ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਚਿਖ਼ਾ ਦੇ ਨਾਲ ਹੀ ਸੜ ਗਈ ਪੰਜਾਬ ਦੀ ਕਿਸਮਤ
Tuesday, Jun 29, 2021 - 09:31 AM (IST)
ਨਾਨਕਸ਼ਾਹੀ ਕੈਲੰਡਰ ਮੁਤਾਬਿਕ ਅੱਜ ਦਾ ਦਿਨ ਸਿੱਖ ਜਗਤ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਵਜੋਂ ਮਨਾਇਆ ਜਾ ਰਿਹੈ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੂਨ 1839 ਨੂੰ ਇਸ ਦੁਨੀਆਂ ਨੂੰ ਸਰੀਰਕ ਤੌਰ ‘ਤੇ ਅਲਵਿਦਾ ਆਖ ਗਏ ਸਨ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਉਨਾਂ ਦੀ ਚਿਖ਼ਾ ਹੀ ਨਹੀਂ ਸੜੀ ਸਗੋਂ ਪੰਜਾਬੀਆਂ ਦੀ ਖੁਸ਼ਕਿਸਮਤੀ ਵੀ ਨਾਲ ਹੀ ਸੜ ਗਈ। ਇਕ ਕਵੀ ਨੇ ਉਸ ਸਮੇਂ ਦੇ ਹਾਲਾਤ ਨੂੰ ਇੰਝ ਬਿਆਨ ਕੀਤਾ ਹੈ..
ਮੋਇਆ ਜਦੋਂ ਪੰਜਾਬ ਦਾ ਮਹਾਰਾਜਾ
ਮੋਈ ਬੀਰਤਾ ਬੀਰ ਪੰਜਾਬੀਆਂ ਦੀ
ਜਿਹਦੇ ਨਾਂ 'ਤੇ ਵੈਰੀ ਕੰਬਦੇ ਸੀ
ਟੁੱਟ ਗਈ ਸ਼ਮਸ਼ੀਰ ਪੰਜਾਬੀਆਂ ਦੀ
ਉਹਦੇ ਰੰਗ ਮਹੱਲ ਵਿੱਚ ਲਹੂ ਡੁੱਲਾ
ਲਿੱਬੜ ਗਈ ਤਸਵੀਰ ਪੰਜਾਬੀਆਂ ਦੀ
ਕਿਹਨੂੰ ਦਸੀਏ ਦੁਪਹਿਰ ਵੇਲੇ
ਲੁੱਟੀ ਗਈ ਹੀਰ ਪੰਜਾਬੀਆਂ ਦੀ
ਕੱਲਾ ਸ਼ੇਰ ਨਹੀ ਚਿਖਾ ਵਿੱਚ ਸੜਿਆ
ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ ।
ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਨਮ 13 ਨਵੰਬਰ 1780 ਈ. ਨੂੰ ਗੁਜਰਾਂਵਾਲਾ ਵਿਖੇ ਹੋਇਆ। ਪਿਤਾ ਦਾ ਨਾਂ ਸਰਦਾਰ ਮਹਾਂ ਸਿੰਘ ਤੇ ਮਾਤਾ ਦਾ ਨਾਂ ਮਾਈ ਰਾਜ ਕੌਰ ਸੀ। ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਮਹਾਂ ਸਿੰਘ ਸ਼ੁੱਕਰਚੱਕੀਆ ਮਿਸਲ ਦੇ ਜੱਥੇਦਾਰ ਸਨ ਅਤੇ ਉਨ੍ਹਾਂ ਦਾ ਇਲਾਕਾ ਅੱਜ ਦੇ ਲਹਿੰਦੇ ਪੰਜਾਬ ਦੇ ਗੁੱਜਰਾਂਵਾਲੇ ਦੇ ਦੁਆਲੇ ਸੀ। ਪਿਤਾ ਮਹਾਂ ਸਿੰਘ ਨੇ ਆਪਣੇ ਪੁੱਤਰ ਰਣਜੀਤ ਸਿੰਘ ਨੂੰ ਬਚਪਨ ‘ਚ ਹੀ ਧਰਮ ਤੇ ਸ਼ਸਤਰ ਵਿੱਦਿਆ ਵਿੱਚ ਨਿਪੁੰਨ ਕਰ ਦਿੱਤਾ। ਮਹਾਰਾਜਾ ਰਣਜੀਤ ਦੇ ਚਿਹਰੇ ਉਪਰ ਚੇਚਕ ਦੇ ਦਾਗ ਸਨ ਤੇ ਉਹ ਇੱਕ ਅੱਖ ਤੋਂ ਲਾਵੇਂ ਸਨ । ਇਸ ਦੇ ਬਾਵਜੂਦ ਉਨ੍ਹਾਂ ਦੇ ਚਿਹਰੇ ਦਾ ਜਲਾਲ ਇੰਨਾ ਤੇਜ਼ ਸੀ ਕਿ ਉਨ੍ਹਾਂ ਅੱਗੇ ਅੱਖ ਚੁੱਕਣ ਦੀ ਕਿਸੇ ਦੀ ਹਿੰਮਤ ਨਹੀਂ ਸੀ ਪੈਂਦੀ। ਉਹ ਐਸੇ ਘੋੜਸਵਾਰ ਸਨ ਕਿ ਸਾਰਾ ਦਿਨ ਘੋੜੇ ਦੀ ਸਵਾਰੀ ਕਰਕੇ ਵੀ ਨਹੀਂ ਸਨ ਥੱਕਦੇ। ਜਦੋਂ ਉਨਾਂ ਨੇ ਸਰਦਾਰ ਹਰੀ ਸਿੰਘ ਨਲੂਏ ਦੀ ਸ਼ਹੀਦੀ ਦੀ ਖ਼ਬਰ ਸੁਣੀ ਤਾਂ ਪਿਸ਼ਾਵਰ ਵੱਲ ਚੱਲ ਪਏ ਤੇ ਘੋੜੇ ‘ਤੇ ਸਵਾਰ ਹੋ ਕੇ ਲਾਹੌਰ ਤੋਂ ਜਿਹਲਮ ਤੱਕ ਦਾ 102 ਮੀਲ ਦਾ ਸਫ਼ਰ ਇੱਕ ਦਿਨ ‘ਚ ਤੈਅ ਕਰ ਲਿਆ। ਮਹਾਰਾਜਾ ਰਣਜੀਤ ਸਿੰਘ ਦਲੇਰ ਇੰਨੇ ਸਨ ਕਿ ਦਰਿਆ ਅਟਕ ਵੀ ਉਨ੍ਹਾਂ ਨੂੰ ਅਟਕਾ ਨਾ ਸਕਿਆ ਤੇ ਜਿਸ ਪਾਸੇ ਉਨ੍ਹਾਂ ਮੂੰਹ ਕੀਤਾ ਫਤਹਿ ਪ੍ਰਾਪਤ ਕੀਤੀ।
ਮਹਾਰਾਜਾ ਰਣਜੀਤ ਸਿੰਘ ਛੋਟੀ ਉਮਰ ਤੋਂ ਹੀ ਆਪਣੇ ਪਿਤਾ ਨਾਲ ਜੰਗਾਂ ‘ਚ ਹਿੱਸਾ ਲੈਣ ਲੱਗੇ। ਇੱਕ ਯੁੱਧ ਸਮੇਂ ਅਚਾਨਕ ਪਿਤਾ ਦੇ ਬਿਮਾਰ ਹੋਣ ‘ਤੇ ਰਣਜੀਤ ਸਿੰਘ ਨੇ ਫ਼ੌਜ ਦੀ ਕਮਾਨ ਸੰਭਾਲ ਲਈ ਤੇ ਜੰਗ ਜਿੱਤ ਕੇ ਵਾਪਸ ਮੁੜੇ । 18 ਸਾਲ ਦੀ ਉਮਰ ‘ਚ ਰਣਜੀਤ ਸਿੰਘ ਨੇ ਸ਼ੁਕਰਚੱਕੀਆ ਮਿਸਲ ਦਾ ਸਾਰਾ ਕੰਮ ਆਪਣੇ ਹੱਥ ‘ਚ ਲਿਆ। ਉਨ੍ਹਾਂ ਨੇ ਸਿੱਖਾਂ ਦੀਆਂ 12 ਮਿਸਲਾਂ ਨੂੰ ਇੱਕ ਕਰਕੇ ਸੁਤੰਤਰ ਸਿੱਖ ਰਾਜ ਸਥਾਪਿਤ ਕੀਤਾ। ਉਨ੍ਹਾਂ ਦੀ ਸਿਆਣਪ ਤੇ ਦਲੇਰੀ ਅੱਗੇ ਕੋਈ ਅੜ ਨਾ ਸਕਿਆ । ਮਹਾਰਾਜਾ ਰਣਜੀਤ ਸਿੰਘ ਦੀ ਤਰੱਕੀ ‘ਚ ਉਨ੍ਹਾਂ ਦੀ ਸੱਸ ਰਾਣੀ ਸਦਾ ਕੌਰ ਨੇ ਵੱਡੀ ਮਦਦ ਕੀਤੀ ।
ਇਹ ਵੀ ਪੜ੍ਹੋ : 'ਆਪ' 'ਚ ਸ਼ਾਮਿਲ ਹੋਏ ਕੁੰਵਰ ਵਿਜੇ ਪ੍ਰਤਾਪ, ਕੀ ਬਦਲਣਗੇ ਪੰਜਾਬ ਦੀ ਸਿਆਸਤ ਦੇ ਸਮੀਕਰਣ? ਪੜ੍ਹੋ ਖ਼ਾਸ ਰਿਪੋਰਟ
ਮਹਾਰਾਜਾ ਰਣਜੀਤ ਸਿੰਘ ਇੰਨੇ ਦਲੇਰ ਸਨ ਕਿ ਉਨ੍ਹਾਂ ਨੇ ਲਾਹੌਰ ਦੇ ਕਿਲ੍ਹੇ ਵਿੱਚ ਬੈਠੇ ਸ਼ਾਹ ਜ਼ਮਾਨ ਨੂੰ ਲਲਕਾਰਾ ਮਾਰ ਕੇ ਆਖਿਆ ਸੀ ਕਿ “ਅਹਿਮਦ ਸ਼ਾਹ ਦਿਆ ਪੋਤਰਿਆ, ਸਰਦਾਰ ਚੜਤ ਸਿੰਘ ਦਾ ਪੋਤਰਾ ਤੈਨੂੰ ਮਿਲਣ ਆਇਆ ਈ, ਆ ਨਿਕਲ ਜੇ ਤੇਰੇ ਵਿੱਚ ਹਿੰਮਤ ਹੈ” ਪਰ ਅਬਦਾਲੀ ਦੇ ਪੋਤਰੇ ਦੀ ਹਿੰਮਤ ਨਾ ਪਈ ।
ਸੰਨ 1801 ਦੀ ਵਿਸਾਖੀ ਦੇ ਦਿਨ ਲਾਹੌਰ ਦੇ ਕਿਲ੍ਹੇ ‘ਚ ਦਰਬਾਰ ਲਗਾ ਕੇ ਅਰਦਾਸਾ ਸੋਧ ਕੇ ਰਣਜੀਤ ਸਿੰਘ ਸ਼ਾਹੀ ਤਖਤ ‘ਤੇ ਬੈਠਾ। ਬਾਬਾ ਸਾਹਿਬ ਸਿੰਘ ਬੇਦੀ ਨੇ ਉਨ੍ਹਾਂ ਨੂੰ ਰਾਜ ਤਿਲਕ ਦਿੱਤਾ ਤੇ ਸਭ ਦੀ ਮਰਜ਼ੀ ਨਾਲ ਮਹਾਰਾਜਾ ਦੀ ਪਦਵੀ ਦਿੱਤੀ ਗਈ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਨਾਂ ਦੀ ਥਾਂ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਦੇ ਨਾਂ ਦੇ ਸਿੱਕੇ ਚਲਾਏ। ਉਸ ਦੇ ਰਾਜ ਦੀਆਂ ਹੱਦਾਂ ਦੂਰ ਦੂਰ ਤੱਕ ਸਨ ਤੇ ਮੁਸਲਮਾਨ ਅਤੇ ਹਿੰਦੂ ਕਈ ਵੱਡੇ ਅਹੁਦਿਆਂ ਉੱਤੇ ਸਨ ਅਤੇ ਸਭ ਨੂੰ ਬਰਾਬਰ ਦੇ ਹੱਕ ਹਾਸਲ ਸਨ।
ਇਹ ਵੀ ਪੜ੍ਹੋ : ਕਿਸਾਨੀ ਘੋਲ ਦੇ 7 ਮਹੀਨੇ ਪੂਰੇ, ਕੀ ਹੋਵੇਗਾ ਅੰਦੋਲਨ ਦਾ ਭਵਿੱਖ ? ਪੜ੍ਹੋ ਇਹ ਖ਼ਾਸ ਰਿਪੋਰਟ
1839 ਈ. ਦੇ ਮਈ ਮਹੀਨੇ 'ਚ ਮਹਾਰਾਜਾ ਰਣਜੀਤ ਸਿੰਘ ਦੇ ਸਰੀਰ 'ਤੇ ਅਧਰੰਗ ਦਾ ਸਖਤ ਹੱਲਾ ਹੋਇਆ। ਲਾਹੌਰ, ਅੰਮ੍ਰਿਤਸਰ ਦੇ ਪ੍ਰਸਿੱਧ ਹਕੀਮ ਬੁਲਾਏ ਗਏ , ਅੰਗਰੇਜ਼ ਸਰਕਾਰ ਨੇ ਵੀ ਡਾਕਟਰ ਭੇਜਿਆ, ਪਰ ਰੋਗ ਠੀਕ ਨਾ ਹੋ ਸਕਿਆ। ਆਪਣਾ ਅੰਤ ਸਮਾਂ ਨੇੜੇ ਜਾਣ ਕੇ ਸਭ ਨਿਕਟਵਰਤੀਆਂ ਨੂੰ ਬੁਲਾ ਕੇ ਹਜ਼ੂਰੀ ਬਾਗ ‘ਚ ਅੰਤਮ ਦਰਬਾਰ ਲੱਗਿਆ । ਮਹਾਰਾਜਾ ਰਣਜੀਤ ਸਿੰਘ ਬੀਮਾਰੀ ਦੀ ਹਾਲਤ 'ਚ ਪਾਲਕੀ 'ਤੇ ਸਵਾਰ ਹੋ ਕੇ ਦਰਬਾਰ 'ਚ ਪਹੁੰਚੇ ਤੇ ਖੜਕ ਸਿੰਘ ਨੂੰ ਉਤਰਾਧਿਕਾਰੀ ਨਿਯੁਕਤ ਕੀਤਾ। ਇਸ ਤੋਂ ਬਾਅਦ ਬਿਮਾਰੀ ਜ਼ੋਰ ਫੜ੍ਹਦੀ ਗਈ ਤੇ 27 ਜੂਨ 1839 ਨੂੰ ਮਹਾਰਾਜਾ ਰਣਜੀਤ ਸਿੰਘ ਇਸ ਦੁਨੀਆਂ ਤੋਂ ਰੁਸਖਤ ਹੋ ਗਏ। ਅਗਲੇ ਦਿਨ ਗੁਰਦੁਆਰਾ ਡੇਹਰਾ ਸਾਹਿਬ ਦੇ ਕੋਲ ਪੰਜਾਬ ਦੇ ਸ਼ੇਰ ਮਹਾਰਾਜਾ ਰਣਜੀਤ ਸਿੰਘ ਦਾ ਅੰਤਮ ਸੰਸਕਾਰ ਕੀਤਾ ਗਿਆ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਮਾਨੋ ਪੰਜਾਬ ਯਤੀਮ ਹੋ ਕੇ ਰਹਿ ਗਿਆ ਕਿ ਤੇ ਉਨ੍ਹਾਂ ਦੀ ਮੌਤ ਤੋਂ ਬਾਅਦ ਡੋਗਰਿਆਂ ਦੀ ਗੱਦਾਰੀ ਕਾਰਨ ਰਾਜ ਖਿੰਡਣਾ ਸ਼ੁਰੂ ਹੋ ਗਿਆ। ਅਖੀਰ 1849 ਈ. 'ਚ ਬਰਤਾਨੀਆ ਨੇ ਪੰਜਾਬ ’ਤੇ ਕਬਜ਼ਾ ਕਰ ਲਿਆ।
ਨੋਟ: ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ ?ਕੁਮੈਂਟ ਕਰਕੇ ਦੱਸੋ