ਸ਼ਤਾਬਦੀ ਐਕਸਪ੍ਰੈੱਸ ਦੇ ਲੇਟ ਆਉਣ ਦਾ ਸਿਲਸਿਲਾ ਲਗਾਤਾਰ ਜਾਰੀ, ਯਾਤਰੀ ਹੋਏ ਪਰੇਸ਼ਾਨ

Tuesday, Oct 03, 2017 - 06:37 PM (IST)

ਸ਼ਤਾਬਦੀ ਐਕਸਪ੍ਰੈੱਸ ਦੇ ਲੇਟ ਆਉਣ ਦਾ ਸਿਲਸਿਲਾ ਲਗਾਤਾਰ ਜਾਰੀ, ਯਾਤਰੀ ਹੋਏ ਪਰੇਸ਼ਾਨ

ਜਲੰਧਰ(ਗੁਲਸ਼ਨ)— ਨਵੀਂ ਦਿੱਲੀ ਤੋਂ ਚੱਲ ਕੇ ਅੰਮ੍ਰਿਤਸਰ ਨੂੰ ਜਾਣ ਵਾਲੀ ਸ਼ਤਾਬਦੀ ਐਕਸਪ੍ਰੈੱਸ ਦੇ ਲੇਟ ਆਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਸਵੇਰ ਅਤੇ ਰਾਤ ਨੂੰ ਆਉਣ ਵਾਲੀ ਸ਼ਤਾਬਦੀ ਐਕਸਪ੍ਰੈੱਸ ਆਪਣੇ ਨਿਰਧਾਰਿਤ ਸਮੇਂ ਤੋਂ ਰੋਜ਼ਾਨਾ ਦੇਰੀ ਨਾਲ ਸਿਟੀ ਸਟੇਸ਼ਨ ਪਹੁੰਚ ਰਹੀ ਹੈ, ਜਿਸ ਕਾਰਨ ਯਾਤਰੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਸ਼ਤਾਬਦੀ ਨੂੰ ਇਕ ਖਾਸ ਟਰੇਨ ਮੰਨਿਆ ਜਾਂਦਾ ਹੈ। 

PunjabKesariਪਹਿਲਾਂ ਕਿਹਾ ਜਾਂਦਾ ਸੀ ਕਿ ਹੋਰਨਾਂ ਟਰੇਨਾਂ ਦੇ ਮੁਕਾਬਲੇ ਸ਼ਤਾਬਦੀ ਇਕ ਅਜਿਹੀ ਟਰੇਨ ਹੈ ਜੋ ਕਦੀ ਵੀ ਲੇਟ ਨਹੀਂ ਹੁੰਦੀ। ਕਿਰਾਏ ਵਿਚ ਭਾਰੀ ਫਰਕ ਹੋਣ ਦੇ ਬਾਵਜੂਦ ਵਪਾਰੀ ਵਰਗ ਤੋਂ ਇਲਾਵਾ ਵਿਦੇਸ਼ੀ ਲੋਕ ਵੀ ਦੂਜੀਆਂ ਟਰੇਨਾਂ ਦੀ ਬਜਾਏ ਸ਼ਤਾਬਦੀ ਵਿਚ ਸਫਰ ਕਰਨ ਨੂੰ ਪਹਿਲ ਦਿੰਦੇ ਸਨ ਪਰ ਹੁਣ ਇਸ ਖਾਸ ਟਰੇਨ ਦਾ ਹਾਲ ਵੀ ਬਾਕੀ ਟਰੇਨਾਂ ਜਿਹਾ ਹੋ ਗਿਆ ਹੈ। ਇਸ ਦੇ ਆਉਣ-ਜਾਣ ਦਾ ਕੋਈ ਸਮਾਂ ਨਹੀਂ ਰਹਿ ਗਿਆ ਹੈ। ਸੋਮਵਾਰ ਨਵੀਂ ਦਿੱਲੀ ਤੋਂ ਆਉਣ ਵਾਲੀ ਸ਼ਤਾਬਦੀ ਦੁਪਹਿਰ ਇਕ ਘੰਟਾ ਦੇਰੀ ਨਾਲ ਸਿਟੀ ਸਟੇਸ਼ਨ ਪਹੁੰਚੀ। ਤਿਉਹਾਰੀ ਸੀਜ਼ਨ ਹੋਣ ਕਾਰਨ ਟਰੇਨ 'ਚ ਹੋਰਨਾਂ ਯਾਤਰੀਆਂ ਤੋਂ ਇਲਾਵਾ ਭਾਰੀ ਗਿਣਤੀ ਵਿਚ ਵਿਦੇਸ਼ੀ ਯਾਤਰੀ ਵੀ ਸਫਰ ਕਰ ਰਹੇ ਸਨ। ਟਰੇਨ ਲੇਟ ਹੋਣ ਕਾਰਨ ਉਹ ਵੀ ਕਾਫੀ ਪ੍ਰੇਸ਼ਾਨ ਦਿਸੇ। 
ਇਸੇ ਤਰ੍ਹਾਂ ਰਾਤ ਨੂੰ ਵੀ ਟਰੇਨ ਆਪਣੇ ਨਿਰਧਾਰਿਤ ਸਮੇਂ ਤੋਂ ਦੇਰੀ ਨਾਲ ਆਈ। ਪਿਛਲੇ ਦਿਨਾਂ ਵਿਚ ਤਾਂ ਕਈ ਵਾਰ ਸ਼ਤਾਬਦੀ ਦੇਰ ਰਾਤ ਕਦੇ 12 ਵਜੇ, ਕਦੇ 12.30 ਵਜੇ ਅਤੇ ਕਦੇ ਦੇਰ ਰਾਤ 1 ਵਜੇ ਵੀ ਪਹੁੰਚਦੀ ਰਹੀ ਹੈ, ਜਦੋਂਕਿ ਇਸ ਦਾ ਨਵੀਂ ਦਿੱਲੀ ਤੋਂ ਚੱਲ ਕੇ ਜਲੰਧਰ ਪਹੁੰਚਣ ਦਾ ਸਮਾਂ ਰਾਤ ਸਵਾ 9 ਵਜੇ ਹੈ। ਰੋਜ਼ਾਨਾ ਲੇਟ ਹੋ ਰਹੀ ਇਸ ਟਰੇਨ ਬਾਰੇ ਰੇਲਵੇ ਅਧਿਕਾਰੀ ਵੀ ਕੋਈ ਸਪੱਸ਼ਟ ਜਾਣਕਾਰੀ ਨਹੀਂ ਦੇ ਰਹੇ ਹਨ ਪਰ ਯਾਤਰੀਆਂ ਦਾ ਪਰੇਸ਼ਾਨ ਹੋਣਾ ਲਗਾਤਾਰ ਜਾਰੀ ਹੈ। 
ਇਸ ਤੋਂ ਇਲਾਵਾ ਅੱਜ ਸ਼ਾਨ-ਏ-ਪੰਜਾਬ ਐਕਸਪ੍ਰੈੱਸ, ਅੰਮ੍ਰਿਤਸਰ-ਨਵੀਂ ਦਿੱਲੀ ਸੁਪਰ, ਹਾਵੜਾ ਮੇਲ, ਹਾਵੜਾ ਐਕਸਪ੍ਰੈੱਸ, ਸੱਚਖੰਡ ਐਕਸਪ੍ਰੈੱਸ, ਜਨ ਸਾਧਾਰਨ ਐਕਸਪ੍ਰੈੱਸ, ਅਹਿਮਦਾਬਾਦ-ਕਟੜਾ ਅਕਸਪ੍ਰੈੱਸ ਸਮੇਤ ਕਈ ਹੋਰ ਟਰੇਨਾਂ ਵੀ ਦੇਰੀ ਨਾਲ ਚੱਲ ਰਹੀਆਂ ਸਨ।


Related News