ਪਹਿਲਾਂ ਕੀਤੀ ਦੋਸਤੀ, ਫਿਰ ਵਿਆਹ ਕਰਨ ਤੋਂ ਕੀਤਾ ਇਨਕਾਰ
Thursday, Aug 23, 2018 - 06:23 AM (IST)

ਜਲੰਧਰ, (ਮਹੇਸ਼)- ਮੋਢੇ, ਗਰਦਨ, ਪੇਟ ਤੇ ਹੱਥ ’ਤੇ ਕਿਸੇ ਤੇਜ਼ਧਾਰ ਹਥਿਆਰ ਨਾਲ 32 ਸਾਲ ਦੀ ਇਕ ਨਰਸ ’ਤੇ ਕਈ ਵਾਰ ਕਰਦਿਆਂ ਉਸਦੀ ਹੱਤਿਆ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨੂੰ ਲੈ ਕੇ ਮੁਲਜ਼ਮ ਦਲੀਪ ਕੁਮਾਰ ਪੁੱਤਰ ਪ੍ਰੀਤਮ ਦਾਸ ਵਾਸੀ ਮਾਡਲ ਹਾਊਸ ਥਾਣਾ ਭਾਰਗੋ ਕੈਂਪ ਜਲੰਧਰ ਨੂੰ ਜਲੰਧਰ ਦਿਹਾਤ ਦੇ ਥਾਣਾ ਪਤਾਰਾ ਦੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਐੈੱਸ. ਐੱਚ. ਓ. ਪਤਾਰਾ ਸਤਪਾਲ ਸਿੱਧੂ ਨੇ ਇਸ ਕੇਸ ਨੂੰ ਸਿਰਫ 12 ਘੰਟੇ ਵਿਚ ਟਰੇਸ ਕਰ ਲੈਣ ਦਾ ਦਾਅਵਾ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਿਕ ਦਲੀਪ ਕੁਮਾਰ ਦੇ ਹਮਲੇ ਨਾਲ ਗੰਭੀਰ ਤੌਰ ’ਤੇ ਜ਼ਖਮੀ ਹੋਈ ਰਾਜਵੀਰ ਕੌਰ ਪੁੱਤਰੀ ਬਲਵਿੰਦਰ ਕੌਰ ਵਾਸੀ ਸ਼ਾਹਕੋਟ ਨਾਮਕ ਉਕਤ ਨਰਸ ਗੁਰੂ ਰਵਿਦਾਸ ਚੌਕ ਨੇੜੇ ਕਿਸੇ ਨਿੱਜੀ ਹਸਪਤਾਲ ਵਿਚ ਨੌਕਰੀ ਕਰਦੀ ਹੈ। ਉਸਦੀ ਦਲੀਪ ਕੁਮਾਰ ਨਾਲ ਪਿਛਲੇ ਕੁਝ ਸਮੇਂ ਤੋਂ ਦੋਸਤੀ ਸੀ। ਇਸ ਦੌਰਾਨ ਦੋਵਾਂ ਵਿਚ ਵਿਆਹ ਦੀ ਵੀ ਗੱਲ ਚੱਲ ਪਈ। ਰਾਜਵੀਰ ਨੇ ਜਦੋਂ ਦਲੀਪ ਨੂੰ ਵਿਆਹ ਕਰਨ ਲਈ ਕਿਹਾ ਤਾਂ ਉਸਨੇ ਇਨਕਾਰ ਕਰ ਦਿੱਤਾ।
ਦੇਰ ਰਾਤ ਪੁਲਸ ਨੇ ਪਹੁੰਚਾਇਆ ਹਸਪਤਾਲ
ਸੜਕ ਕਿਨਾਰੇ ਖੂਨ ਨਾਲ ਲੱਥਪੱਥ ਹਾਲਤ ਵਿਚ ਇਕ ਲੜਕੀ ਦੇ ਪਏ ਹੋਣ ਦੀ ਸੂਚਨਾ ਕਿਸੇ ਨੇ ਕੰਟਰੋਲ ਰੂਮ ’ਤੇ ਦਿੱਤੀ ਜਿਸਤੋਂ ਬਾਅਦ ਡੀ. ਐੈੱਸ. ਪੀ. ਆਦਮਪੁਰ ਸੁਰਿੰਦਰ ਕੁਮਾਰ ਤੇ ਐੈੱਸ. ਐੈੱਚ. ਓ. ਪਤਾਰਾ ਸਤਪਾਲ ਸਿੱਧੂ ਮੌਕੇ ’ਤੇ ਪੁੱਜੇ ਤੇ ਲੜਕੀ ਨੂੰ ਸਿਵਲ ਹਸਪਤਾਲ ਪਹੁੰਚਾਇਆ। ਪੂਰੀ ਰਾਤ ਹੋਸ਼ ਵਿਚ ਨਾ ਆ ਸਕਣ ਕਾਰਨ ਪੁਲਸ ਉਸਦੇ ਬਾਰੇ ਕੁਝ ਵੀ ਨਾ ਜਾਣ ਸਕੀ। ਅੱਜ ਸਵੇਰੇ ਹੋਸ਼ ਆਉਣ ’ਤੇ ਜਦੋਂ ਉਸਨੇ ਖੁਦ ਨੂੰ ਹਸਪਤਾਲ ਵਿਚ ਪਾਇਆ ਤਾਂ ਪੂਰੀ ਕਹਾਣੀ ਪੁਲਸ ਦੇ ਸਾਹਮਣੇ ਰੱਖ ਦਿੱਤੀ। ਪੁਲਸ ਦਾ ਕਹਿਣਾ ਹੈ ਕਿ ਹੁਣ ਉਸਦੀ ਹਾਲਤ ਖਤਰੇ ਤੋਂ ਬਾਹਰ ਹੈ। ਰਾਜਵੀਰ ਦੇ ਪਰਿਵਾਰ ਵਾਲਿਆਂ ਨੂੰ ਵੀ ਸੂਚਨਾ ਦੇ ਦਿੱਤੀ ਗਈ ਹੈ।
ਰਾਜਵੀਰ ਦੇ ਬਿਆਨਾਂ ’ਤੇ ਦਲੀਪ ’ਤੇ ਕੇਸ ਦਰਜ
ਨਰਸ ਰਾਜਵੀਰ ਕੌਰ ਦੇ ਬਿਆਨਾਂ ’ਤੇ ਥਾਣਾ ਪਤਾਰਾ ਦੀ ਪੁਲਸ ਨੇ ਮੁਲਜ਼ਮ ਦਲੀਪ ਕੁਮਾਰ ’ਤੇ ਆਈ. ਪੀ. ਸੀ. ਦੀ ਧਾਰਾ 307 ਸਣੇ ਹੋਰ ਕਈ ਧਾਰਾਵਾਂ ਦੇ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਸ ਨੇ ਅੱਜ ਉਸਦੀ ਗ੍ਰਿਫਤਾਰੀ ਦਿਖਾ ਦਿੱਤੀ ਹੈ। ਕੱਲ ਉਸਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਿਲ ਕੀਤਾ ਜਾਵੇਗਾ। ਪੁਲਸ ਦੋਵਾਂ ਦਰਮਿਆਨ ਸਬੰਧਾਂ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।
ਇੰਗਲੈਂਡ ਤੇ ਹਾਂਗਕਾਂਗ ਤੋਂ ਆਇਆ ਸੀ ਮੁਲਜ਼ਮ
ਪੁਲਸ ਜਾਂਚ ਵਿਚ ਪਤਾ ਲੱਗਾ ਹੈ ਕਿ ਮਾਡਲ ਹਾਊਸ ਵਾਸੀ ਮੁਲਜ਼ਮ ਦਲੀਪ ਕੁਮਾਰ ਇੰਗਲੈਂਡ ਤੇ ਹਾਂਗਕਾਂਗ ਤੋਂ ਆਇਆ ਹੈ। ਇਸ ਤੋਂ ਇਲਾਵਾ ਉਹ ਹੋਰ ਵੀ ਕਈ ਦੇਸ਼ਾਂ ਵਿਚ ਹੋ ਕੇ ਆਇਆ ਹੈ। ਉਸਦੀ ਰਾਜਵੀਰ ਨਾਲ ਹਸਪਤਾਲ ਵਿਚ ਹੀ ਜਾਣ-ਪਛਾਣ ਹੋਈ ਸੀ ਜੋ ਕਿ ਬਾਅਦ ਵਿਚ ਦੋਸਤੀ ਵਿਚ ਬਦਲ ਗਈ। ਇੰਨਾ ਹੀ ਨਹੀਂ ਰਾਜਵੀਰ ਮਾਡਲ ਹਾਊਸ ਖੇਤਰ ਵਿਚ ਕਿਰਾਏ ਦੇ ਕਮਰੇ ਵਿਚ ਰਹਿੰਦੀ ਰਹੀ ਹੈ। ਪਤਾਰਾ ਪੁਲਸ ਮੁਤਾਬਿਕ ਮੁਲਜ਼ਮ ਰਾਜਵੀਰ ਤੋਂ ਉਮਰ ਵਿਚ ਕਰੀਬ 8-9 ਸਾਲ ਛੋਟਾ ਹੈ।