ਸ਼ੇਅਰਾਂ ਰਾਹੀਂ ਪੈਸੇ ਦੁੱਗਣੇ ਕਰਨ ਦਾ ਝਾਂਸਾ ਦੇ ਕੇ ਇਮੀਗ੍ਰੇਸ਼ਨ ਸੰਚਾਲਕ ਵੱਲੋਂ 72 ਲੱਖ 50 ਹਜ਼ਾਰ ਠੱਗੇ
Sunday, Jun 19, 2022 - 04:45 PM (IST)
ਮੋਗਾ (ਆਜ਼ਾਦ) : ਮੋਗਾ ਜ਼ਿਲ੍ਹੇ ਦੇ ਪਿੰਡ ਸੁਖਾਨੰਦ ਨਿਵਾਸੀ ਕਿਸਾਨ ਹਰਨੇਕ ਸਿੰਘ ਅਤੇ ਉਸਦੇ ਆਸਟ੍ਰੇਲੀਆ ਰਹਿੰਦੇ ਭਰਾ ਅਵਤਾਰ ਸਿੰਘ ਨੂੰ ਸ਼ੇਅਰਾਂ ਰਾਹੀਂ ਪੈਸੇ ਦੁੱਗਣੇ ਕਰਨ ਦਾ ਝਾਂਸਾ ਦੇ ਕੇ ਰਾਜੇਆਣਾ ਦੇ ਫਰੈਂਡਜ਼ ਇੰਟਰਪ੍ਰਾਈਜ਼ਜ਼ ਦੇ ਸੰਚਾਲਕ ਅਮਨਦੀਪ ਸਿੰਘ ਜੋ ਲੋਕਾਂ ਨੂੰ ਵਿਦੇਸ਼ ਭੇਜਣ ਦਾ ਵੀ ਕੰਮ ਕਰਦੇ ਹਨ, ਵੱਲੋਂ ਆਪਣੇ ਹਿੱਸੇਦਾਰਾਂ ਨਾਲ ਕਥਿਤ ਮਿਲੀਭੁਗਤ ਕਰਕੇ 72 ਲੱਖ 50 ਹਜ਼ਾਰ ਰੁਪਏ ਦੀ ਠੱਗੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਜਾਂਚ ਤੋਂ ਬਾਅਦ ਥਾਣਾ ਬਾਘਾ ਪੁਰਾਣਾ ਵਿਚ ਅਮਨਦੀਪ ਸਿੰਘ, ਰਿੰਕੂ, ਗੀਤਾ ਰਾਣੀ, ਰਾਮ ਕੁਮਾਰ ਸਾਰੇ ਨਿਵਾਸੀ ਵੈਰੋਕੇ ਰੋਡ ਰਾਜੇਆਣਾ (ਮੋਗਾ) ਖ਼ਿਲਾਫ ਧੋਖਾਦੇਹੀ ਅਤੇ ਹੋਰਨਾਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਹਰਨੇਕ ਸਿੰਘ ਨੇ ਕਿਹਾ ਕਿ ਮੈਂ ਆਪਣੇ ਭਰਾ ਅਵਤਾਰ ਸਿੰਘ ਨਾਲ ਫਰਵਰੀ 2021 ਵਿਚ ਰਾਜੇਆਣਾ ਨਿਵਾਸੀ ਜਗਰਾਜ ਸਿੰਘ ਦੇ ਘਰ ਕੰਮ ਲਈ ਗਏ ਸੀ, ਜਿੱਥੇ ਅਮਨਦੀਪ ਸਿੰਘ ਅਤੇ ਦੂਸਰੇ ਦੋਸ਼ੀ ਮੌਜੂਦ ਸਨ, ਜਿਨ੍ਹਾਂ ਨੇ ਸਾਨੂੰ ਆਪਣੇ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਆਮ ਲੋਕਾਂ ਤੋਂ ਪੈਸੇ ਲੈ ਕੇ ਵੱਡੀਆਂ ਕੰਪਨੀਆਂ ਦੇ ਸ਼ੇਅਰਾਂ ਵਿਚ ਲਗਾਉਂਦੇ ਹਨ ਅਤੇ ਬਹੁਤ ਥੋੜੇ ਸਮੇਂ ਵਿਚ ਵੱਡੀ ਰਕਮ ਫਾਇਦੇ ਦੇ ਰੂਪ ਵਿਚ ਵਾਪਸ ਕਰ ਦਿੰਦੇ ਹਨ, ਜਿਸ ’ਤੇ ਅਸੀਂ ਭਰੋਸਾ ਕਰ ਕੇ 20 ਫਰਵਰੀ 2021 ਨੂੰ ਆਪਣੇ ਬੈਂਕ ਖਾਤੇ ਵਿਚੋਂ ਪਹਿਲਾਂ 12 ਲੱਖ ਰੁਪਏ ਉਨ੍ਹਾਂ ਦੇ ਖਾਤੇ ਵਿਚ ਜਮ੍ਹਾ ਕਰਵਾਏ।
ਸਾਨੂੰ ਕਥਿਤ ਦੋਸ਼ੀਆਂ ਨੇ ਭਰੋਸਾ ਦਿੱਤਾ ਕਿ ਉਹ ਤੁਹਾਡੇ ਪੈਸੇ ਇੰਡੀਗੋ ਏਅਰਲਾਈਨ ਦੀ ਕੰਪਨੀ ਵਿਚ ਲਗਾਉਣਗੇ। ਇਸ ਉਪਰੰਤ ਉਨ੍ਹਾਂ ਸਾਨੂੰ ਦੱਸਿਆ ਕਿ ਉਨ੍ਹਾਂ ਨੇ 786 ਸ਼ੇਅਰ ਤੁਹਾਡੇ ਲਈ ਖਰੀਦ ਕੀਤੇ ਹਨ ਅਤੇ ਉਨ੍ਹਾਂ ਸਾਨੂੰ ਇਸ ਦੀ ਰਸੀਦ ਵੀ ਦਿੱਤੀ ਅਤੇ ਭਰੋਸਾ ਦਿੱਤਾ ਕਿ 2-3 ਮਹੀਨਿਆਂ ਵਿਚ ਸ਼ੇਅਰਾਂ ਦੀ ਕੀਮਤ ਵੱਧ ਜਾਵੇਗੀ। ਇਸ ਤਰ੍ਹਾਂ ਦੋਸ਼ੀ ਸਾਡੇ ਕੋਲੋਂ ਕਈ ਵਾਰ ਪੈਸੇ ਹਾਸਲ ਕਰਦੇ ਰਹੇ ਅਤੇ 72 ਲੱਖ 50 ਹਜ਼ਾਰ ਰੁਪਏ ਅਸੀਂ ਉਨ੍ਹਾਂ ਦੇ ਖਾਤਿਆਂ ਵਿਚ ਜਮ੍ਹਾ ਕਰਵਾ ਦਿੱਤੇ। ਸਾਨੂੰ ਕਿਹਾ ਗਿਆ ਕਿ ਉਨ੍ਹਾਂ ਨੇ ਸਾਰੀ ਰਕਮ ਇੰਡੀਗੋ ਏਅਰਲਾਈਨਜ਼ ਦੇ ਸ਼ੇਅਰ ਖਰੀਦ ਕਰਨ ਵਿਚ ਲਗਾਈ ਹੈ, ਜੋ ਥੋੜੇ ਸਮੇਂ ਵਿਚ ਹੀ ਦੁੱਗਣੇ ਕਰਕੇ ਉਨ੍ਹਾਂ ਨੂੰ ਵਾਪਸ ਮਿਲ ਜਾਣਗੇ।
ਤਿੰਨ ਮਹੀਨੇ ਬੀਤਣ ਦੇ ਬਾਅਦ ਜਦੋਂ ਅਸੀਂ ਉਨ੍ਹਾਂ ਨੂੰ ਕਿਹਾ ਕਿ ਸਾਡੇ ਪੈਸੇ ਜੋ ਵਧੇ ਹਨ ਸਾਰੇ ਵਾਪਸ ਕਰ ਦਿਉ ਕਿਉਂਕਿ ਅਸੀਂ ਖੇਤੀਬਾੜੀ ਦਾ ਕੰਮ ਕਰਦੇ ਹਾਂ ਅਤੇ ਉਕਤ ਪੈਸੇ ਅਸੀਂ ਵੱਖ-ਵੱਖ ਬੈਂਕਾਂ ਦੀਆਂ ਲਿਮਟਾਂ ਚੁੱਕ ਕੇ ਦਿੱਤੇ ਸਨ ਅਤੇ ਸਾਨੂੰ ਵਿਆਜ ਪੈ ਰਿਹਾ ਹੈ, ਪਰ ਉਨ੍ਹਾਂ ਸਾਫ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਅਸੀਂ ਉਨ੍ਹਾਂ ਵੱਲੋਂ ਦਿੱਤੇ ਗਏ ਸ਼ੇਅਰ ਸਰਟੀਫਿਕੇਟਾਂ ਦੀ ਜਾਂਚ ਕਰਵਾਈ ਤਾਂ ਪਤਾ ਲੱਗਾ ਕਿ ਇਹ ਜਾਅਲੀ ਹਨ। ਇਸ ਤਰ੍ਹਾਂ ਕਥਿਤ ਦੋਸ਼ੀਆਂ ਨੇ ਮਿਲੀਭੁਗਤ ਕਰ ਕੇ ਸਾਡੇ ਨਾਲ ਠੱਗੀ ਧੋਖਾ ਕੀਤਾ ਹੈ ਅਤੇ ਸਾਡੇ 72 ਲੱਖ 50 ਹਜ਼ਾਰ ਰੁਪਏ ਵੀ ਹੜੱਪ ਕਰ ਗਏ। ਜਾਂਚ ਉਪਰੰਤ ਇਹ ਵੀ ਪਤਾ ਲੱਗਾ ਕਿ ਕਥਿਤ ਦੋਸ਼ੀ ਭੋਲੇ-ਭਾਲੇ ਲੋਕਾਂ ਨੂੰ ਆਪਣੇ ਝਾਂਸੇ ਵਿਚ ਲੈ ਕੇ ਵਿਦੇਸ਼ ਭੇਜਣ ਦੇ ਨਾਂ ’ਤੇ ਪੈਸੇ ਹਾਸਲ ਕਰਦੇ ਹਨ ਅਤੇ ਠੱਗੀ ਮਾਰਦੇ ਹਨ ਅਤੇ ਕਾਫੀ ਲੋਕ ਇਨ੍ਹਾਂ ਦੀ ਠੱਗੀ ਦਾ ਵੀ ਸ਼ਿਕਾਰ ਹੋ ਚੁੱਕੇ ਹਨ ਅਤੇ ਇਨ੍ਹਾਂ ਖਿਲਾਫ ਪਹਿਲਾਂ ਵੀ ਧੋਖਾਦੇਹੀ ਦੇ ਮਾਮਲੇ ਦਰਜ ਹਨ। ਇਸ ਮਾਮਲੇ ਦੀ ਜਾਂਚ ਦੇ ਬਾਅਦ ਸ਼ਿਕਾਇਤ ਕਰਤਾਵਾਂ ਦੇ ਦੋਸ਼ ਸਹੀ ਪਾਏ ਜਾਣ ’ਤੇ ਉਕਤ ਮਾਮਲਾ ਦਰਜ ਕੀਤਾ ਗਿਆ। ਇਸ ਮਾਮਲੇ ਦੀ ਅਗਲੇਰੀ ਜਾਂਚ ਸਹਾਇਕ ਥਾਣੇਦਾਰ ਸੁਰਜੀਤ ਸਿੰਘ ਵੱਲੋਂ ਕੀਤੀ ਜਾ ਰਹੀ ਹੈ, ਗ੍ਰਿਫਤਾਰੀ ਬਾਕੀ ਹੈ।