ਮਜੀਠੀਆ ’ਤੇ ਐੱਫ਼. ਆਈ. ਆਰ. ਤਾਂ ਮਾਫੀਆ ’ਤੇ ਕਿਉਂ ਨਹੀਂ : ਸ਼ਮਸ਼ੇਰ ਸਿੰਘ ਦੂਲੋ
Tuesday, Jan 04, 2022 - 02:18 PM (IST)
ਚੰਡੀਗੜ੍ਹ (ਅਸ਼ਵਨੀ) : ਸੀਨੀਅਰ ਕਾਂਗਰਸ ਨੇਤਾ ਅਤੇ ਸੰਸਦ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਨੇ ਪੰਜਾਬ ਸਰਕਾਰ ਨੂੰ ਘੇਰਦਿਆਂ ਪੁੱਛਿਆ ਹੈ ਕਿ ਜੇਕਰ ਸਰਕਾਰ ਸ਼੍ਰੋਮਣੀ ਅਕਾਲੀ ਦਲ ਨੇਤਾ ਬਿਕਰਮ ਸਿੰਘ ਮਜੀਠੀਆ ’ਤੇ ਐੱਫ਼. ਆਈ. ਆਰ. ਦਰਜ ਕਰ ਸਕਦੀ ਹੈ ਤਾਂ ਫਿਰ ਰੇਤ ਮਾਫ਼ੀਆ, ਸ਼ਰਾਬ ਮਾਫ਼ੀਆ ਅਤੇ ਵਜੀਫ਼ਾ ਗੜਬੜੀ ਮਾਮਲੇ ’ਚ ਮੁਲਜ਼ਮਾਂ ਖ਼ਿਲਾਫ਼ ਐੱਫ਼. ਆਈ. ਆਰ. ਦਰਜ ਕਿਉਂ ਨਹੀਂ ਕਰ ਰਹੀ। ਚੰਡੀਗੜ੍ਹ ’ਚ ਗੱਲਬਾਤ ਕਰਦਿਆਂ ਦੂਲੋ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਰੇਤ ਮਾਫ਼ੀਆ, ਸ਼ਰਾਬ ਮਾਫ਼ੀਆ ਅਤੇ ਵਜੀਫ਼ਾ ਘੋਟਾਲੇ ’ਚ ਸ਼ਾਮਲ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਸਬੰਧੀ ਪੱਤਰ ਲਿਖਿਆ ਸੀ ਪਰ 100 ਦਿਨ ਤੱਕ ਉਹ ਚੁੱਪ ਬੈਠੇ ਰਹੇ।
ਹੁਣ 100 ਦਿਨ ਬਾਅਦ ਉਹ ਸਵਾਲ ਉਠਾ ਰਹੇ ਹਨ ਕਿਉਂਕਿ ਸਰਕਾਰ ਨੇ ਕੁੱਝ ਨਹੀਂ ਕੀਤਾ। ਸਿਰਫ਼ ਚਿਹਰੇ ਬਦਲੇ ਹਨ ਪਰ ਸਿਸਟਮ ’ਚ ਕੋਈ ਬਦਲਾਅ ਨਹੀਂ ਆਇਆ ਹੈ। ਦੂਲੋ ਨੇ ਕਿਹਾ ਕਿ ਕੋਵਿਡ ਦੌਰਾਨ ਪਿਛਲੇ ਸਮੇਂ ਪੰਜਾਬ ਭਰ ’ਚ ਸ਼ਰਾਬ ਫੈਕਟਰੀਆਂ ਫੜ੍ਹੀਆਂ ਗਈਆਂ। ਬੇਸ਼ੱਕ ਪਹਿਲਾਂ ਕੈ. ਅਮਰਿੰਦਰ ਸਿੰਘ ਇਸ ’ਤੇ ਪਰਦਾ ਪਾਉਂਦੇ ਰਹੇ ਪਰ ਕੀ ਹੁਣ ਮੌਜੂਦਾ ਸਰਕਾਰ ਦੀ ਵੀ ਇਨ੍ਹਾਂ ਨਾਲ ਮਿਲੀ-ਭੁਗਤ ਹੈ। ਜ਼ਹਿਰੀਲੀ ਸ਼ਰਾਬ ਪੀਣ ਨਾਲ 124 ਲੋਕਾਂ ਦੀ ਮੌਤ ਹੋਈ। ਬਾਵਜੂਦ ਇਸ ਦੇ ਸ਼ਰਾਬ ਫੈਕਟਰੀਆਂ ਦੇ ਮਾਲਕਾਂ ਨੂੰ ਨਹੀਂ ਫੜ੍ਹਿਆ ਗਿਆ। ਕਾਂਗਰਸ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕਾਂਗਰਸ ਮਾਫ਼ੀਆ, ਸਮੱਗਲਰਾਂ ਅਤੇ ਮੌਤ ਦੇ ਸੌਦਾਗਰਾਂ ਦੇ ਨਾਲ ਨਹੀਂ ਹੈ।