ਸਿੱਖਿਆ ਵਿਭਾਗ ਦੀ ਸੀ. ਬੀ. ਐੱਸ. ਈ. ਤੇ ਆਈ. ਸੀ. ਆਈ. ਸਕੂਲਾਂ ''ਤੇ ਰਹੇਗੀ ਤਿੱਖੀ ਨਜ਼ਰ
Saturday, Dec 16, 2017 - 10:31 AM (IST)

ਅੰਮ੍ਰਿਤਸਰ (ਦਲਜੀਤ) - ਪੰਜਾਬ ਦੇ ਸੀ. ਬੀ. ਐੱਸ. ਈ. ਤੇ ਆਈ. ਸੀ. ਆਈ. ਬੋਰਡਾਂ ਨਾਲ ਸਬੰਧਤ ਸਕੂਲਾਂ 'ਤੇ ਹੁਣ ਸਿੱਖਿਆ ਵਿਭਾਗ ਦੇ ਅਧਿਕਾਰੀ ਲਗਾਤਾਰ ਨਜ਼ਰ ਬਣਾਈ ਰੱਖਣਗੇ। ਵਿਭਾਗ ਨੇ ਉਕਤ ਸਕੂਲਾਂ ਵੱਲੋਂ ਮਾਨਤਾ ਲੈਣ ਸਬੰਧੀ ਵਿਸ਼ੇਸ਼ ਯੋਜਨਾ ਉਲੀਕਦਿਆਂ ਆਪਣੇ ਅਧਿਕਾਰੀਆਂ ਦੀਆਂ ਸ਼ਕਤੀਆਂ ਵਿਚ ਵਾਧਾ ਕੀਤਾ ਹੈ। ਵਿਭਾਗ ਦੇ ਅਧਿਕਾਰੀਆਂ ਨੂੰ ਜੇਕਰ ਸਬੰਧਤ ਸਕੂਲਾਂ ਵਿਚ ਚੈਕਿੰਗ ਦੌਰਾਨ ਊਣਤਾਈਆਂ ਮਿਲਦੀਆਂ ਹਨ ਤਾਂ ਉਹ ਸੀ. ਬੀ. ਐੱਸ. ਈ. ਤੇ ਆਈ. ਸੀ. ਆਈ. ਬੋਰਡਾਂ ਪਾਸੋਂ ਸਕੂਲਾਂ ਦੀ ਮਾਨਤਾ ਵੀ ਰੱਦ ਕਰਵਾ ਸਕਦੇ ਹਨ। ਸਿੱਖਿਆ ਵਿਭਾਗ ਨੇ ਇਸ ਸਬੰਧੀ ਸਮੂਹ ਜ਼ਿਲਾ ਸਿੱਖਿਆ ਅਫਸਰਾਂ ਨੂੰ ਪੱਤਰ ਵੀ ਜਾਰੀ ਕਰ ਦਿੱਤਾ ਹੈ।
ਵਿਭਾਗ ਵੱਲੋਂ ਜਾਰੀ ਪੱਤਰ 'ਚ ਸਪੱਸ਼ਟ ਕੀਤਾ ਗਿਆ ਹੈ ਕਿ ਪ੍ਰਾਈਵੇਟ ਸਕੂਲਾਂ ਨੂੰ ਬਾਹਰੀ ਸੂਬਿਆਂ ਦੇ ਬੋਰਡਾਂ ਤੋਂ ਮਾਨਤਾ ਲੈਣ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਪਾਸੋਂ ਇਤਰਾਜ਼ਹੀਣਤਾ ਸਰਟੀਫਿਕੇਟ ਲੈਣਾ ਬੇਹੱਦ ਜ਼ਰੂਰੀ ਹੈ। ਸਕੂਲ ਡਾਇਰੈਕਟਰ ਸਿੱਖਿਆ ਵਿਭਾਗ ਸੈਕੰਡਰੀ ਦੇ ਦਫਤਰ ਵਿਚ ਦਸਤਾਵੇਜ਼ ਜਮ੍ਹਾ ਕਰਵਾ ਕੇ ਇਤਰਾਜ਼ਹੀਣਤਾ ਸਰਟੀਫਿਕੇਟ ਲੈਣ ਲਈ ਅਰਜ਼ੀ ਦੇਣਗੇ। ਵਿਭਾਗ ਕੋਲ ਅਰਜ਼ੀ ਆਉਣ ਤੋਂ ਬਾਅਦ ਸਬੰਧਤ ਜ਼ਿਲਾ ਸਿੱਖਿਆ ਅਫਸਰ ਦੀਆਂ ਟੀਮਾਂ ਉਕਤ ਸਕੂਲ ਦਾ ਗੁਪਤ ਨਿਰੀਖਣ ਕਰ ਕੇ ਰਿਪੋਰਟ ਡੀ. ਪੀ. ਆਈ. ਦਫਤਰ ਨੂੰ ਦੇਣਗੀਆਂ, ਜਿਸ ਤੋਂ ਬਾਅਦ ਸਕੂਲ ਨੂੰ ਇਤਰਾਜ਼ਹੀਣਤਾ ਸਰਟੀਫਿਕੇਟ ਜਾਰੀ ਹੋਵੇਗਾ। ਇਸ ਤੋਂ ਪਹਿਲਾਂ ਇਤਰਾਜ਼ਹੀਣਤਾ ਸਰਟੀਫਿਕੇਟ ਮੰਡਲ ਸਿੱਖਿਆ ਅਫਸਰ ਪਾਸੋਂ ਹੀ ਜਾਰੀ ਹੋ ਜਾਂਦਾ ਸੀ। ਵਿਭਾਗ ਨੇ ਪੱਤਰ ਵਿਚ ਕਿਹਾ ਹੈ ਕਿ ਜੇਕਰ ਡੀ. ਈ. ਓ. ਪੱਧਰੀ ਟੀਮਾਂ ਨਿਰੀਖਣ ਦੌਰਾਨ ਊਣਤਾਈਆਂ ਪਾਉਂਦੀਆਂ ਹਨ ਤਾਂ ਸਬੰਧਤ ਸਕੂਲ ਨੂੰ ਇਤਰਾਜ਼ਹੀਣਤਾ ਸਰਟੀਫਿਕੇਟ ਜਾਰੀ ਨਹੀਂ ਕੀਤਾ ਜਾਵੇਗਾ।