ਉੱਤਰੀ ਭਾਰਤ ’ਚ ਗੂੰਜਦੀ ਰਹੇਗੀ ਸ਼ਹਿਨਾਈ, ਸਤੰਬਰ ਤੱਕ ਵਿਆਹਾਂ ਦੇ 55 ਮਹੂਰਤ

Wednesday, Jun 22, 2022 - 01:14 PM (IST)

ਜਲੰਧਰ (ਨਰੇਸ਼ ਕੁਮਾਰ)-ਚਤੁਰਮਾਸ ਦੌਰਾਨ ਵਿਆਹ ਦੇ ਮਹੂਰਤ ਨੂੰ ਲੈ ਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਵੱਖ-ਵੱਖ ਪਰੰਪਰਾ ਕਾਰਨ ਵਿਆਹ ਦੇ ਮਹੂਰਤਾਂ ਨੂੰ ਲੈ ਕੇ ਭਰਮ ਵਾਲੀ ਸਥਿਤੀ ਬਣੀ ਹੋਈ ਹੈ। ਜੋਤਿਸ਼ ਦੇ ਕੁਝ ਜਾਣਕਾਰ 10 ਜੁਲਾਈ ਤੋਂ ਬਾਅਦ ਹਾੜ੍ਹ ਮਹੀਨੇ ਦੀ ਸ਼ੁਕਲ ਪੱਖ ਇਕਾਦਸ਼ੀ ਤੋਂ ਲੈ ਕੇ ਕਾਰਤਿਕ ਮਹੀਨੇ ਦੀ ਸ਼ੁਕਲ ਪੱਖ ਇਕਾਦਸ਼ੀ ਤੱਕ ਦੇ ਚਾਰ ਮਹੀਨਿਆਂ ’ਚ ਸ਼ੁੱਭ ਵਿਆਹ ਮਹੂਰਤ ਨਾ ਹੋਣ ਦੀ ਗੱਲ ਕਹਿ ਰਹੇ ਹਨ, ਜਿਸ ਕਾਰਨ ਵਿਆਹ ਯੋਗ ਔਲਾਦਾਂ ਦੇ ਮਾਤਾ-ਪਿਤਾ ਦੇ ਨਾਲ-ਨਾਲ ਕਾਰੋਬਾਰੀ ਵੀ ਪਰੇਸ਼ਾਨ ਹਨ। ਵਿਆਹਾਂ ਦੇ ਸੀਜ਼ਨ ਦੌਰਾਨ ਹੀ ਕੱਪੜਿਆਂ ਤੋਂ ਲੈ ਕੇ ਗਹਿਣਿਆਂ ਅਤੇ ਸਜਾਵਟ ਦਾ ਕਾਰੋਬਾਰ ਚਲਦਾ ਹੈ ਪਰ 10 ਜੁਲਾਈ ਤੋਂ ਬਾਅਦ ਅਗਲੇ 4 ਮਹੀਨਿਆਂ ਤੱਕ ਵਿਆਹ ਨਾ ਹੋਣ ਦੀ ਖ਼ਬਰ ਤੋਂ ਬਾਅਦ ਬਹੁਤ ਸਾਰੇ ਲੋਕ ਚਿੰਤਤ ਹਨ। ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਦਿੱਲੀ ’ਚ ਪਰੰਪਰਾ ਮੁਤਾਬਕ ਚਤੁਰਮਾਸ ’ਚ ਵੀ ਵਿਆਹ ਹੁੰਦੇ ਹਨ। ਦੇਸ਼ ਦੇ ਹੋਰ ਹਿੱਸਿਆਂ ’ਚ ਇਸ ਦੌਰਾਨ ਵਿਆਹ ਦੀ ਮਨਾਹੀ ਹੁੰਦੀ ਹੈ। ਮਹੂਰਤ ਚਿੰਤਾਮਣੀ ’ਚ ਵੀ ਸ਼ਾਸਤਰਾਂ ਤੋਂ ਜ਼ਿਆਦਾ ਮਹੱਤਵ ਸਥਾਨਕ ਪ੍ਰੰਪਰਾ ਨੂੰ ਦਿੱਤਾ ਗਿਆ ਹੈ। ਲਿਹਾਜ਼ਾ ਉੱਤਰ ਭਾਰਤ ਦੇ ਉਪਰੋਕਤ ਸੂਬਿਆਂ ’ਚ ਜੁਲਾਈ, ਅਗਸਤ ਅਤੇ ਸਤੰਬਰ ਦੇ ਮਹੀਨਿਆਂ ’ਚ ਵੀ ਵਿਆਹ ਦੇ ਸ਼ੁਭ ਮਹੂਰਤ ਰਹਿਣਗੇ।

ਇਸ ਦੌਰਾਨ 10 ਜੁਲਾਈ ਤੋਂ ਲੈ ਕੇ 27 ਸਤੰਬਰ ਤਕ ਵਿਆਹ ਦੇ ਕੁਲ 45 ਮਹੂਰਤ ਰਹਿਣਗੇ ਜਦਕਿ ਇਸ ਤੋਂ ਪਹਿਲਾਂ 3 ਤੋਂ 9 ਜੁਲਾਈ ਦੇ ਮੱਧ ’ਚ ਵੀ ਵਿਆਹ ਦੇ 10 ਮਹੂਰਤ ਹਨ। ਇਸ ਦਾ ਮਤਲਬ ਹੈ ਕਿ ਜੁਲਾਈ, ਅਗਸਤ ਅਤੇ ਸਤੰਬਰ ਦੇ 3 ਮਹੀਨਿਆਂ ’ਚ ਵਿਆਹਾਂ ਦੇ ਕੁਲ 55 ਮਹੂਰਤ ਰਹਿਣਗੇ। ਇਸ ਤੋਂ ਬਾਅਦ ਅਕਤੂਬਰ ਅਤੇ ਨਵੰਬਰ ’ਚ ਵਿਆਹ ਨਹੀਂ ਹੋਣਗੇ ਅਤੇ 2 ਦਸੰਬਰ ਤੋਂ ਵਿਆਹ ਸ਼ੁਰੂ ਹੋਣਗੇ।

ਇਹ ਵੀ ਪੜ੍ਹੋ: ਅਹਿਮ ਖ਼ਬਰ: ਭਲਕੇ 12 ਵਜੇ ਤੋਂ ਅਣਮਿੱਥੇ ਸਮੇਂ ਤੱਕ ਬੱਸਾਂ ਦਾ ਰਹੇਗਾ ਚੱਕਾ ਜਾਮ, ਜਾਣੋ ਵਜ੍ਹਾ

ਸ਼ੁੱਭ ਮਹੂਰਤ ਦੀਆਂ ਮਿਤੀਆਂ
ਜੁਲਾਈ 3, 4, 5, 6, 7, 8, 9, 14, 18, 19, 20, 21, 23, 24, 25, 30, 31
ਅਗਸਤ 1, 2, 3, 4, 5, 9, 10, 11, 14, 15, 19, 20, 21, 28, 29, 30, 31
ਸਤੰਬਰ 1, 4, 5, 6, 7, 8, 26, 27

10 ਜੁਲਾਈ ਤੋਂ ਸ਼ੁਰੂ ਹੋਵੇਗਾ ਚਤੁਰਮਾਸ
ਜੁਲਾਈ ਦੇ ਮਹੀਨੇ ’ਚ 10 ਤਰੀਕ ਨੂੰ ਸ਼ੁਕਲ ਪੱਖ ਦੀ ਹਰਿਸ਼ਯਨੀ ਇਕਾਦਸ਼ੀ ਹੈ । ਇਸ ਦਿਨ ਤੋਂ ਬਾਅਦ ਚਤੁਰਮਾਸ ਦੀ ਸ਼ੁਰੂਆਤ ਮੰਨੀ ਜਾਂਦੀ ਹੈ। ਇਸ ਤੋਂ ਬਾਅਦ 4 ਨਵੰਬਰ (ਦੇਵ ਪ੍ਰਬੋਧਿਨੀ ਇਕਾਦਸ਼ੀ) ਤੱਕ ਚਤੁਰਮਾਸ ਚੱਲੇਗਾ। ਇਨ੍ਹਾਂ ਚਾਰ ਮਹੀਨਿਆਂ ਦੌਰਾਨ ਸ਼੍ਰੀ ਹਰਿ-ਵਿਸ਼ਣੂ ਸ਼ਯਨ ਕਰਦੇ ਹਨ। ਲਿਹਾਜ਼ਾ ਬਾਕੀ ਭਾਰਤ ’ਚ ਇਸ ਦੌਰਾਨ ਵਿਆਹ ਵਰਗੇ ਸ਼ੁੱਭ ਕਾਰਜ ਨਹੀਂ ਕੀਤੇ ਜਾਂਦੇ। 8 ਜੁਲਾਈ ਨੂੰ ਅਭੁਜਾ ਮਹੂਰਤ ਭੜਲੀ ਨਵਮੀ ਨੂੰ ਵਿਆਹ ਦਾ ਚੰਗਾ ਮਹੂਰਤ ਹੈ । ਇਸੇ ਦਿਨ ਗੁਪਤ ਨਵਰਾਤਰੇ ਦੀ ਸਮਾਪਤੀ ਵੀ ਹੋਵੇਗੀ। ਇਸ ਦਿਨ ਵੱਡੀ ਗਿਣਤੀ ’ਚ ਵਿਆਹ ਹੁੰਦੇ ਹਨ।

ਇਹ ਵੀ ਪੜ੍ਹੋ: ਕੈਬਨਿਟ ਵੱਲੋਂ ਪਾਸ ਪੰਜਾਬ ਲੋਕ ਆਯੁਕਤ ਬਿੱਲ ਦੇ ਇਸ ਵਾਰ ਵੀ ਵਿਧਾਨ ਸਭਾ ’ਚ ਆਉਣ ਦੀ ਸੰਭਾਵਨਾ ਘੱਟ

1 ਅਕਤੂਬਰ ਨੂੰ ਅਸਤ ਹੋਣਗੇ ਸ਼ੁੱਕਰ, ਨਹੀਂ ਵੱਜੇਗੀ ਸ਼ਹਿਨਾਈ
ਜੋਤਿਸ਼ ’ਚ ਵਿਆਹ ਦੇ ਕਾਰਕ ਗ੍ਰਹਿ ਸ਼ੁੱਕਰ 1 ਅਕਤੂਬਰ ਨੂੰ ਅਸਤ ਹੋ ਜਾਣਗੇ ਅਤੇ 25 ਨਵੰਬਰ ਤੱਕ ਅਸਤ ਅਵਸਥਾ ’ਚ ਰਹਿਣਗੇ। ਇਸ ਤੋਂ ਬਾਅਦ ਉਦੇ ਹੋਣ ’ਤੇ ਵੀ 28 ਨਵੰਬਰ ਤੱਕ ਸ਼ੁੱਕਰ ਬਾਲਯਤਵ ਦੋਸ਼ ’ਚ ਰਹਿਣਗ। ਲਿਹਾਜ਼ਾ ਉਸ ਸਮੇਂ ਤੱਕ ਵਿਆਹ ਨਹੀਂ ਹੋਣਗੇ। ਇਸੇ ਦਰਮਿਆਨ 25 ਅਕਤੂਬਰ ਨੂੰ ਸੂਰਜ ਗ੍ਰਹਿਣ ਵੀ ਲੱਗੇਗ ਜੋ ਭਾਰਤ ’ਚ ਨਜ਼ਰ ਆਵੇਗਾ ਕਿਉਂਕਿ ਇਹ ਸੂਰਜ ਗ੍ਰਹਿਣ ਸਵਾਤੀ ਨਕਸ਼ੱਤਰ ’ਚ ਲੱਗ ਰਿਹਾ ਹੈ, ਇਸ ਲਈ 4 ਮਹੀਨੇ ਤੱਕ ਸਵਾਤੀ ਨਕਸ਼ੱਤਰ ’ਚ ਸ਼ੁੱਭ ਕਾਰਜ ਨਹੀਂ ਕੀਤੇ ਜਾ ਸਕਣਗੇ। ਇਸੇ ਦੌਰਾਨ 8 ਨਵੰਬਰ ਨੂੰ ਭਰਣੀ ਨਕਸ਼ੱਤਰ ’ਚ ਚੰਦਰ ਗ੍ਰਹਿਣ ਲੱਗੇਗਾ। ਇਹ ਗ੍ਰਹਿਣ ਵੀ ਸ਼ੁੱਕਰ ਦੇ ਅਸਤ ਹੋਣ ਦੌਰਾਨ ਹੀ ਲੱਗੇਗਾ, ਲਿਹਾਜ਼ਾ ਇਸ ਦਾ ਸ਼ੁੱਭ ਕਾਰਜਾਂ ’ਤੇ ਅਸਰ ਨਹੀਂ ਪਵੇਗਾ। 10 ਸਤੰਬਰ ਤੋਂ 25 ਸਤੰਬਰ ਦਰਮਿਆਨ ਸਰਾਧ ਹੋਣਗੇ। ਇਸ ਕਾਰਨ ਇਨ੍ਹਾਂ ਦਿਨਾਂ ’ਚ ਵੀ ਵਿਆਹਾਂ ਦੇ ਮਹੂਰਤ ਨਹੀਂ ਹਨ।

ਇਹ ਵੀ ਪੜ੍ਹੋ: ਜਲੰਧਰ-ਅੰਮ੍ਰਿਤਸਰ ਹਾਈਵੇਅ 'ਤੇ ਹਮੀਰਾ ਨੇੜੇ ਵਾਪਰਿਆ ਭਿਆਨਕ ਹਾਦਸਾ, ਇਕੋ ਪਰਿਵਾਰ ਦੇ 5 ਮੈਂਬਰਾਂ ਦੀ ਮੌਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News