ਘੁਬਾਇਆ ਵਲੋਂ ਗੋਦ ਲਿਆ ਪਿੰਡ ਢੰਡੀ ਕਦੀਮ ਮੁੱਢਲੀਆਂ ਸਹੂਲਤਾਂ ਤੋਂ ਸੱਖਣਾ
Thursday, Mar 28, 2019 - 04:40 PM (IST)

ਜਲਾਲਾਬਾਦ (ਟਿੰਕੂ ਨਿਖੰਜ, ਬੰਟੀ ਦਹੂਜਾ) - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਦਰਸ਼ ਗ੍ਰਾਮ ਯੋਜਨਾ ਦੇ ਤਹਿਤ ਪਿੰਡ ਨੂੰ ਸ਼ਹਿਰਾਂ ਵਰਗਾ ਸੁੰਦਰ ਬਣਾਉਣ ਲਈ ਗੋਦ ਲੈਣ ਲਈ ਕਿਹਾ ਸੀ, ਜਿਸ ਸਦਕਾ ਲੋਕ ਸਭਾ ਹਲਕਾ ਫਿਰੋਜ਼ਪੁਰ ਦੇ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਨੂੰ ਭਾਰਤ-ਪਾਕਿ ਦੀ ਸਰਹੱਦ 'ਤੇ ਵੱਸਦਾ ਪਿੰਡ ਢੰਡੀ ਕਦੀਮ ਦਿੱਤਾ ਗਿਆ। ਇਸ ਪਿੰਡ 'ਚ 1900 ਦੇ ਕਰੀਬ ਵੋਟ ਹੈ, ਜਿਸ ਦੀ ਆਬਾਦੀ 4 ਹਜ਼ਾਰ ਦੇ ਕਰੀਬ ਹੈ। ਇਸ ਪਿੰਡ ਦੀ ਜ਼ਮੀਨ ਦਾ ਰਕਬਾ ਤਕਰੀਬਨ 3 ਹਜ਼ਾਰ ਪ੍ਰਤੀ ਹੈਕਟੇਅਰ ਹੈ। ਇਹ ਸਾਰਾ ਪਿੰਡ ਰਾਏ ਸਿੱਖ ਬਰਾਦਰੀ ਨਾਲ ਸਬੰਧ ਰੱਖਦਾ ਹੈ ਅਤੇ ਪ੍ਰਾਪਤ ਜਾਣਕਾਰੀ ਅਨੁਸਾਰ ਸ਼ੇਰ ਸਿੰਘ ਘੁਬਾਇਆ ਰਾਏ ਸਿੱਖ ਬਰਾਦਰੀ ਨਾਲ ਸਬੰਧ ਰੱਖਦੇ ਹਨ।
ਫਿਰੋਜ਼ਪੁਰ ਲੋਕ ਸਭਾ ਹਲਕੇ ਦਾ ਪਿੰਡ ਢੰਡੀ ਕਦੀਮ, ਵਿਧਾਨ ਸਭਾ ਹਲਕਾ ਜਲਾਲਾਬਾਦ 'ਚ ਪੈਂਦਾ ਹੈ, ਜੋ ਪਿਛਲੀ ਸਰਕਾਰ ਦੇ ਕਾਰਜਕਾਲ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਹਲਕੇ ਦਾ ਮੋਹਰੀ ਪਿੰਡ ਸੀ। ਸ਼ੇਰ ਸਿੰਘ ਘੁਬਾਇਆ ਨੇ ਜਿੱਥੇ ਇਸ ਪਿੰਡ ਨੂੰ ਗੋਦ ਲੈ ਕੇ ਆਦਰਸ਼ ਗ੍ਰਾਮ ਯੋਜਨਾ ਦੇ ਤਹਿਤ ਸੁੰਦਰ ਬਣਾਉਂਣ ਦਾ ਪ੍ਰਣ ਲਿਆ ਸੀ, ਉਥੇ ਸੁਖਬੀਰ ਸਿੰਘ ਬਾਦਲ ਨੇ ਇਸ ਪਿੰਡ ਨੂੰ ਦਿਲ ਖੋਲ੍ਹ ਕੇ ਗ੍ਰਾਂਟ ਰਾਸ਼ੀ ਦੇ ਗੱਫੇ ਦਿੱਤੇ ਸਨ। ਇਸ ਪਿੰਡ 'ਚ ਸੀਨੀਅਰ ਸੈਕੰਡਰੀ ਸਕੂਲ, ਆਰ.ਓ. ਸਿਸਟਮ, ਸੇਵਾ ਕੇਂਦਰ, ਸਕਿੱਲ ਸੈਂਟਰ ਤੋਂ ਇਲਾਵਾ ਪਿੰਡ ਦੀਆਂ ਕੰਕਰੀਟ ਨਾਲ ਤਿਆਰ ਗਲੀਆਂ ਨਾਲੀਆਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਨਿਰਮਾਣ ਹੋਇਆ ਸੀ ਪਰ ਪਿੰਡ ਵਾਸੀਆਂ ਅਨੁਸਾਰ 2014 'ਚ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਵਲੋਂ ਸਿਰਫ ਕਰੋੜਾਂ ਦੀ ਥਾਂ ਲੱਖਾਂ ਰੁਪਏ ਦੀ ਰਾਸ਼ੀ ਹੀ ਖਰਚ ਹੋਈ ਅਤੇ ਜਿਸ ਦੇ ਨਾਲ 2 ਆਂਗਣਵਾੜੀ ਸੈਂਟਰ ਅਤੇ ਇਕ ਸਕਿੱਲ ਸੈਂਟਰ ਹੀ ਬਣਾਇਆ ਗਿਆ ਹੈ। ਇਸ ਪਿੰਡ ਦੇ ਵਾਸੀ ਸ਼ੇਰ ਸਿੰਘ ਘੁਬਾਇਆ ਵਲੋਂ ਖਰਚ ਕੀਤੀ ਗਈ ਰਾਸ਼ੀ ਤੋਂ ਖੁਸ਼ ਨਜ਼ਰ ਨਹੀਂ ਆ ਰਹੇ ਹਨ ਅਤੇ ਲੋਕ ਬਾਦਲ ਸਰਕਾਰ ਵਲੋਂ ਕੀਤੇ ਗਏ ਕੰਮਾਂ ਦੀ ਸ਼ਲਾਘਾ ਕਰ ਰਹੇ ਹਨ। ਇਸ ਪਿੰਡ ਨੂੰ ਇਕ ਵਿਧਾਇਕ ਅਤੇ ਸੰਸਦ ਮੈਂਬਰ ਵਲੋਂ ਪੈਸਾ ਦੇਣ ਦੇ ਬਾਵਜੂਦ ਇਸ ਪਿੰਡ ਦੇ ਲੋਕ ਅੱਜ ਵੀ ਕਈ ਮੁਢੱਲੀਆਂ ਸਹੂਲਤਾਂ ਤੋਂ ਵਾਂਝੇ ਹਨ।
ਪਿੰਡ ਦੀਆਂ ਸਮੱਸਿਆਵਾਂ
ਇਸ ਪਿੰਡ ਦਾ ਆਰ.ਓ. ਸਿਸਟਮ ਬੰਦ, ਸੇਵਾ ਕੇਂਦਰ ਬੰਦ, ਸਟਰੀਟ ਲਾਈਟਾਂ ਦਾ ਨਾ ਹੋਣਾ, ਸਿਹਤ ਸਹੂਲਤਾਂ ਤੋਂ ਵਾਂਝਾ ਪਿੰਡ ਢੰਡੀ ਕਦੀਮ, ਬੈਂਕ ਤੋਂ ਸੱਖਣਾ, ਪਿੰਡ ਦੇ ਪਾਣੀ ਦੀ ਨਿਕਾਸੀ ਨਾ ਹੋਣਾ, ਨੌਜਵਾਨਾਂ ਲਈ ਖੇਡ ਸਟੇਡੀਅਮ ਦਾ ਪ੍ਰਬੰਧ ਨਾ ਹੋਣਾ ਸ਼ੇਰ ਸਿੰਘ ਘੁਬਾਇਆ 'ਤੇ ਕਈ ਪ੍ਰਕਾਰ ਦੇ ਸਵਾਲੀਆਂ ਨਿਸ਼ਾਨ ਲਾਉਂਦੇ ਹਨ।
ਕੀ ਕਹਿਣਾ ਹੈ ਸ਼ੇਰ ਸਿੰਘ ਘੁਬਾਇਆ ਦਾ
ਉਨ੍ਹਾਂ ਕਿਹਾ ਕਿ ਜਿਹੜੇ ਕੇਂਦਰ ਸਰਕਾਰ ਵਲੋਂ ਮੈਨੂੰ ਫੰਡ ਮਿਲਦੇ ਸੀ, ਉਨ੍ਹਾਂ 'ਚੋਂ ਸਪੈਸ਼ਲ ਇਸ ਪਿੰਡ ਲਈ ਫੰਡ ਨਹੀਂ ਮਿਲਦਾ ਸੀ। ਜਿੰਨਾ ਵੀ ਕੇਂਦਰ ਸਰਕਾਰ ਵਲੋਂ ਸਾਰੇ ਜ਼ਿਲੇ ਲਈ ਫੰਡ ਮਿਲਦਾ ਸੀ, ਉਸ ਮੁਤਾਬਕ ਪਿੰਡ ਢੰਡੀ ਕਦੀਮ 'ਚ ਫੰਡ ਲਾਇਆ ਜਾਂਦਾ ਸੀ। ਉਨ੍ਹਾਂ ਕਿਹਾ ਕਿ ਉਸ ਸਮੇਂ ਦੀ ਅਕਾਲੀ ਸਰਕਾਰ ਤੇ ਜਲਾਲਾਬਾਦ ਦੇ ਵਿਧਾਇਕ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਵਲੋਂ ਮੈਨੂੰ ਇਸ ਪਿੰਡ ਲਈ ਸਹੀ ਤਰ੍ਹਾਂ ਕੰਮ ਨਹੀ ਕਰਨ ਦਿੱਤੇ ਗਏ, ਜਿਸ ਕਰਕੇ ਇਸ ਪਿੰਡ ਦਾ ਜਿਹੜਾ ਕੋਈ ਵੀ ਕੰਮ ਅਧੂਰਾ ਰਹਿ ਗਿਆ ਹੈ, ਨੂੰ ਆਉਣ ਵਾਲੇ ਸਮੇਂ 'ਚ ਕਰ ਦਿੱਤਾ ਜਾਵੇਗਾ।
ਸੁਖਬੀਰ ਸਿੰਘ ਬਾਦਲ ਦੇ ਓ. ਐੱਸ. ਡੀ. ਸਤਿੰਦਰਜੀਤ ਸਿੰਘ ਮੰਟਾ ਅਨੁਸਾਰ
ਜਲਾਲਾਬਾਦ ਦੇ ਵਿਧਾਇਕ ਸੁਖਬੀਰ ਸਿੰਘ ਬਾਦਲ ਦੇ ਓ.ਐੱਸ.ਡੀ. ਅਤੇ ਹਲਕਾ ਇੰਚਾਰਜ ਰਹੇ ਸਤਿੰਦਰਜੀਤ ਸਿੰਘ ਮੰਟਾ ਨੇ ਕਿਹਾ ਕਿ ਸ਼ੇਰ ਸਿੰਘ ਘੁਬਾਇਆ ਝੂਠ ਬੋਲ ਰਹੇ ਹਨ। ਅਸੀਂ ਤਾਂ ਆਪਣੇ ਫੰਡਾਂ 'ਚੋਂ ਇਨ੍ਹਾਂ ਪਿੰਡਾਂ 'ਤੇ ਕਰੋੜਾਂ ਰੁਪਏ ਖਰਚ ਕਰਕੇ ਨੁਹਾਰ ਬਦਲੀ ਹੈ, ਜੇਕਰ ਸਾਡੀ ਦੁਬਾਰਾ ਸਰਕਾਰ ਆਉਂਦੀ ਤਾਂ ਰਹਿੰਦੇ ਕੰਮ ਪੂਰੇ ਕਰ ਦੇਣੇ ਸੀ।