ਸੜਕ 'ਤੇ ਭਿੜੇ ਕਿੰਨਰ, ਚੱਲੇ ਘਸੁੰਨ ਮੁੱਕੇ
Wednesday, Feb 19, 2020 - 05:59 PM (IST)

ਪਟਿਆਲਾ (ਇੰਦਰਜੀਤ ਬਕਸ਼ੀ) : ਪਟਿਆਲਾ ਦੇ ਆਨੰਦ ਨਗਰ ਵਿਚ ਕਿੰਨਰਾਂ ਦੇ ਦੋ ਗਰੁੱਪ ਆਪਸ ਵਿਚ ਭਿੜ ਪਏ। ਇਸ ਘਮਾਸਾਨ ਵਿਚ ਚਾਰ ਕਿੰਨਰ ਜ਼ਖਮੀ ਹੋ ਗਏ। ਕਿੰਨਰਾਂ ਦੇ ਇਕ ਗਰੁੱਪ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਨਕਲੀ ਕਿੰਨਰ ਵਧਾਈਆਂ ਇਕੱਠੀਆਂ ਕਰਦੇ ਆ ਰਹੇ ਹਨ, ਜਿਸ ਤੋਂ ਰੋਕਣ 'ਤੇ ਨਕਲੀ ਕਿੰਨਰ ਨੇ ਉਨ੍ਹਾਂ 'ਤੇ ਜਾਨਲੇਵਾ ਹਮਲਾ ਕਰ ਦਿੱਤਾ। ਪਹਿਲਾਂ ਵੀ ਨਕਲੀ ਕਿੰਨਰਾਂ ਵਲੋਂ ਉਨ੍ਹਾਂ 'ਤੇ ਹਮਲੇ ਕੀਤੇ ਜਾ ਚੁੱਕੇ ਹਨ। ਇਸ ਵਾਰ ਜਦੋਂ ਉਹ ਅਨੰਦ ਨਗਰ ਵਿਚ ਵਧਾਈ ਲੈਣ ਪਹੁੰਚੇ ਤਾਂ ਉੱਥੇ ਉਨ੍ਹਾਂ ਉੱਪਰ ਨਕਲੀ ਕਿੰਨਰਾਂ ਨੇ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਉਹ ਜ਼ਖਮੀ ਹੋਏ ਅਤੇ ਹੁਣ ਆਪਣੇ ਇਲਾਜ ਲਈ ਰਜਿੰਦਰਾ ਹਸਪਤਾਲ ਪਹੁੰਚੇ।
ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਨਕਲੀ ਕਿੰਨਰਾਂ 'ਤੇ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਇਨ੍ਹਾਂ ਨਕਲੀ ਕਿੰਨਰਾਂ 'ਤੇ ਮਾਮਲੇ ਦਰਜ ਕੀਤੇ ਗਏ ਸਨ ਪਰ ਕੋਈ ਸਖ਼ਤ ਕਾਰਵਾਈ ਨਾ ਹੋਣ ਕਾਰਨ ਇਹ ਨਹੀਂ ਸੁਧਰੇ ਅਤੇ ਜਾਣ ਬੁੱਝ ਕੇ ਇਨ੍ਹਾਂ ਵਲੋਂ ਮਾਹੌਲ ਖ਼ਰਾਬ ਕੀਤਾ ਜਾ ਰਿਹਾ ਹੈ।