ਸ਼ਹੀਦ ਪਰਿਵਾਰ ਫੰਡ ਸਮਾਰੋਹ ਦੌਰਾਨ 21 ਪਰਿਵਾਰਾਂ ਨੂੰ ਵੰਡੀ ਗਈ 13.57 ਲੱਖ ਦੀ ਮਦਦ ਰਾਸ਼ੀ

Saturday, Dec 19, 2020 - 06:18 PM (IST)

ਜਲੰਧਰ (ਸੁਨੀਲ ਧਵਨ)— ਜਨਰਲ ਆਫਿਸਰ ਕਮਾਂਡਿੰਗ (ਜੀ. ਓ. ਸੀ.) 91 ਸਬ ਏਰੀਆ ਜਲੰਧਰ ਕੈਂਟ ਦੇ ਮੇਜਰ ਜਨਰਲ ਆਰ. ਕੇ. ਸਿੰਘ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਸ਼ਹੀਦਾਂ ਦੀ ਅਨਦੇਖੀ ਅਤੇ ਉਨ੍ਹਾਂ ਨੂੰ ਭੁਲਾਉਣ ਵਾਲੇ ਸਮਾਜ ਦੇ ਖਿੰਡਣ ਦਾ ਖਦਸ਼ਾ ਹੈ। ਉਹ ਅੱਜ ਇੱਥੇ ਪੰਜਾਬ ਕੇਸਰੀ ਗਰੁੱਪ ਵੱਲੋਂ ਆਯੋਜਿਤ 117ਵੇਂ (10ਵਾਂ ਭਾਗ) ਸ਼ਹੀਦ ਪਰਿਵਾਰ ਫੰਡ ਸਮਾਰੋਹ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕਰ ਰਹੇ ਸਨ। ਸਮਾਰੋਹ ’ਚ ਅੱਤਵਾਦ ਤੋਂ ਪ੍ਰਭਾਵਿਤ 21 ਪਰਿਵਾਰਾਂ ’ਚ 13.57 ਲੱਖ ਰੁਪਏ ਦੀ ਵਿੱਤੀ ਸਹਾਇਤਾ ਵੰਡੀ ਕੀਤੀ ਗਈ। ਹਰ ਇਕ ਪੀੜਤ ਪਰਿਵਾਰ ਨੂੰ 64649 ਰੁਪਏ (ਵਿਆਜ ਸਮੇਤ) ਦੀ ਐੱਫ. ਡੀ. ਆਰ. ਦਿੱਤੀ ਗਈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਰਾਸ਼ਨ ਦੀ ਇਕ-ਇਕ ਕਿੱਟ, ਇਕ-ਇਕ ਕੰਬਲ, ਇਕ-ਇਕ ਪੱਖਾ ਅਤੇ ਹੋਰ ਜ਼ਰੂਰੀ ਸਾਮਾਨ ਵੀ ਦਿੱਤਾ ਗਿਆ। ਇਸ ਮੌਕੇ ਇਕ ਜ਼ਰੂਰਤਮੰਦ ਪਰਿਵਾਰ ਦੀ ਬੇਟੀ ਦੇ ਵਿਆਹ ਲਈ ਘਰੇਲੂ ਸਾਮਾਨ ਦਿੱਤਾ ਗਿਆ।

ਸ਼ਹੀਦਾਂ ਦੀ ਅਨਦੇਖੀ ਤੇ ਉਨ੍ਹਾਂ ਨੂੰ ਭੁਲਾਉਣ ਵਾਲਾ ਸਮਾਜ ਖਿੰਡ ਜਾਵੇਗਾ : ਮੇਜਰ ਜਨਰਲ ਆਰ. ਕੇ. ਸਿੰਘ
ਮੇਜਰ ਜਨਰਲ ਆਰ. ਕੇ. ਸਿੰਘ ਨੇ ਸ਼ਹੀਦ ਪਰਿਵਾਰਾਂ ਨੂੰ ਪ੍ਰਣਾਮ ਕਰਦਿਆਂ ਕਿਹਾ ਕਿ ਜੋ ਸਮਾਜ ਆਪਣੇ ਸ਼ਹੀਦਾਂ ਨਾਲ ਸੰਪਰਕ ਬਣਾਈ ਰੱਖਦਾ ਹੈ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਨਿਵਾਰਣ ਕਰਦਾ ਹੈ, ਉਹੀ ਸਮਾਜ ਜ਼ਿੰਦਾ ਰਹਿੰਦਾ ਹੈ ਪਰ ਜੋ ਸਮਾਜ ਆਪਣੇ ਸ਼ਹੀਦਾਂ ਨਾਲੋਂ ਸੰਪਰਕ ਤੋੜ ਦਿੰਦਾ ਹੈ, ਉਹ ਜ਼ਿਆਦਾ ਸਮੇਂ ਤੱਕ ਚੱਲ ਨਹੀਂ ਸਕਦਾ ਹੈ। ਇਸ ਲਈ ਸਮਾਜ ਨੂੰ ਚਾਹੀਦਾ ਹੈ ਕਿ ਉਹ ਆਪਣੇ ਸ਼ਹੀਦਾਂ ਦੇ ਨਾਲ ਲਗਾਤਾਰ ਸੰਪਰਕ ਬਣਾਈ ਰੱਖੇ।

ਇਹ ਵੀ ਪੜ੍ਹੋ: ਜੱਜ ਸਾਹਮਣੇ ਬੋਲਿਆ ਲਾੜਾ, 'ਕਿਡਨੈਪਰ ਨਹੀਂ ਹਾਂ, ਵਿਆਹ ਕੀਤਾ ਹੈ', ਮੈਡੀਕਲ ਕਰਵਾਉਣ 'ਤੇ ਲਾੜੀ ਦਾ ਖੁੱਲ੍ਹਿਆ ਭੇਤ
ਉਨ੍ਹਾਂ ਨੇ ਫੌਜ ਵੱਲੋਂ ਸ਼੍ਰੀ ਵਿਜੈ ਚੋਪੜਾ ਅਤੇ ਸ਼ਹੀਦ ਪਰਿਵਾਰ ਫੰਡ ਕਮੇਟੀ ਦੇ ਮੈਬਰਾਂ ਨੂੰ ਸ਼ਹੀਦ ਪਰਿਵਾਰਾਂ ਦਾ ਸਨਮਾਨ ਕਰਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਇਹ ਕੰਮ ਸਾਲਾਂ ਤੋਂ ਇਸ ਪਰਿਵਾਰ ਵਲੋਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਿਛਲੇ ਸਾਲ ਵੀ ਇਸ ਸਮਾਰੋਹ ’ਚ ਆਉਣ ਦਾ ਮੌਕਾ ਮਿਲਿਆ ਸੀ ਅਤੇ ਇਹ ਕੰਮ ਸਭ ਤੋਂ ਜ਼ਿਆਦਾ ਪੁੰਨ ਦਾ ਹੈ।
ਮੇਜਰ ਜਨਰਲ ਆਰ. ਕੇ. ਸਿੰਘ ਨੇ ਕਿਹਾ ਕਿ ਫੌਜ ਦਾ ਕੰਮ ਜੰਗ ਲੜਣ ਦਾ ਹੁੰਦਾ ਹੈ ਅਤੇ ਲੜਦੇ ਸਮੇਂ ਉਨ੍ਹਾਂ ਦੇ ਪੈਰ ਜਾਂ ਦਿਲ ਕਦੇ ਵੀ ਕੰਬਦਾ ਨਹੀਂ ਹੈ। ਪਰ ਜਦੋਂ ਅਸੀਂ ਸ਼ਹੀਦ ਪਰਿਵਾਰਾਂ ਨੂੰ ਮਿਲਣ ਜਾਂਦੇ ਹਾਂ ਤਾਂ ਉਸ ਸਮੇਂ ਸਾਡੇ ਪੈਰ ਅਤੇ ਦਿਲ ਜ਼ਰੂਰ ਕੰਬ ਜਾਂਦਾ ਹੈ। ਇਸ ਗੱਲ ਨੂੰ ਉਨ੍ਹਾਂ ਨੇ ਜੀਵਨ ’ਚ ਕਈ ਵਾਰ ਮਹਿਸੂਸ ਵੀ ਕੀਤਾ ਹੈ। ਸ਼ਹੀਦ ਪਰਿਵਾਰਾਂ ਨਾਲ ਆਹਮਣਾ-ਸਾਹਮਣਾ ਕਰਨਾ ਸੌਖਾ ਨਹੀਂ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਕਈ ਵਾਰ ਉਨ੍ਹਾਂ ਦੀ ਕੋਸ਼ਿਸ਼ ਰਹਿੰਦੀ ਹੈ ਕਿ ਉਹ ਇਨ੍ਹਾਂ ਪਰਿਵਾਰਾਂ ਨਾਲ ਆਹਮਣਾ-ਸਾਹਮਣਾ ਨਾ ਕਰੀਏ ਪਰ ਅਜਿਹਾ ਕਰਨ ’ਚ ਵੀ ਉਹ ਅਸਮਰੱਥ ਹੀ ਰਹਿੰਦੇ ਹਨ ਕਿਉਂਕਿ ਸ਼ਹੀਦ ਪਰਿਵਾਰਾਂ ਦੇ ਸਵਾਲਾਂ ਦੇ ਜਵਾਬ ਸਾਡੇ ਕੋਲ ਨਹੀਂ ਹੁੰਦੇ ਹਨ। ਇਸ ਲਈ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਸ਼ਹੀਦਾਂ ਦੀਆਂ ਸਮੱਸਿਆਵਾਂ ਦਾ ਲਗਾਤਾਰ ਹੱਲ ਹੁੰਦਾ ਰਹੇ ਅਤੇ ਸਮਾਜ ਵੀ ਉਨ੍ਹਾਂ ਦੇ ਨਾਲ ਲਗਾਤਾਰ ਸੰਪਰਕ ਬਣਾ ਕੇ ਰੱਖੇ।

ਇਹ ਵੀ ਪੜ੍ਹੋ: ਸਹੁਰੇ ਨੇ ਨਹਾਉਂਦੀ ਨੂੰਹ ਦੀਆਂ ਅਸ਼ਲੀਲ ਤਸਵੀਰਾਂ ਖਿੱਚ ਕੀਤੀਆਂ ਵਾਇਰਲ, NRI ਪਤੀ ਨੇ ਵੀ ਕੀਤਾ ਰੂਹ ਕੰਬਾਊ ਕਾਂਡ

PunjabKesari

ਅੱਤਵਾਦੀਆਂ ਤੇ ਵੱਖਵਾਦੀਆਂ ਨੇ ਹਿੰਦੂ-ਸਿੱਖ ਭਾਈਚਾਰੇ ਨੂੰ ਤੋੜਣ ਦੀ ਸਾਜਿਸ਼ ਰਚੀ ਸੀ: ਸ਼ਵੇਤ ਮਲਿਕ
ਸਮਾਰੋਹ ਦੀ ਪ੍ਰਧਾਨਗੀ ਕਰਦੇ ਹੋਏ ਰਾਜ ਸਭਾ ਮੈਂਬਰ ਅਤੇ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸ਼ਵੇਤ ਮਲਿਕ ਨੇ ਕਿਹਾ ਕਿ ਪੰਜਾਬ ’ਚ ਅੱਤਵਾਦੀਆਂ ਅਤੇ ਵੱਖਵਾਦੀਆਂ ਨੇ ਹਿੰਦੂ-ਸਿੱਖ ਭਾਈਚਾਰੇ ਨੂੰ ਤੋੜਣ ਦੀ ਸਾਜਸ਼ ਰਚੀ ਸੀ, ਜਿਸ ਨੂੰ ਪੰਜਾਬੀਆਂ ਦੀ ਏਕਤਾ ਨੇ ਨਖੇੜ ਕੇ ਰੱਖ ਦਿੱਤਾ।

ਉਨ੍ਹਾਂ ਕਿਹਾ ਕਿ ਪੰਜਾਬ ਕੇਸਰੀ ਪਰਿਵਾਰ ਦੇ ਨਾਲ ਉਨ੍ਹਾਂ ਦਾ ਕਾਫ਼ੀ ਸਾਲਾਂ ਤੋਂ ਨਾਤਾ ਹੈ। ਜਦੋਂ ਉਹ ਯੁਵਾ ਮੋਰਚਾ ’ਚ ਹੁੰਦੇ ਸਨ ਤਾਂ ਆਪਣੀਆਂ ਖਬਰਾਂ ਪ੍ਰਕਾਸ਼ਿਤ ਕਰਵਾਉਣ ਲਈ ਪ੍ਰੈੱਸ ਨੋਟ ਭੇਜਿਆ ਕਰਦੇ ਸਨ। ਹੌਲੀ-ਹੌਲੀ ਉਨ੍ਹਾਂ ਦੀ ਇਸ ਪਰਿਵਾਰ ਨਾਲ ਨੇੜਤਾ ਵੱਧਦੀ ਚਲੀ ਗਈ। ਉਨ੍ਹਾਂ ਕਿਹਾ ਕਿ ਅੱਤਵਾਦ ਦੇ ਦੌਰ ’ਚ ਅਨੇਕਾਂ ਪਰਿਵਾਰ ਪਲਾਇਨ ਕਰ ਗਏ ਸਨ। ਉਸ ਸਮੇਂ ਅੱਤਵਾਦ ਦੇ ਖਿਲਾਫ ਇਕ ਜੋਤ ਜਗਾਉਣ ਦਾ ਕੰਮ ਹਿੰਦ ਸਮਾਚਾਰ ਪਰਿਵਾਰ ਨੇ ਕੀਤਾ, ਜਿਨ੍ਹਾਂ ਨੇ ਅੱਤਵਾਦੀਆਂ ਦੀ ਪ੍ਰਵਾਹ ਨਾ ਕਰਦੇ ਹੋਏ ਨਾ ਤਾਂ ਪਲਾਇਨ ਕੀਤਾ ਅਤੇ ਨਾ ਹੀ ਆਪਣੀ ਕਲਮ ਨੂੰ ਉਨ੍ਹਾਂ ਦੇ ਖ਼ਿਲਾਫ਼ ਬੰਦ ਕੀਤਾ।
ਉਨ੍ਹਾਂ ਕਿਹਾ ਕਿ ਅਮਰ ਸ਼ਹੀਦ ਲਾਲਾ ਜਗਤ ਨਰਾਇਣ ਨੇ ਐਮਰਜੈਂਸੀ ਦੌਰਾਨ ਵੀ ਦਲੇਰੀ ਦੀ ਮਿਸਾਲ ਕਾਇਮ ਕਰਦੇ ਹੋਏ ਟਰੈਕਟਰ ਨਾਲ ਪ੍ਰੈੱਸ ਨੂੰ ਚਲਾਇਆ ਸੀ। ਅੱਤਵਾਦ ਦੇ ਦੌਰ ’ਚ ਉਨ੍ਹਾਂ ਅੱਤਵਾਦੀਆਂ ਨੂੰ ਮੂੰਹ ਤੋਡ਼ ਜਵਾਬ ਦਿੱਤਾ ਸੀ। ਅੱਤਵਾਦੀਆਂ ਨੇ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਅਤੇ ਉਨ੍ਹਾਂ ਤੋਂ ਬਾਅਦ ਰਮੇਸ਼ ਚੰਦਰ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ। ਸ਼ਹੀਦੀਆਂ ਦੇਣ ਦੇ ਬਾਵਜੂਦ ਇਸ ਪਰਿਵਾਰ ਨੇ ਪਲਾਇਨ ਨਹੀਂ ਕੀਤਾ। ਜੇਕਰ ਇਹ ਪਰਿਵਾਰ ਪਲਾਇਨ ਕਰ ਜਾਂਦਾ ਤਾਂ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਣਾ ਸੀ। ਉਨ੍ਹਾਂ ਕਿਹਾ ਕਿ ਹੁਣ ਵੀ ਭਾਵੇਂ ਕੋਰੋਨਾ ਦਾ ਦੌਰ ਚੱਲ ਰਿਹਾ ਹੈ ਪਰ ਇਸ ਦੇ ਬਾਵਜੂਦ ਇਸ ਪਰਿਵਾਰ ਨੇ ਛੋਟੇ ਸਮਾਰੋਹਾਂ ’ਚ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਹਾਇਤਾ ਪਹੁੰਚਾਉਣ ਦਾ ਕੰਮ ਜਾਰੀ ਰੱਖਿਆ ਹੋਇਆ ਹੈ।

PunjabKesari

ਸਮੱਸਿਆਵਾਂ ਨੂੰ ਲਮਕਾਉਣਾ ਘਾਤਕ ਸਿੱਧ ਹੋਵੇਗਾ : ਪ੍ਰੋ. ਦਰਬਾਰੀ ਲਾਲ
ਸਮਾਰੋਹ ਦੇ ਵਿਸ਼ੇਸ਼ ਮਹਿਮਾਨ ਅਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਪ੍ਰੋ. ਦਰਬਾਰੀ ਲਾਲ ਨੇ ਸਰਕਾਰਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਸਮੱਸਿਆਵਾਂ ਨੂੰ ਲਮਕਾਉਣਾ ਘਾਤਕ ਸਿੱਧ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਅੱਤਵਾਦ ਇਸ ਲਈ ਪੈਦਾ ਹੋਇਆ ਸੀ ਕਿਉਂਕਿ ਸਮੇਂ ਦੀਆਂ ਸਰਕਾਰਾਂ ਵਲੋਂ ਸਮੱਸਿਆਵਾਂ ਦਾ ਹੱਲ ਤੁਰੰਤ ਕਰਨ ਦੀ ਬਜਾਏ ਉਨ੍ਹਾਂ ਨੂੰ ਲੰਬੇ ਸਮਾਂ ਤੱਕ ਲਟਕਾ ਕੇ ਰੱਖਿਆ ਗਿਆ ਸੀ। ਪ੍ਰੋ. ਦਰਬਾਰੀ ਲਾਲ ਨੇ ਕਿਹਾ ਕਿ ਦਿੱਲੀ ’ਚ ਹੁਣ ਕਿਸਾਨ ਅੰਦੋਲਨ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਪਰ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਵੀ ਅਜੇ ਤੱਕ ਕੀਤਾ ਨਹੀਂ ਗਿਆ ਹੈ। ਇਸ ਤਰ੍ਹਾਂ ਸਮੱਸਿਆਵਾਂ ਨੂੰ ਲਟਕਾ ਕੇ ਰੱਖਣਾ ਘਾਤਕ ਰੂਪ ਧਾਰਨ ਕਰ ਸਕਦਾ ਹੈ। ਪ੍ਰੋ. ਦਰਬਾਰੀ ਲਾਲ ਨੇ ਕਿਹਾ ਕਿ ਸ਼ਹੀਦ ਪਰਿਵਾਰ ਫੰਡ ਬਣਾ ਕੇ ਸ਼ਹੀਦ ਪਰਿਵਾਰਾਂ ਦੀ ਮਦਦ ਕਰਨ ਲਈ ਚੋਪੜਾ ਪਰਿਵਾਰ ਦਾ ਚਮਨ ਹਮੇਸ਼ਾ ਗੁਲ-ਏ-ਗੁਲਜ਼ਾਰ ਰਹੇ ਅਤੇ ਆਉਣ ਵਾਲੇ ਸਮੇਂ ’ਚ ਵੀ ਇਹ ਪਰਿਵਾਰ ਇੰਝ ਹੀ ਸ਼ਹੀਦ ਪਰਿਵਾਰਾਂ ਦੀ ਮਦਦ ਕਰਦਾ ਰਹੇ।ਉਨ੍ਹਾਂ ਕਿਹਾ ਕਿ ਅਮਰ ਸ਼ਹੀਦ ਲਾਲਾ ਜਗਤ ਨਰਾਇਣ ਜੀ ਦੇ ਜੀਵਨ ਅਤੇ ਉਨ੍ਹਾਂ ਦੀ ਜੀਵਨੀ ਤੋਂ ਉਨ੍ਹਾਂ ਨੂੰ ਕਾਫ਼ੀ ਪ੍ਰੇਰਨਾ ਮਿਲੀ। ਮਹਾਤਮਾ ਗਾਂਧੀ ਨੇ ਜਦੋਂ ਦੇਸ਼ ਨੂੰ ਆਜ਼ਾਦ ਕਰਵਾਉਣ ਦੀ ਲੜਾਈ ਸ਼ੁਰੂ ਕੀਤੀ ਸੀ ਤਾਂ ਵੀ ਲਾਲਾ ਜੀ ਨੇ ਉਸ ’ਚ ਆਪਣਾ ਯੋਗਦਾਨ ਪਾਇਆ। ਉਨ੍ਹਾਂ ਕਿਹਾ ਕਿ ਸਵਾਮੀ ਦਯਾਨੰਦ ਨੇ ਸਮਾਜ ’ਚੋਂ ਕੁਰੀਤੀਆਂ ਅਤੇ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਦਾ ਐਲਾਨ ਕੀਤਾ, ਜਿਸ ’ਤੇ ਅੱਜ ਹੋਰ ਵੀ ਅਮਲ ਕਰਨ ਦੀ ਜ਼ਰੂਰਤ ਹੈ।

ਇਹ ਵੀ ਪੜ੍ਹੋ: ਫੇਸਬੁੱਕ ’ਤੇ ਭੋਲ਼ੇ-ਭਾਲ਼ੇ ਲੋਕਾਂ ਨੂੰ ਸਰਗਰਮ ਗਿਰੋਹ ਬਣਾ ਰਿਹੈ ਆਪਣਾ ਸ਼ਿਕਾਰ, ਇੰਝ ਕਰੋ ਬਚਾਅ

PunjabKesari

ਦੇਸ਼ ’ਤੇ ਜਦੋਂ ਵੀ ਕੋਈ ਆਫਤ ਆਈ ਪੰਜਾਬ ਕੇਸਰੀ ਪਰਿਵਾਰ ਹਮੇਸ਼ਾ ਮਦਦ ਲਈ ਅੱਗੇ ਆਇਆ : ਬਲਦੇਵ ਚਾਵਲਾ
ਪੰਜਾਬ ਦੇ ਸਾਬਕਾ ਸਿਹਤ ਮੰਤਰੀ ਡਾ. ਬਲਦੇਵ ਰਾਜ ਚਾਵਲਾ ਨੇ ਕਿਹਾ ਹੈ ਕਿ ਦੇਸ਼ ’ਤੇ ਜਦੋਂ ਵੀ ਕੋਈ ਆਫਤ ਆਈ ਤਾਂ ਪੰਜਾਬ ਕੇਸਰੀ ਪਰਿਵਾਰ ਹਮੇਸ਼ਾ ਪੀਡ਼ਤਾਂ ਦੀ ਮਦਦ ਲਈ ਅੱਗੇ ਆਇਆ। ਉਨ੍ਹਾਂ ਕਿਹਾ ਕਿ ਸ਼ਹੀਦ ਪਰਿਵਾਰ ਫੰਡ ਕਮੇਟੀ ’ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਮੰਗਤ ਰਾਮ ਪਾਸਲਾ ਅਤੇ ਉਹ ਖੁਦ ਸ਼ਾਮਲ ਹਨ ਅਤੇ ਇਸ ਕਮੇਟੀ ਵੱਲੋਂ ਲਗਾਤਾਰ ਅੱਤਵਾਦ ਤੋਂ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਸ਼ਹੀਦ ਪਰਿਵਾਰ ਫੰਡ ਪ੍ਰੋਗਰਾਮਾਂ ’ਚ ਡਾ. ਮਨਮੋਹਨ ਸਿੰਘ, ਅਟਲ ਬਿਹਾਰੀ ਵਾਜਪਾਈ, ਪ੍ਰੋ. ਰਜਿੰਦਰ ਸਿੰਘ, ਗਿਆਨੀ ਜੈਲ ਸਿੰਘ ਸਮੇਤ ਅਨੇਕਾਂ ਮੁੱਖ ਮੰਤਰੀ ਅਤੇ ਰਾਜਪਾਲ ਭਾਗ ਲੈ ਚੁੱਕੇ ਹਨ। ਕਾਰਗਿਲ ’ਚ ਜਦੋਂ ਜੰਗ ਹੋਈ ਸੀ ਤਾਂ ਸ਼੍ਰੀ ਵਿਜੈ ਚੋਪੜਾ ਨੇ ਦਾਨੀ ਸੱਜਣਾਂ ਦੇ ਸਹਿਯੋਗ ਨਲ ਪੀ. ਐੱਮ. ਫੰਡ ਲਈ 10.50 ਕਰੋਡ਼ ਦੀ ਰਾਸ਼ੀ ਇਕੱਠੀ ਕੀਤੀ ਸੀ। ਅੱਤਵਾਦ ਦੇ ਦੌਰ ’ਚ ਵੀ ਅਨੇਕਾਂ ਸ਼ਹੀਦੀਆਂ ਦੇਣ ਦੇ ਬਾਵਜੂਦ ਇਸ ਪਰਿਵਾਰ ਨੇ ਪੀੜਤ ਪਰਿਵਾਰਾਂ ਦੇ ਦੁੱਖ-ਦਰਦ ਨੂੰ ਘੱਟ ਕਰਨ ਲਈ ਆਪਣਾ ਅਭਿਆਨ ਅਜੇ ਵੀ ਜਾਰੀ ਰੱਖਿਆ ਹੋਇਆ ਹੈ।

ਇਹ ਵੀ ਪੜ੍ਹੋ: ਸੰਘਰਸ਼ ਦੌਰਾਨ ਜਾਨ ਗੁਆਉਣ ਵਾਲੇ ਕਿਸਾਨ ਪਾਲ ਸਿੰਘ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਨੇ ਦਿੱਤੀ ਵਿੱਤੀ ਮਦਦ

ਨਿਰਦੋਸ਼ ਲੋਕਾਂ ਨੂੰ ਮਾਰਨਾ ਬਹਾਦਰੀ ਦਾ ਪ੍ਰਤੀਕ ਨਹੀਂ : ਪਾਸਲਾ
ਸੀਨੀ. ਕਮਿਊਨਿਸਟ ਨੇਤਾ ਅਤੇ ਸ਼ਹੀਦ ਪਰਿਵਾਰ ਫੰਡ ਕਮੇਟੀ ਦੇ ਮੈਂਬਰ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਪੰਜਾਬ ’ਚ ਅੱਤਵਾਦ ਦੇ ਦੌਰ ’ਚ ਨਿਰਦੋਸ਼ ਲੋਕਾਂ ਨੂੰ ਮਾਰਨ ਵਾਲਾ ਅੱਤਵਾਦੀ ਖੁਦ ਨੂੰ ਬਹਾਦਰ ਸਮਝਦਾ ਹੈ ਜਦੋਂ ਕਿ ਅਸਲੀਅਤ ਇਹ ਹੈ ਕਿ ਨਿਰਦੋਸ਼ ਲੋਕਾਂ ਦੀਆਂ ਹੱਤਿਆਵਾਂ ਕਰਨਾ ਬਹਾਦਰੀ ਦਾ ਪ੍ਰਤੀਕ ਨਹੀਂ ਹੈ।
ਸ਼ਹੀਦ ਪਰਿਵਾਰ ਫੰਡ ਪ੍ਰੋਗਰਾਮ ’ਚ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਪਾਸਲਾ ਨੇ ਕਿਹਾ ਕਿ ਜਦੋਂ ਵੀ ਉਹ ਇਨ੍ਹਾਂ ਪ੍ਰੋਗਰਾਮਾਂ ’ਚ ਸ਼ਾਮਲ ਹੁੰਦੇ ਹਨ ਤਾਂ ਉਹ ਇਹ ਸੋਚਦੇ ਹਨ ਕਿ ਅੱਤਵਾਦੀਆਂ ਦਾ ਅਖੀਰ ਮਕਸਦ ਕੀ ਸੀ ? ਅੱਤਵਾਦੀਆਂ ਨੇ ਧਰਮ ਦੀ ਦੁਰਵਰਤੋਂ ਕਰ ਕੇ ਆਪਣੇ ਹਿਤਾਂ ਨੂੰ ਸਾਧਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਕਿਹਾ ਕਿ ਉਸ ਦੌਰ ’ਚ ਧਰਮ ਅਤੇ ਰਾਜਨੀਤੀ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕੀਤੀ ਗਈ ਸੀ।
ਪਾਸਲਾ ਨੇ ਕਿਹਾ ਕਿ ਅਜਿਹੇ ਮੁਸ਼ਕਿਲ ਦੌਰ ’ਚ ਸ਼ਹੀਦ ਪਰਿਵਾਰ ਫੰਡ ਦਾ ਗਠਨ ਕਰ ਕੇ ਚੋਪੜਾ ਪਰਿਵਾਰ ਨੇ ਸ਼ਹੀਦ ਪਰਿਵਾਰਾਂ ਦੇ ਜ਼ਖਮਾਂ ’ਤੇ ਮਲ੍ਹਮ ਲਾਉਣ ਦਾ ਜੋ ਕੰਮ ਸ਼ੁਰੂ ਕੀਤਾ ਸੀ ਉਹ ਅੱਜ ਵੀ ਨਿਰਵਿਘਨ ਚੱਲਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪਰਿਵਾਰਾਂ ਦੇ ਦਰਦ ਨੂੰ ਘੱਟ ਤਾਂ ਨਹੀਂ ਕੀਤਾ ਜਾ ਸਕਦਾ ਹੈ ਪਰ ਉਨ੍ਹਾਂ ਨੂੰ ਇਹ ਅਹਿਸਾਸ ਜ਼ਰੂਰ ਦਿਵਾਇਆ ਜਾਂਦਾ ਹੈ ਕਿ ਸਮਾਜ ਦੁੱਖ ’ਚ ਉਨ੍ਹਾਂ ਦੇ ਨਾਲ ਹੈ।

PunjabKesari

ਸ਼ਹੀਦ ਪਰਿਵਾਰ ਫੰਡ ਪ੍ਰੋਗਰਾਮ ਨੂੰ ਲੰਮੇਂ ਸਮੇਂ ਤੱਕ ਚਲਾਈ ਰੱਖਣਾ ਵੱਡੀ ਗੱਲ : ਪਵਨ ਟੀਨੂ
ਅਕਾਲੀ ਦਲ ਦੇ ਵਿਧਾਇਕ ਪਵਨ ਟੀਨੂ ਨੇ ਕਿਹਾ ਕਿ ਸ਼ਹੀਦ ਪਰਿਵਾਰ ਫੰਡ ਪ੍ਰੋਗਰਾਮ ਨੂੰ ਲੰਮੇਂ ਸਮੇਂ ਤੱਕ ਚਲਾਈ ਰੱਖਣਾ ਹੀ ਵੱਡੀ ਗੱਲ ਹੈ ਅਤੇ ਇਸ ਫੰਡ ਤੋਂ ਲਗਾਤਾਰ ਪੀੜਤ ਪਰਿਵਾਰਾਂ ਨੂੰ ਰਾਹਤ ਰਾਸ਼ੀ ਪਹੁੰਚਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੁਝ ਸੰਸਥਾਵਾਂ ਤਾਂ ਪ੍ਰੋਗਰਾਮ ਸ਼ੁਰੂ ਕਰਦੀਆਂ ਹਨ ਪਰ ਉਹ ਲੰਮੇਂ ਸਮੇਂ ਤੱਕ ਨਹੀਂ ਚੱਲਦੇ ਹਨ।
ਉਨ੍ਹਾਂ ਕਿਹਾ ਕਿ ਸ਼੍ਰੀ ਵਿਜੈ ਚੋਪੜਾ ਦੇ ਜੀਵਨ ਦਾ ਇਕ ਮਿਸ਼ਨ ਲੋਕ ਕਲਿਆਣ ਹੈ। ਉਨ੍ਹਾਂ ਨੇ ਜਿੱਥੇ ਅਖਬਾਰ ਦੀ ਜ਼ਿੰਮੇਵਾਰੀ ਨੂੰ ਔਖੇ ਸਮੇਂ ’ਚ ਬਾਖੂਬੀ ਨਿਭਾਇਆ ਉਥੇ ਹੀ ਲੋਕ ਸੇਵਾ ਦੀ ਭਾਵਨਾ ਉਨ੍ਹਾਂ ’ਚ ਪੂਰੀ ਤਰ੍ਹਾਂ ਭਰੀ ਹੋਈ ਹੈ। ਸਮਾਜ ਸੇਵਾ ਦਾ ਜਜ਼ਬਾ ਉਨ੍ਹਾਂ ਦੇ ਅੰਦਰ ਇੰਨਾ ਜ਼ਿਆਦਾ ਹੈ ਕਿ ਉਹ ਸਾਰੇ ਧਰਮਾਂ ਅਤੇ ਜਾਤਾਂ ਦੇ ਲੋਕਾਂ ਨੂੰ ਇਕ ਮੰਚ ’ਤੇ ਇਕੱਠਾ ਕਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਜਿੱਥੇ ਇਕ ਪਾਸੇ ਸ਼ਹੀਦ ਪਰਿਵਾਰ ਫੰਡ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਉਥੇ ਹੀ ਦੂਜੇ ਪਾਸੇ ਜੰਮੂ-ਕਸ਼ਮੀਰ ’ਚ ਸਰਹੱਦੀ ਖੇਤਰਾਂ ਤੋਂ ਹਿਜ਼ਰਤ ਕਰਕੇ ਆਉਣ ਵਾਲੇ ਸ਼ਰਣਾਰਥੀਆਂ ਦੀ ਮਦਦ ਲਈ ਹੁਣ ਤੱਕ 579 ਟਰੱਕ ਭੇਜੇ ਜਾ ਚੁੱਕੇ ਹਨ। ਹੋਰ ਸੰਸਥਾਵਾਂ ਨੂੰ ਇਨ੍ਹਾਂ ਤੋਂ ਪ੍ਰੇਰਨਾ ਲੈਣ ਦੀ ਜ਼ਰੂਰਤ ਹੈ।

ਮਜ਼ਹਬ ਨਹੀਂ ਸਿਖਾਉਂਦਾ ਆਪਸ ’ਚ ਵੈਰ ਕਰਨਾ : ਫਾਦਰ ਪਟੇਲ ਕਲਿਆਣ
ਸੀਨੀ. ਇਸਾਈ ਨੇਤਾ ਫਾਦਰ ਪਟੇਲ ਕਲਿਆਣ ਨੇ ਕਿਹਾ ਕਿ ਸਮਾਜ ਨੂੰ ਮਜ਼ਬੂਤ ਬਣਾਉਣ ਲਈ ਰੱਬ ਅਤੇ ਰੱਬ ਵਲੋਂ ਦਿਖਾਏ ਗਏ ਰਸਤੇ ’ਤੇ ਅੱਗੇ ਵਧਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਮਜਹਬ ਆਪਸ ’ਚ ਦੁਸ਼ਮਣੀ ਕਰਨ ਦਾ ਸੰਦੇਸ਼ ਨਹੀਂ ਦਿੰਦਾ ਹੈ ਸਗੋਂ ਇਹ ਅਸੀਂ ਸਾਰਿਆਂ ਨੂੰ ਮਿਲ ਕੇ ਚੱਲਣ ਦਾ ਸੁਨੇਹਾ ਦਿੰਦਾ ਹੈ।
ਉਨ੍ਹਾਂ ਕਿਹਾ ਕਿ ਸ਼੍ਰੀ ਵਿਜੈ ਚੋਪੜਾ ਨੇ ਸ਼ਹੀਦ ਪਰਿਵਾਰ ਫੰਡ ਸਮਾਰੋਹ ਆਯੋਜਿਤ ਕਰ ਕੇ ਸਾਰੇ ਧਰਮਾਂ ਨੂੰ ਇਕ ਮੰਚ ’ਤੇ ਇਕੱਠਾ ਕਰ ਦਿੱਤਾ ਹੈ, ਜਿਸ ਨਾਲ ਏਕਤਾ ਦਾ ਸੁਨੇਹਾ ਪੂਰੇ ਸਮਾਜ ’ਚ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਭੂ ਯਿਸ਼ੂ ਮਸੀਹ ਨੇ ਵੀ ਇਕ-ਦੂਜੇ ਨਾਲ ਪ੍ਰੇਮ ਕਰਨ ਦਾ ਸੁਨੇਹਾ ਸਮਾਜ ਨੂੰ ਦਿੱਤਾ ਅਤੇ ਇਸ ਰਸਤੇ ’ਤੇ ਚੱਲ ਕੇ ਅਸੀਂ ਆਪਣੇ ਦੇਸ਼ ਨੂੰ ਵੀ ਮਜ਼ਬੂਤੀ ਦੇ ਸੱਕਦੇ ਹਾਂ।

ਸ਼ਹੀਦ ਹਮੇਸ਼ਾ ਜ਼ਿੰਦਾ ਰਹਿੰਦੇ ਹਨ : ਨਸੀਰ-ਉਲ-ਹੱਕ
ਅਹਿਮਦੀਆ ਮੁਸਲਮਾਨ ਜਮਾਤ, ਕਾਦੀਆਂ ਦੇ ਬੁਲਾਰੇ ਨਸੀਰ-ਉਲ-ਹੱਕ ਨੇ ਕਿਹਾ ਕਿ ਸ਼ਹੀਦ ਹਮੇਸ਼ਾ ਜ਼ਿੰਦਾ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਇਸਲਾਮ ’ਚ ਸ਼ਹੀਦ ਨੂੰ ਲੈ ਕੇ ਕਿਹਾ ਗਿਆ ਹੈ ਕਿ ਜੇਕਰ ਕੋਈ ਆਪਣੀ ਕੌਮ ਦੀ ਖਾਤਿਰ ਸ਼ਹੀਦ ਹੁੰਦਾ ਹੈ ਤਾਂ ਉਹ ਮਰਦਾ ਨਹੀਂ ਹੈ ਸਗੋਂ ਹਮੇਸ਼ਾ ਜ਼ਿੰਦਾ ਰਹਿੰਦਾ ਹੈ।
ਉਨ੍ਹਾਂ ਭਗਵਤ ਗੀਤਾ ’ਚ ਭਗਵਾਨ ਸ਼੍ਰੀ ਕ੍ਰਿਸ਼ਣ ਜੀ ਵੱਲੋਂ ਅਰਜੁਨ ਨੂੰ ਦਿੱਤੇ ਗਏ ਗਿਆਨ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਵੀ ਕਿਹਾ ਸੀ ਕਿ ਆਤਮਾ ਹਮੇਸ਼ਾ ਅਮਰ ਹੈ ਇਸ ਲਈ ਸਾਨੂੰ ਸਾਰਿਆਂ ਨਾਲ ਮੁਹੱਬਤ ਕਰਣੀ ਚਾਹੀਦੀ ਹੈ। ਉਨ੍ਹਾਂ ਸ਼ਹਾਦਤ ਦੇਣ ਵਾਲੇ ਲੋਕਾਂ ਨੂੰ ਪ੍ਰਣਾਮ ਕਰਦਿਆਂ ਕਿਹਾ ਕਿ ਸ਼ਹਾਦਤ ਸਾਨੂੰ ਮੁਹੱਬਤ ਦਾ ਪੈਗਾਮ ਦਿੰਦੀ ਹੈ। ਅਸੀਂ ਆਪਸ ’ਚ ਇਕ-ਦੂਜੇ ਨਾਲ ਦੁਸ਼ਮਣੀ ਨਾ ਰੱਖੀਏ।
ਉਨ੍ਹਾਂ ਸ਼ਹੀਦ ਪਰਿਵਾਰ ਫੰਡ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਕੰਮ ਲੰਮੇਂ ਸਮੇਂ ਤੱਕ ਚਲਾਈ ਰੱਖਣਾ ਸੌਖਾ ਕੰਮ ਨਹੀਂ ਸੀ। ਉਨ੍ਹਾਂ ਕਿਹਾ ਕਿ ਅਜਿਹਾ ਪੁੰਨ ਦਾ ਕੰਮ ਸ਼੍ਰੀ ਵਿਜੈ ਚੋਪੜਾ ਹੀ ਕਰ ਸੱਕਦੇ ਹਨ। ਉਨ੍ਹਾਂ ਕਿਹਾ ਕਿ ਸਹੀ ਅਰਥਾਂ ’ਚ ਪੀੜਤ ਪਰਿਵਾਰਾਂ ਦੀ ਮਦਦ ਕਰਕੇ ਮਨੁੱਖਤਾ ਦੀ ਸੱਚੇ ਸ਼ਬਦਾਂ ’ਚ ਸੇਵਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਧਰਮ ਦਾ ਕੋਈ ਵਿਅਕਤੀ ਸ਼ਹੀਦ ਹੁੰਦਾ ਹੈ ਤਾਂ ਉਨ੍ਹਾਂ ਪ੍ਰਤੀ ਸਾਨੂੰ ਬਿਨਾਂ ਭੇਦ-ਭਾਵ ਮਦਦ ਕਰਨ ਦਾ ਜਜ਼ਬਾ ਆਪਣੇ ਅੰਦਰ ਰੱਖਣਾ ਚਾਹੀਦਾ ਹੈ।

ਨੌਜਵਾਨ ਪੀੜ੍ਹੀ ਬਜ਼ੁਰਗਾਂ ਦਾ ਸਨਮਾਨ ਕਰੇ : ਅਸ਼ੋਕ ਮਹਿਤਾ
ਰਾਸ਼ਟਰੀ ਪੰਜਾਬੀ ਮਹਾ ਸਭਾ ਦੇ ਪ੍ਰਧਾਨ ਅਸ਼ੋਕ ਮਹਿਤਾ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਆਪਣੇ ਬਜ਼ੁਰਗਾਂ ਦਾ ਸਨਮਾਨ ਕਰਨਾ ਚਾਹੀਦਾ ਹੈ। ਇਸ ਸਮੇਂ ਸਾਡੇ ਸਮਾਜ ’ਚ ਇਹ ਕਮੀ ਵੇਖਣ ਨੂੰ ਮਿਲ ਰਹੀ ਹੈ ਕਿ ਨੌਜਵਾਨ ਪੀੜ੍ਹੀ ਬਜ਼ੁਰਗਾਂ ਨੂੰ ਪੂਰਾ ਸਨਮਾਨ ਨਹੀਂ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਬਜ਼ੁਰਗਾਂ ਦਾ ਅਸ਼ੀਰਵਾਦ ਲਿਆ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਦਾ ਨੌਜਵਾਨ ਲੋਕਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਮਰ ਸ਼ਹੀਦ ਲਾਲਾ ਜਗਤ ਨਰਾਇਣ ਜੀ ਨੇ ਆਪਣੇ ਪਰਿਵਾਰ ਨੂੰ ਜੋ ਸੰਸਕਾਰ ਦਿੱਤੇ ਸਨ ਉਨ੍ਹਾਂ ਦੀ ਸੰਸਕਾਰਾਂ ਦੀ ਬਦੌਲਤ ਪਰਿਵਾਰ ਦੇ ਅੰਦਰ ਸੇਵਾ ਭਾਵ ਭਰਿਆ ਹੋਇਆ ਹੈ। ਅਸ਼ੋਕ ਮਹਿਤਾ ਨੇ ਕਿਹਾ ਕਿ ਰਾਸ਼ਟਰੀ ਪੰਜਾਬੀ ਮਹਾ ਸਭਾ ਨੂੰ ਸ਼੍ਰੀ ਵਿਜੈ ਚੋਪੜਾ ਜੀ ਦੀ ਸਰਪ੍ਰਸਤੀ ਹੇਠ ਚਲਾਇਆ ਜਾ ਰਿਹਾ ਹੈ। ਕੋਰੋਨਾ ਕਾਲ ਦੌਰਾਨ ਵੀ ਪੰਜਾਬੀ ਮਹਾ ਸਭਾ ਨੇ ਬਜ਼ੁਰਗਾਂ ਦੀ ਸੇਵਾ, ਵਿਧਵਾਵਾਂ ਅਤੇ ਜ਼ਰੂਰਤਮੰਦ ਲੋਕਾਂ ਦੀ ਸੇਵਾ ਕਰਨ ’ਚ ਕੋਈ ਕਸਰ ਬਾਕੀ ਨਹੀਂ ਛੱਡੀ। ਉਨ੍ਹਾਂ ਕਿਹਾ ਕਿ ਸ਼੍ਰੀ ਵਿਜੈ ਚੋਪੜਾ ਜੋ ਵੀ ਦਿਸ਼ਾ-ਨਿਰਦੇਸ਼ ਮਹਾ ਸਭਾ ਦੇ ਅਹੁਦੇਦਾਰਾਂ ਨੂੰ ਦਿੰਦੇ ਹਨ ਉਨ੍ਹਾਂ ’ਤੇ ਪੂਰੀ ਤਰ੍ਹਾਂ ਅਮਲ ਕੀਤਾ ਜਾਂਦਾ ਹੈ।

ਸਿੱਖਿਆ ਪ੍ਰਣਾਲੀ ’ਚ ਸੰਸਕ੍ਰਿਤੀ ਅਤੇ ਚਰਿੱਤਰ ਦੀ ਮਜ਼ਬੂਤੀ ਦਾ ਧਿਆਨ ਦੇਵਾਂਗੇ : ਡਾ. ਵਰਿੰਦਰ ਭਾਟੀਆ
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਡਿਪਟੀ ਚੇਅਰਮੈਨ ਡਾ. ਵਰਿੰਦਰ ਭਾਟੀਆ ਨੇ ਕਿਹਾ ਕਿ 1997 ’ਚ ਉਨ੍ਹਾਂ ਨੂੰ ਰਾਜਪਾਲ ਬਲੀ ਰਾਮ ਭਗਤ ਦੇ ਨਾਲ ਸ਼ਹੀਦ ਪਰਿਵਾਰ ਫੰਡ ਪ੍ਰੋਗਰਾਮ ’ਚ ਆਉਣ ਦਾ ਮੌਕਾ ਮਿਲਿਆ ਸੀ ਅਤੇ ਉਸ ਸਮੇਂ ਉਨ੍ਹਾਂ ਦਾ ਸੁਪਨਾ ਸੀ ਕਿ ਉਨ੍ਹਾਂ ਨੂੰ ਵੀ ਸ਼ਹੀਦ ਪਰਿਵਾਰ ਫੰਡ ਪ੍ਰੋਗਰਾਮ ’ਚ ਬੋਲਣ ਦਾ ਮੌਕੇ ਮਿਲੇ, ਜਿਸ ਨੂੰ ਸ਼੍ਰੀ ਵਿਜੈ ਚੋਪੜਾ ਨੇ ਪੂਰਾ ਕੀਤਾ ਹੈ।
ਡਾ. ਭਾਟੀਆ ਨੇ ਕਿਹਾ ਕਿ ਪੰਜਾਬ ’ਚ ਅੱਤਵਾਦ ਸ਼ਾਇਦ ਇਸ ਕਾਰਨ ਆਇਆ ਸੀ ਕਿ ਅਸੀਂ ਆਪਣੇ ਬੱਚਿਆਂ ਨੂੰ ਸਹੀ ਸਿੱਖਿਆ ਨਹੀਂ ਦੇ ਸਕੇ ਸੀ। ਸਾਡੀ ਸਿੱਖਿਆ ਪ੍ਰਣਾਲੀ ’ਚ ਜ਼ਰੂਰ ਹੀ ਕੋਈ ਨਾ ਕੋਈ ਖਾਮੀ ਰਹੀ ਹੋਵੇਗੀ। ਜੇਕਰ ਸਿੱਖਿਆ ਪ੍ਰਣਾਲੀ ਠੀਕ ਹੁੰਦੀ ਤਾਂ ਅੱਤਵਾਦ ਦੀ ਤਰਾਸਦੀ ਲੰਮੇਂ ਸਮੇਂ ਤੱਕ ਸਾਨੂੰ ਝੱਲਣੀ ਨਾ ਪੈਂਦੀ।ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ’ਚ ਵੀ ਸਿੱਖਿਆ ਬੋਰਡ ਦੀ ਕੋਸ਼ਿਸ਼ ਰਹੇਗੀ ਕਿ ਬੱਚਿਆਂ ’ਚ ਸ਼ੁਰੂ ਤੋਂ ਹੀ ਸੰਸਕ੍ਰਿਤੀ ਅਤੇ ਚਰਿੱਤਰ ਨੂੰ ਮਜ਼ਬੂਤ ਬਣਾਉਣ ਵੱਲ ਉਨ੍ਹਾਂ ਨੂੰ ਅਗਾਂਹਵਧੂ ਬਣਾਇਆ ਜਾਵੇ।

ਹਰ ਸਮੇਂ ਵਿਜੈ ਚੋਪੜਾ ’ਚ ਲੋਕ ਕਲਿਆਣ ਦੀ ਭਾਵਨਾ ਨੂੰ ਵੇਖਿਆ : ਵਿਜੈ ਕਪੂਰ
ਯੋਗ ਗੁਰੂ ਵਿਜੈ ਕਪੂਰ ਨੇ ਕਿਹਾ ਕਿ ਉਹ ਲੰਮੇਂ ਸਮੇਂ ਤੋਂ ਸ਼੍ਰੀ ਵਿਜੈ ਚੋਪੜਾ ਦੇ ਨਾਲ ਜੁਡ਼ੇ ਹੋਏ ਹਨ ਅਤੇ ਉਨ੍ਹਾਂ ਇਹ ਵੇਖਿਆ ਹੈ ਕਿ ਉਨ੍ਹਾਂ ਦੇ ਅੰਦਰ ਹਰ ਸਮੇਂ ਲੋਕ ਕਲਿਆਣ ਦੀ ਭਾਵਨਾ ਭਰੀ ਰਹਿੰਦੀ ਹੈ।
ਉਨ੍ਹਾਂ ਕਿਹਾ ਕਿ ਸ਼੍ਰੀ ਚੋਪੜਾ ਜਿਸ ਕਾਰਜ ਨੂੰ ਫੜ੍ਹ ਲੈਂਦੇ ਹਨ ਉਸ ਨੂੰ ਪੂਰਾ ਕਰਕੇ ਹੀ ਦਮ ਲੈਂਦੇ ਹਨ। ਜੇਕਰ ਉਨ੍ਹਾਂ ਨੇ ਸ਼ਹੀਦ ਪਰਿਵਾਰਾਂ ਦੀ ਮਦਦ ਕਰਨ ਦਾ ਬੀੜਾ ਚੁੱਕਿਆ ਤਾਂ ਇਸ ਕਾਰਜ ਨੂੰ ਅਜੇ ਵੀ ਚਲਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਜੰਮੂ-ਕਸ਼ਮੀਰ ’ਚ ਸ਼ਰਣਾਰਥੀਆਂ ਦੀ ਮਦਦ ਲਈ ਰਾਹਤ ਸਾਮਗਰੀ ਦੇ ਟਰੱਕ ਹੁਣ ਵੀ ਭੇਜੇ ਜਾ ਰਹੇ ਹਨ। ਅਨੇਕਾਂ ਕਲਿਆਣਕਾਰੀ ਕੰਮ ਉਨ੍ਹਾਂ ਦੀ ਦੇਖ-ਰੇਖ ’ਚ ਕੀਤੇ ਜਾ ਰਹੇ ਹਨ। ਉਨ੍ਹਾਂ ਕੋਲ ਬੈਠਣ ਨਾਲ ਹਮੇਸ਼ਾ ਪ੍ਰੇਰਨਾ ਹੀ ਮਿਲਦੀ ਰਹੀ ਹੈ। ਯੋਗ ਦਾ ਜ਼ਿਕਰ ਕਰਦਿਆਂ ਕਿਹਾ ਕਿ ਯੋਗ ਨਾਲ ਮਨੁੱਖ ਨੂੰ ਰਾਹਤ ਜ਼ਰੂਰ ਮਿਲਦੀ ਹੈ। ਸ਼੍ਰੀ ਵਿਜੈ ਚੋਪੜਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਤਾਂ ਅੱਤਵਾਦ ਦੇ ਦੌਰ ’ਚ ਵੀ ਯੋਗ ਨੂੰ ਅਪਨਾਈ ਰੱਖਿਆ ਸੀ। ਉਸ ਸਮੇਂ ਉਨ੍ਹਾਂ ਨੂੰ ਬੁਲਾਉਣ ਲਈ ਦਫ਼ਤਰ ਬੁਲੇਟ ਪਰੂਫ਼ ਗੱਡੀ ਭੇਜੀ ਜਾਂਦੀ ਸੀ। ਜੇਕਰ ਕਿਸੇ ਦਿਨ ਉਹ ਯੋਗ ਕਰਵਾਉਣ ਲਈ ਨਹੀਂ ਆ ਸਕੇ ਤਾਂ ਉਨ੍ਹਾਂ ਨੂੰ ਤੁਰੰਤ ਸ਼੍ਰੀ ਚੋਪੜਾ ਦਾ ਫੋਨ ਆ ਜਾਂਦਾ ਹੈ। ਇਸ ਨਾਲ ਉਨ੍ਹਾਂ ਦੀ ਹਰ ਇਕ ਕੰਮ ਪ੍ਰਤੀ ਵਫਾਦਾਰੀ ਦਾ ਪਤਾ ਲੱਗਦਾ ਹੈ।

ਭਵਿੱਖ ’ਚ ਵੀ ਪੰਜਾਬ ਕੇਸਰੀ ਗਰੁੱਪ ਜ਼ਰੂਰਤਮੰਦ ਲੋਕਾਂ ਦੀ ਸਹਾਇਤਾ ਤੋਂ ਪਿੱਛੇ ਨਹੀਂ ਹਟੇਗਾ : ਵਰਿੰਦਰ ਸ਼ਰਮਾ
ਮੰਚ ਸੰਚਾਲਨ ਕਰਦੇ ਹੋਏ ਵਰਿੰਦਰ ਸ਼ਰਮਾ ਯੋਗੀ ਨੇ ਕਿਹਾ ਕਿ ਪੰਜਾਬ ਕੇਸਰੀ ਗਰੁੱਪ ਵਲੋਂ ਜਿੱਥੇ ਸ਼ਹੀਦ ਪਰਿਵਾਰ ਫੰਡ ਦੇ ਮਾਧਿਅਮ ਨਾਲ ਪਾਠਕਾਂ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ 19 ਕਰੋਡ਼ ਤੋਂ ਜ਼ਿਆਦਾ ਦੀ ਰਾਸ਼ੀ ਇਕੱਠੀ ਕੀਤੀ ਜਾ ਚੁੱਕੀ ਹੈ ਉਥੇ ਹੀ ਹੁਣ ਤੱਕ 579 ਟਰੱਕ ਰਾਹਤ ਸਮੱਗਰੀ ਦੇ ਸਰਹੱਦੀ ਖੇਤਰਾਂ ’ਚ ਭਿਜਵਾਏ ਜਾ ਚੁੱਕੇ ਹਨ ਅਤੇ ਵੱਖ-ਵੱਖ ਆਫਤਾਂ ਦੇ ਮੌਕੇ ’ਤੇ ਸਹਿਯੋਗ ਰਾਸ਼ੀ ਦੇ ਰੂਪ ’ਚ 58 ਕਰੋਡ਼ ਰੁਪਏ ਦੀ ਸਹਾਇਤਾ ਰਾਸ਼ੀ ਪ੍ਰਧਾਨ ਮੰਤਰੀ ਰਿਲੀਫ ਫੰਡ ਸਮੇਤ ਵੱਖ-ਵੱਖ ਸਹਾਇਤਾ ਫੰਡਾਂ ’ਚ ਭੇਜੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕੇਸਰੀ ਗਰੁੱਪ ਇਹ ਕਾਮਨਾ ਕਰਦਾ ਹੈ ਕਿ ਭਵਿੱਖ ’ਚ ਕਿਸੇ ਕਿਸਮ ਦੀ ਕੋਈ ਆਫਤ ਨਾ ਆਏ ਅਤੇ ਕਿਸੇ ਨੂੰ ਸਹਾਇਤਾ ਦੇਣ ਦੀ ਜ਼ਰੂਰਤ ਨਾ ਪਵੇ ਪਰ ਪੰਜਾਬ ਕੇਸਰੀ ਗਰੁੱਪ ਦਾ ਇਹ ਸੰਕਲਪ ਵੀ ਹੈ ਕਿ ਜੇਕਰ ਦੇਸ਼ ਦੇ ਕਿਸੇ ਵੀ ਹਿੱਸੇ ’ਚ ਵੀ ਕਿਤੇ ਵੀ ਕਿਸੇ ਤਰ੍ਹਾਂ ਦੀ ਸਹਾਇਤਾ ਦੀ ਲੋੜ ਪਵੇਗੀ ਤਾਂ ਪੰਜਾਬ ਕੇਸਰੀ ਪਿੱਛੇ ਨਹੀਂ ਹਟੇਗਾ।

ਨੋਟ: ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


shivani attri

Content Editor

Related News