵਾਈ ਜਾਏ

ਜਲੰਧਰ (ਬੁਲੰਦ, ਰਵਿੰਦਰ) - ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ਕਾਂਗਰਸ ਨੇ ਸ਼ਾਹਕੋਟ ਉਪ ਚੋਣ ਵਿਚ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੂੰ ਟਿਕਟ ਦੇ ਕੇ ਸਾਬਤ ਕਰ ਦਿੱਤਾ ਹੈ ਕਿ ਕਾਂਗਰਸ ਵਿਚ ਮੁਲਜ਼ਮਾਂ ਦੀ ਖਾਸ ਅਹਿਮੀਅਤ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸ਼ੇਰੋਵਾਲੀਆ ਤੇ ਉਸਦੇ ਸਾਥੀਆਂ 'ਤੇ ਕੁਝ ਦਿਨ ਪਹਿਲਾਂ ਨਾਜਾਇਜ਼ ਮਾਈਨਿੰਗ  ਦਾ ਕੇਸ ਵੀ ਦਰਜ  ਹੋ ਗਿਆ ਅਤੇ ਜਿਸ ਥਾਣੇ ਵਿਚ ਕੇਸ ਦਰਜ ਹੋਇਆ ਉਥੋਂ ਦੇ ਥਾਣੇਦਾਰ ਨੇ ਅਸਤੀਫਾ ਦੇ ਦਿੱਤਾ ਕਿਉਂਕਿ ਧੱਕੇਸ਼ਾਹੀ ਵਿਚ ਡਿਊਟੀ ਕਰਨਾ ਉਸ ਲਈ ਮੁਸ਼ਕਲ ਹੋ ਚੁੱਕਿਆ ਸੀ। ਖਹਿਰਾ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਸਿਆਸੀ ਦਬਾਅ ਕਾਰਨ ਸ਼ੇਰੋਵਾਲੀਆ 'ਤੇ ਦਰਜ ਪਰਚਾ ਰੱਦ ਨਾ ਹੋ ਜਾਏ। ਇਸ ਲਈ ਉਹ ਚੀਫ ਜਸਟਿਸ ਨੂੰ ਅਪੀਲ ਕਰਦੇ ਹਨ ਕਿ ਇਸ ਕੇਸ ਦੀ ਜਾਂਚ ਹਾਈਕੋਰਟ ਦੇ ਕਿਸੇ ਜੱਜ ਤੋਂ ਕਰਵਾਈ ਜਾਏ। ਉਨ੍ਹਾਂ ਨੇ ਸੀ. ਐੱਮ. ਤੋਂ ਮੰਗ ਕੀਤੀ ਕਿ ਸ਼ੇਰੋਵਾਲੀਆ ਦੀ ਟਿਕਟ ਰੱਦ ਕੀਤੀ ਜਾਵੇ।
ਖਹਿਰਾ ਨੇ ਕਿਹਾ ਕਿ ਪੰਜਾਬ ਬੋਰਡ ਦੀ 12ਵੀਂ ਕਲਾਸ ਦੀ ਇਤਿਹਾਸ ਦੀ ਪੁਸਤਕ ਵਿਚੋਂ ਸਿੱਖ ਇਤਿਹਾਸ ਨੂੰ ਕੱਢੇ ਜਾਣ ਦੇ ਮਾਮਲੇ ਵਿਚ ਕਾਂਗਰਸ ਦੇ ਮੰਤਰੀਆਂ ਨੇ ਗਲਤੀ ਮੰਨ ਕੇ ਸਾਬਤ ਕੀਤਾ ਹੈ ਕਿ ਇਹ ਇਕ ਸਾਜਿਸ਼ ਰਚੀ ਗਈ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਮੰਤਰੀਆਂ ਦੀ ਮਾਫੀ ਕਾਫੀ ਨਹੀਂ ਹੈ। ਇਸ ਲਈ ਖੁਦ ਮੁੱਖ ਮੰਤਰੀ ਨੂੰ ਮੁਆਫੀ ਮੰਗਣੀ ਚਾਹੀਦੀ ਹੈ ਕਿਉਂਕਿ ਸੀ. ਐੱਮ. ਨੇ ਵਿਰੋਧੀ ਪਾਰਟੀਆਂ ਨੂੰ ਝੂਠ ਕਿਹਾ ਕਿ ਇਤਿਹਾਸ ਨਾਲ ਛੇੜਖਾਨੀ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਕੈਪਟਨ ਅਸਲ ਵਿਚ ਅਫਸਰਸ਼ਾਹੀ ਦੇ ਹੱਥਾਂ ਵਿਚ ਖੇਡ ਰਹੇ ਹਨ। ਖੁਦ ਜ਼ਮੀਨੀ ਹਕੀਕਤ ਨਹੀਂ ਜਾਣਦੇ। ਉਨ੍ਹਾਂ ਨੇ ਮੰਗ ਕੀਤੀ ਕਿ ਪੰਜਾਬ ਦਾ ਕੋਈ ਪੜ੍ਹਿਆ-ਲਿਖਿਆ ਵਿਅਕਤੀ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਚੇਅਰਮੈਨ ਲਗਾਇਆ ਜਾਵੇ। ਕੀ ਸੀ. ਐੱਮ. ਨੂੰ ਪੰਜਾਬ ਵਿਚ ਕੋਈ ਕਾਬਲ ਵਿਅਕਤੀ ਨਹੀਂ ਮਿਲਿਆ ਜੋ ਰਾਜਸਥਾਨ ਤੋਂ ਬੁਲਾ ਕੇ ਅਧਿਕਾਰੀ ਨੂੰ ਪੰਜਾਬ ਬੋਰਡ ਦਾ ਚੇਅਰਮੈਨ ਲਗਾ ਦਿੱਤਾ। ਜਿਸ ਨੂੰ ਪੰਜਾਬ ਦਾ ਸਿੱਖ ਇਤਿਹਾਸ ਪਤਾ ਹੀ ਨਹੀਂ। ਉਹ ਕੀ ਪੰਜਾਬ ਦਾ ਸਿਲੇਬਸ ਤੈਅ ਕਰੇਗਾ। ਉਨ੍ਹਾਂ ਕਿਹਾ ਕਿ ਚੇਅਰਮੈਨ ਤੁਰੰਤ ਅਸਤੀਫਾ ਦੇਵੇ।
ਖਹਿਰਾ ਨੇ ਅੱਗੇ ਦਿੱਲੀ ਦੇ ਦਿਆਲ ਸਿੰਘ ਮਜੀਠੀਆ ਕਾਲਜ ਦੇ ਨਾਂ 'ਤੇ ਚੱਲ ਰਹੇ ਵਿਵਾਦ ਬਾਰੇ ਕਿਹਾ ਕਿ ਕੇਂਦਰੀ ਮੰਤਰੀ ਜਾਵੇਡਕਰ ਕਹਿ ਰਹੇ ਹਨ ਕਿ ਕਾਲਜ ਦਾ ਨਹੀਂ ਬਦਲਿਆ ਜਾਵੇਗਾ ਪਰ ਅਮਿਤਾਭ ਸਿਨ੍ਹਾ ਚੇਅਰਮੈਨ ਦਿਆਲ ਸਿੰਘ ਮਜੀਠੀਆ ਕਾਲਜ ਕਹਿ ਰਹੇ ਹਨ ਕਿ ਕਾਲਜ ਦਾ ਨਾਂ ਬਦਲ ਦਿੱਤਾ ਜਾਵੇਗਾ। ਖਹਿਰਾ ਨੇ ਕਿਹਾ ਕਿ ਲਾਹੌਰ ਪਾਕਿਸਤਾਨ ਵਿਚ ਜੋ ਦਿਆਲ ਸਿੰਘ ਮਜੀਠੀਆ ਕਾਲਜ ਹੈ ਉਸਦਾ ਨਾਂ ਪਾਕਿਸਤਾਨ ਸਰਕਾਰ ਨੇ ਨਹੀਂ ਬਦਲਿਆ ਉਥੇ ਭਾਰਤ ਵਿਚ ਭਾਜਪਾ ਸਰਕਾਰ ਦੇ ਰਾਜ ਵਿਚ ਸਿੱਖਾਂ ਨੂੰ ਕਿਵੇਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਘੱਟ ਗਿਣਤੀਆਂ ਨੂੰ ਭਗਵਾਂ ਏਜੰਡੇ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵਿਚ ਬੈਠੀ ਬੀਬਾ ਹਰਸਿਮਰਤ ਕੌਰ ਇਸ ਮਾਮਲੇ ਵਿਚ ਸਿਰਫ ਬਿਆਨਬਾਜ਼ੀ ਕਿਉਂ ਕਰ ਰਹੀ ਹੈ। ਉਹ ਲੰਗਰ 'ਤੇ ਜੀ ਐੱਸ. ਟੀ. ਮਾਮਲੇ ਵਿਚ, ਗੁਜਰਾਤ ਦੇ ਕਿਸਾਨਾਂ ਦੀ ਜ਼ਮੀਨ ਦੇ ਮਾਮਲੇ ਵਿਚ ਅਤੇ ਦਿਆਲ ਸਿੰਘ ਕਾਲਜ ਦੇ ਮਾਮਲੇ ਵਿਚ ਕੇਂਦਰ ਸਰਕਾਰ ਤੋਂ ਪੰਜਾਬ ਅਤੇ ਸਿੱਖਾਂ ਦਾ ਕੋਈ ਭਲਾ ਕਿਉਂ ਨਹੀਂ ਕਰਵਾ ਸਕੀ। ਇਸ ਲਈ ਜਾਂ ਤਾਂ ਹਰ ਸਿਮਰਤ ਅਸਤੀਫਾ ਦੇਵੇ ਜਾਂ ਫਿਰ ਲੰਗਰ 'ਤੇ ਜੀ. ਐੱਸ. ਟੀ. ਦਾ ਫੈਸਲਾ ਵਾਪਸ ਕਰਵਾਏ ਤੇ ਦਿਆਲ ਸਿੰਘ ਕਾਲਜ ਦਾ ਨਾਂ ਬਦਲਾਉਣ ਤੋਂ ਰੋਕੇ।


Related News