ਪਟਿਆਲਾ ''ਚ ਲੱਗ ਗਈਆਂ ਪਾਬੰਦੀਆਂ, 5 ਅਕਤੂਬਰ ਤੱਕ ਸਖ਼ਤ ਹੁਕਮ ਹੋਏ ਜਾਰੀ
Friday, Aug 08, 2025 - 01:09 PM (IST)

ਪਟਿਆਲਾ, ਸਨੌਰ (ਮਨਦੀਪ ਜੋਸਨ) : ਵਧੀਕ ਜ਼ਿਲਾ ਮੈਜਿਸਟਰੇਟ ਇਸ਼ਾ ਸਿੰਗਲ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲਾ ਪਟਿਆਲਾ ਦੀਆਂ ਸੀਮਾਵਾਂ ਅੰਦਰ ਵੱਖ-ਵੱਖ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ ਜ਼ਿਲੇ ’ਚ 5 ਅਕਤੂਬਰ 2025 ਤੱਕ ਲਾਗੂ ਰਹਿਣਗੇ। ਵਧੀਕ ਜ਼ਿਲਾ ਮੈਜਿਸਟਰੇਟ ਇਸ਼ਾ ਸਿੰਗਲ ਨੇ ਜ਼ਿਲੇ ’ਚ ਅਮਨ ਕਾਨੂੰਨ ਕਾਇਮ ਰੱਖਣ ਅਤੇ ਲੋਕ ਹਿਤ ਵਿਚ ਸ਼ਾਂਤੀ ਬਰਕਰਾਰ ਰੱਖਣ ਲਈ ਜ਼ਿਲਾ ਪਟਿਆਲਾ ਦੀਆਂ ਸੀਮਾਵਾਂ ਅੰਦਰ ਜਨਤਕ ਥਾਵਾਂ ’ਤੇ ਅਗਨ ਸ਼ਸ਼ਤਰ, ਅਸਲਾ, ਵਿਸਫੋਟਕ, ਜਲਣਸ਼ੀਲ, ਚੀਜ਼ਾਂ, ਤੇਜ਼ਧਾਰ ਹਥਿਆਰ ਜਿਵੇਂ ਕਿ ਟਕੂਏ, ਬਰਛੇ, ਤ੍ਰਿਸ਼ੂਲ ਆਦਿ ਸ਼ਾਮਲ ਹਨ, ਨੂੰ ਚੁੱਕਣ ’ਤੇ ਪਾਬੰਦੀ ਲਗਾਈ ਹੈ।
ਇਹ ਵੀ ਪੜ੍ਹੋ : ਮਹਿਲਾ ਅਧਿਆਪਕ ਦਾ ਸ਼ਰਮਨਾਕ ਕਾਰਾ, 9ਵੀਂ ਦੇ ਵਿਦਿਆਰਥੀ ਤੋਂ 6ਵੀਂ ਦੀ ਵਿਦਿਆਰਥਣ ਨੂੰ...
ਇਸ਼ਾ ਸਿੰਗਲ ਨੇ ਜ਼ਿਲੇ ਅੰਦਰ (ਪਿੰਡਾਂ ਅਤੇ ਸ਼ਹਿਰਾਂ) ਬਣੀਆਂ ਪਾਣੀ ਦੀਆਂ ਟੈਂਕੀਆਂ ਉਪਰ ਕਿਸੇ ਕਿਸਮ ਦੇ ਵਿਖਾਵੇ ਲਈ ਚੜ੍ਹਨ ’ਤੇ ਪਾਬੰਦੀ ਲਗਾਈ ਹੈ। ਉਨ੍ਹਾਂ ਨੇ ਜ਼ਿਲੇ ’ਚ ਕਿਸੇ ਕਿਸਮ ਦੇ ਵਿਖਾਵੇ/ਰੋਸ ਧਰਨੇ ਤੇ ਰੈਲੀਆਂ, ਮੀਟਿੰਗਾਂ, ਨਾਅਰੇ ਲਗਾਉਣ, ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ’ਤੇ ਮਨਾਹੀ ਦੇ ਹੁਕਮ ਜਾਰੀ ਕੀਤੇ ਹਨ। ਵਧੀਕ ਜ਼ਿਲਾ ਮੈਜਿਸਟਰੇਟ ਨੇ ਪਟਿਆਲਾ ਜ਼ਿਲੇ ਅੰਦਰ ਪੈਂਦੇ ਪਿੰਡਾਂ, ਰੇਲਵੇ ਟਰੈਕ, ਨਹਿਰਾਂ ਦੇ ਪੁਲ, ਨਹਿਰਾਂ, ਜਲ ਨਿਕਾਸ ਦੇ ਨਾਲਿਆਂ, ਰਜਬਾਹੇ, ਇੰਡੀਅਨ ਆਇਲ ਪਾਈਪ ਲਾਈਨ, ਅਹਿਮ ਪਲਾਂਟ, ਗੈਸ ਪਾਈਪ ਲਾਈਨ ਦੀ ਪ੍ਰਾਪਰਟੀ ਅਤੇ ਬਿਜਲੀ ਦੀਆਂ ਟਰਾਂਸਮਿਸ਼ਨ ਲਾਈਨਾਂ, ਅਨਾਜ ਦੇ ਭੰਡਾਰ, ਪੈਟਰੋਲ ਪੰਪ, ਪੇਂਡੂ ਅਤੇ ਸ਼ਹਿਰੀ ਖੇਤਰਾਂ ’ਚ ਪੈਂਦੇ ਬੈਂਕ, ਡਾਕਖਾਨਿਆਂ, ਸਰਕਾਰੀ/ਗੈਰ ਸਰਕਾਰੀ ਪ੍ਰਾਪਰਟੀ ਆਦਿ ’ਤੇ ਸਾਰੇ ਪਿੰਡਾਂ ਦੇ ਨਰੋਈ ਸਿਹਤ ਵਾਲੇ ਬਾਲਗ ਵਿਅਕਤੀਆਂ ਨੂੰ ਠੀਕਰੀ ਪਹਿਰੇ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਵੱਡੇ ਪੱਧਰ 'ਤੇ ਕੀਤੇ ਤਬਾਦਲੇ, ਸਾਰੇ ਡਿਪਟੀ ਕਮਿਸ਼ਨਰਾਂ ਨੂੰ ਜਾਰੀ ਹੋਏ ਹੁਕਮ
ਜ਼ਿਲੇ ’ਚ ਸਮੂਹ ਧਾਰਮਿਕ ਸਥਾਨਾਂ ’ਤੇ ਠੀਕਰੀ ਪਹਿਰਾ ਲਗਾਉਣ ਲਈ ਪਿੰਡਾਂ ਦੀਆਂ ਸਮੂਹ ਪੰਚਾਇਤਾਂ ਅਤੇ ਧਾਰਮਿਕ ਸਥਾਨਾਂ ਦੀਆਂ ਕਮੇਟੀਆਂ/ਬੋਰਡਾਂ/ਟਰੱਸਟ ਦੇ ਮੁਖੀਆਂ ਨੂੰ ਠੀਕਰੀ ਪਹਿਰਾ ਲਗਾਉਣ ਦੀ ਜ਼ਿੰਮੇਵਾਰੀ ਲਗਾਈ ਹੈ। ਵਧੀਕ ਜ਼ਿਲਾ ਮੈਜਿਸਟਰੇਟ ਨੇ ਜ਼ਿਲਾ ਪਟਿਆਲਾ ਦੀ ਹੱਦ ਅੰਦਰੋਂ ਵੱਖ-ਵੱਖ ਸਥਾਨਾਂ ਤੋਂ ਲੰਘਦੀ ਭਾਖੜਾ ਨਹਿਰ ਅਤੇ ਹੋਰ ਵੱਡੀਆਂ-ਛੋਟੀਆਂ ਨਦੀਆਂ/ਨਹਿਰਾਂ ’ਚ ਕਿਸੇ ਵੀ ਸਥਾਨ ’ਤੇ ਆਮ ਜਨਤਾ ਦੇ ਨਹਾਉਣ ਅਤੇ ਤੈਰਨ ’ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਦੇ ਖਿਲਾਫ ਕਾਨੂੰਨੀ ਕਾਰਵਾਈ ਨੂੰ ਅਮਲ ’ਚ ਲਿਆਉਣ ਦੇ ਆਦੇਸ਼ ਦਿੱਤੇ ਹਨ।
ਇਹ ਵੀ ਪੜ੍ਹੋ : ਰੱਖੜੀ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਦਿੱਤਾ ਤੋਹਫਾ, ਕੀਤੀਆਂ ਤਰੱਕੀਆਂ
ਪਟਿਆਲਾ ਦੇ ਵਧੀਕ ਜ਼ਿਲਾ ਮੈਜਿਸਟਰੇਟ ਇਸ਼ਾ ਸਿੰਗਲ ਨੇ ਹੁਕਮ ਜਾਰੀ ਕੀਤੇ ਹਨ ਕਿ ਜ਼ਿਲੇ ਦੀ ਹੱਦ ਅੰਦਰ ਮਿਊਂਸੀਪਲ ਕਮੇਟੀਆਂ, ਨਗਰ ਪੰਚਾਇਤਾਂ ਅਤੇ ਪਿੰਡਾਂ ਦੀਆਂ ਪੰਚਾਇਤਾਂ ਦੇ ਅਧਿਕਾਰ ਖੇਤਰ ’ਚ ਰਹਿਣ ਵਾਲਾ ਜਦੋਂ ਵੀ ਕੋਈ ਵਿਅਕਤੀ ਆਪਣੇ ਘਰ ’ਚ ਕਿਰਾਏਦਾਰ/ਨੌਕਰ/ਪੇਇੰਗ ਗੈਸਟ ਰੱਖੇਗਾ ਤਾਂ ਉਹ ਉਸ ਦਾ ਪੂਰਾ ਵੇਰਵਾ ਨੇੜੇ ਦੇ ਪੁਲਸ ਥਾਣੇ/ਚੌਕੀ ’ਚ ਦਰਜ ਕਰਾਉਣਾ ਯਕੀਨੀ ਬਣਾਏਗਾ। ਇਸ ਦੌਰਾਨ ਸਿਵਲ ਏਵੀਏਸ਼ਨ ਕਲੱਬ ਪਟਿਆਲਾ ਦੇ ਨੇੜੇ ਦੋ ਕਿਲੋਮੀਟਰ ਘੇਰੇ ’ਚ ਲਾਰਟੇਨ ਕਾਈਟਸ/ਵਿਸ਼ ਕਾਈਟਸ ਦੀ ਵਰਤੋ ਕਰਨ ’ਤੇ ਮੁਕੰਮਲ ਤੌਰ ’ਤੇ ਪਾਬੰਦੀ ਲਗਾਈ ਹੈ।
ਇਹ ਵੀ ਪੜ੍ਹੋ : ਰੱਖੜੀ ਤੋਂ ਪਹਿਲਾਂ ਹੋ ਗਿਆ ਵੱਡਾ ਐਲਾਨ, ਨਹੀਂ ਚੱਲਣਗੀਆਂ ਆਧਾਰ ਕਾਰਡ ਵਾਲੀਆਂ ਬੱਸਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e