ਚੰਡੀਗੜ੍ਹ-ਉਦੈਪੁਰ ਵਿਚਾਲੇ ਚੱਲੇਗੀ ਚੇਤਕ ਐਕਸਪ੍ਰੈੱਸ, ਜਾਣੋ ਕਦੋਂ ਹੋਵੇਗੀ ਸ਼ੁਰੂ

Monday, Jul 28, 2025 - 02:14 PM (IST)

ਚੰਡੀਗੜ੍ਹ-ਉਦੈਪੁਰ ਵਿਚਾਲੇ ਚੱਲੇਗੀ ਚੇਤਕ ਐਕਸਪ੍ਰੈੱਸ, ਜਾਣੋ ਕਦੋਂ ਹੋਵੇਗੀ ਸ਼ੁਰੂ

ਚੰਡੀਗੜ੍ਹ (ਲਲਨ) : ਚੰਡੀਗੜ੍ਹ-ਉਦੈਪੁਰ ਵਿਚਕਾਰ ਜਲਦੀ ਹੀ ਚੇਤਕ ਐਕਸਪ੍ਰੈੱਸ ਟਰੈਕ ’ਤੇ ਦੌੜਦੀ ਦਿਖਾਈ ਦੇਵੇਗੀ, ਕਿਉਂਕਿ ਅੰਬਾਲਾ ਮੰਡਲ ਨੇ ਇਸ ਰੇਲਗੱਡੀ ਦੇ ਸੰਚਾਲਨ ਸਬੰਧੀ ਰੇਲਵੇ ਨੂੰ ਪੱਤਰ ਲਿੱਖ ਕੇ ਮੰਗ ਕੀਤੀ ਹੈ ਕਿ ਮੰਡਲ ਇਸ ਰੇਲਗੱਡੀ ਨੂੰ ਚਲਾਉਣ ਲਈ ਤਿਆਰ ਹੈ। ਮੰਡਲ ਇਸ ਰੇਲਗੱਡੀ ਨੂੰ ਚਲਾਉਣ ਪ੍ਰਤੀ ਗੰਭੀਰ ਦਿਖਾਈ ਦੇ ਰਿਹਾ ਹੈ। ਹਾਲ ਹੀ ’ਚ ਸ਼ਹਿਰ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵੱਲੋਂ ਦਿੱਲੀ ’ਚ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਮੁਲਾਕਾਤ ਕੀਤੀ ਗਈ ਸੀ ਅਤੇ ਰੇਲਵੇ ਸਟੇਸ਼ਨ ਨਾਲ ਕੁਨੈਕਟੀਵਿਟੀ ਵਧਾਉਣ ’ਤੇ ਜ਼ੋਰ ਦਿੱਤਾ ਸੀ। ਉਮੀਦ ਹੈ ਕਿ ਆਉਣ ਵਾਲੇ ਦਿਨਾਂ ’ਚ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਧਾਰਮਿਕ ਸਥਾਨਾਂ ਲਈ ਵੀ ਰੇਲਗੱਡੀਆਂ ਚਲਾਈਆਂ ਜਾਣਗੀਆਂ।
ਰੇਲਗੱਡੀ ਨੂੰ ਕਰ ਦਿੱਤਾ ਸੀ ਐਕਸਟੈਂਡ
ਹਰਿਆਣਾ ’ਚ 2024 ’ਚ ਹੋਈਆਂ ਵਿਧਾਨ ਸਭਾ ਚੋਣਾਂ ਕਾਰਨ ਰੇਲਗੱਡੀ ਨੂੰ ਐਕਸਟੈਂਡ ਕਰ ਦਿੱਤਾ ਗਿਆ ਸੀ। ਜਾਣਕਾਰੀ ਮੁਤਾਬਕ ਚੰਡੀਗੜ੍ਹ ਤੋਂ ਉਦੈਪੁਰ ਵਿਚਕਾਰ ਚੱਲਣ ਵਾਲੀ ਚੇਤਕ ਐਕਸਪ੍ਰੈੱਸ ਚੰਡੀਗੜ੍ਹ ਤੋਂ 10 ਸਤੰਬਰ, 2024 ਨੂੰ ਸ਼ੁਰੂ ਹੋਣੀ ਸੀ ਪਰ ਉਸ ਦੌਰਾਨ ਹਰਿਆਣਾ ’ਚ ਚੋਣਾਂ ਦੇ ਮੱਦੇਨਜ਼ਰ ਰੇਲਵੇ ਬੋਰਡ ਨੇ ਇਸ ਦਾ ਸ਼ਡਿਊਲ ਜਾਰੀ ਨਹੀਂ ਕੀਤਾ ਸੀ। ਉਦੈਪੁਰ ਤੋਂ ਚੰਡੀਗੜ੍ਹ ਇਹ ਰੇਲਗੱਡੀ ਸਵੇਰੇ ਕਰੀਬ 9.15 ਵਜੇ ਪਹੁੰਚਣੀ ਸੀ, ਜਦੋਂ ਕਿ ਇਹ ਰੇਲਗੱਡੀ ਸਾਰਾ ਦਿਨ ਚੰਡੀਗੜ੍ਹ ਰੇਲਵੇ ਸਟੇਸ਼ਨ ’ਤੇ ਰੁਕੇਗੀ ਅਤੇ ਵਾਪਸੀ ’ਚ ਚੰਡੀਗੜ੍ਹ ਤੋਂ ਉਦੈਪੁਰ ਲਈ ਦੁਪਹਿਰ 3.45 ਵਜੇ ਜਾਣੀ ਸੀ।
ਰੇਲਵੇ ਸਟੇਸ਼ਨ ਦੇ ਪੁਨਰ ਨਿਰਮਾਣ ਦਾ ਕੰਮ ਅਕਤੂਬਰ ਤੱਕ ਪੂਰਾ ਹੋਣ ਦੀ ਸੰਭਾਵਨਾ
ਰੇਲ ਲੈਂਡ ਡਿਵੈਲਪਮੈਂਟ ਅਥਾਰਟੀ (ਆਰ. ਐੱਲ. ਡੀ. ਏ.) ਨੇ ਚੰਡੀਗੜ੍ਹ ਰੇਲਵੇ ਸਟੇਸ਼ਨ ਦੇ ਵਿਸ਼ਵ ਪੱਧਰੀ ਨਿਰਮਾਣ ਕਾਰਜ ਨੂੰ ਅਕਤੂਬਰ, 2025 ਤੱਕ ਪੂਰਾ ਕਰਨ ਦੀ ਸੰਭਾਵਨਾ ਪ੍ਰਗਟਾਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮੰਡਲ ਭਾਵੇਂ ਚੰਡੀਗੜ੍ਹ-ਉਦੈਪੁਰ ਵਿਚਕਾਰ ਚੱਲਣ ਵਾਲੀ ਚੇਤਕ ਐਕਸਪ੍ਰੈੱਸ ਚਲਾਉਣ ਲਈ ਤਿਆਰ ਹੈ, ਪਰ ਹਾਲੇ ਇਸ ’ਚ ਸਮਾਂ ਲੱਗੇਗਾ। ਉਮੀਦ ਹੈ ਕਿ ਸਤੰਬਰ ਤੱਕ ਇਹ ਰੇਲਗੱਡੀ ਸ਼ੁਰੂ ਹੋ ਜਾਵੇਗੀ।
ਸ਼ਤਾਬਦੀ ਨੂੰ ਲੁਧਿਆਣਾ ਤੱਕ ਵਧਾਉਣ ਦਾ ਪ੍ਰਸਤਾਵ
ਚੰਡੀਗੜ੍ਹ-ਦਿੱਲੀ ਵਿਚਕਾਰ ਚੱਲਣ ਵਾਲੀ ਸ਼ਤਾਬਦੀ ਰੇਲਗੱਡੀ ਨੰਬਰ 12045-46 ਨੂੰ ਲੁਧਿਆਣਾ ਤੱਕ ਐਕਸਟੈਂਡ ਕਰਨ ਦੀ ਗੱਲ 2024 ਵਿਚ ਕੀਤੀ ਗਈ ਸੀ, ਪਰ ਇਹ ਮਾਮਲਾ ਵਿਚਕਾਰ ਹੀ ਰੁਕ ਗਿਆ। ਉਮੀਦ ਹੈ ਕਿ ਇਹ ਮੋਹਾਲੀ ਰੇਲਵੇ ਸਟੇਸ਼ਨ ਅਪਗ੍ਰੇਡ ਹੋਣ ਤੋਂ ਬਾਅਦ ਚੰਡੀਗੜ੍ਹ-ਦਿੱਲੀ ਸ਼ਤਾਬਦੀ ਨੂੰ ਲੁਧਿਆਣਾ ਤੱਕ ਵਧਾਇਆ ਜਾ ਸਕਦਾ ਹੈ, ਕਿਉਂਕਿ ਮੋਹਾਲੀ ਰੇਲਵੇ ਸਟੇਸ਼ਨ ਅਪਗ੍ਰੇਡ ਹੋਣ ਤੋਂ ਬਾਅਦ ਇਸ ਰੇਲਵੇ ਸਟੇਸ਼ਨ ’ਤੇ ਰੇਲਗੱਡੀਆਂ ਦੀ ਗਿਣਤੀ ਵਧਾਉਣ ’ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ।
 


author

Babita

Content Editor

Related News