ਕਾਂਗਰਸੀ ਰਾਜ ਸਭਾ ਮੈਂਬਰ ਦੀ ਪਤਨੀ 'ਆਪ' 'ਚ ਹੋਈ ਸ਼ਾਮਲ (ਵੀਡੀਓ)
Tuesday, Apr 16, 2019 - 03:52 PM (IST)
ਜਲੰਧਰ (ਵੈੱਬ ਡੈਸਕ) : ਕਾਂਗਰਸੀ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਦੀ ਪਤਨੀ ਹਰਬੰਸ ਕੌਰ ਅੱਜ ਆਪ 'ਚ ਸ਼ਾਮਲ ਹੋ ਗਈ ਹੈ। ਜਲੰਧਰ ਵਿਖੇ ਪ੍ਰੈੱਸ ਕਾਨਫਰੰਸ ਕਰਕੇ ਅਮਨ ਅਰੋੜਾ ਨੇ ਇਹ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਸ਼ਮਸ਼ੇਰ ਸਿੰਘ ਦੂਲੋ ਕਾਂਗਰਸ ਖਿਲਾਫ ਬਿਆਨਬਾਜੀ ਕਰ ਰਹੇ ਸਨ। ਸਿਆਸਤ ਦੇ ਮਾਹਿਰਾਂ ਵਲੋਂ ਇਹ ਅੰਦਾਜੇ ਲਗਾਏ ਜਾ ਰਹੇ ਹਨ ਕਿ ਦੂਲੋ ਕਾਂਗਰਸ ਨੂੰ ਅਲਵਿਦਾ ਕਹਿਣ ਵਾਲੇ ਹਨ ਪਰ ਅੱਜ ਵਾਪਰੀ ਇਸ ਘਟਨਾ ਨੇ ਸਿਆਸੀ ਹਲਕਿਆਂ 'ਚ ਨਵੀਂ ਚਰਚਾ ਛੇੜ ਦਿੱਤੀ ਹੈ। ਸੂਤਰਾਂ ਦੀ ਮੰਨੀਏ ਤਾਂ ਬੀਬੀ ਹਰਬੰਸ ਕੌਰ ਨੂੰ ਫਤਿਹਗੜ੍ਹ ਸਾਹਿਬ ਤੋਂ ਟਿਕਟ ਦਿੱਤੀ ਜਾ ਸਕਦੀ ਹੈ।
ਦੱਸ ਦਈਏ ਕਿ 2012 ਦੀਆਂ ਵਿਧਾਨਸਭਾ ਚੋਣਾਂ 'ਚ ਹਰਬੰਸ ਕੌਰ ਕਾਂਗਰਸ ਵਲੋਂ ਬੱਸੀ ਪਠਾਣਾ ਤੋਂ ਚੋਣ ਲੜੀ ਸੀ। ਹਰਬੰਸ ਕੌਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਸਟਿਸ ਨਿਰਮਲ ਸਿੰਘ ਤੋਂ 11,509 ਵੋਟਾਂ ਦੇ ਫਰਕ ਨਾਲ ਹਾਰ ਗਈ ਸੀ।
ਪ੍ਰੈੱਸ ਕਾਨਫਰੰਸ ਵਿਚ ਵਿਧਾਇਕ ਅਤੇ ਕਿਸਾਨ ਵਿੰਗ ਦੇ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ, ਵਿਧਾਇਕ ਅਤੇ ਐੱਨ. ਆਰ. ਆਈ. ਵਿੰਗ ਦੇ ਪ੍ਰਧਾਨ ਜੈਕਿਸ਼ਨ ਰੋੜੀ, ਫਤਿਹਗੜ੍ਹ ਸਾਹਿਬ ਤੋਂ ਪਾਰਟੀ ਉਮੀਦਵਾਰ ਬਲਜਿੰਦਰ ਸਿੰਘ ਚੌਂਦਾ, ਹਲਕਾ ਚੋਣ ਪ੍ਰਚਾਰ ਇੰਚਾਰਜ ਨਵਦੀਪ ਸਿੰਘ ਸੰਘਾ, ਜਲੰਧਰ ਤੋਂ ਜ਼ਿਲਾ ਪ੍ਰਧਾਨ ਡਾ. ਸ਼ਿਵਦਿਆਲ ਮਾਲੀ ਅਤੇ ਸੂਬਾ ਮੀਤ ਪ੍ਰਧਾਨ ਡਾ. ਸੰਜੀਵ ਸ਼ਰਮਾ ਆਦਿ ਸ਼ਾਮਲ ਰਹੇ। ਇਸ ਮੌਕੇ ਅਮਨ ਅਰੋੜਾ ਨੇ ਕਿਹਾ ਕਿ ਹਰਬੰਸ ਕੌਰ ਦੂਲੋ ਦੇ ਆਮ ਆਦਮੀ ਪਾਰਟੀ 'ਚ ਆਉਣ ਨਾਲ ਜਿਥੇ ਪਾਰਟੀ ਫਤਿਹਗੜ੍ਹ ਸਾਹਿਬ ਸੀਟ ਤੋਂ ਵੱਡੀ ਜਿੱਤ ਦਰਜ ਕਰੇਗੀ, ਉਥੇ ਹੀ ਦੂਲੋ ਪਰਿਵਾਰ ਦਾ ਪਾਰਟੀ ਨੂੰ ਪੂਰੇ ਪੰਜਾਬ ਵਿਚ ਫਾਇਦਾ ਮਿਲੇਗਾ। ਅਰੋੜਾ ਨੇ ਬਲਜਿੰਦਰ ਸਿੰਘ ਚੌਂਦਾ ਵਲੋਂ ਆਪਣੀ ਟਿਕਟ ਦਾ ਤਿਆਗ ਕਰ ਕੇ ਹਰਬੰਸ ਕੌਰ ਦੂਲੋ ਦੀ ਝੋਲੀ ਵਿਚ ਪਾਉਣ ਲਈ ਭਰਪੂਰ ਪ੍ਰਸ਼ੰਸਾ ਕੀਤੀ। ਹਰਬੰਸ ਕੌਰ ਦੂਲੋ ਨੇ ਇਸ ਮੌਕੇ ਕਿਹਾ ਕਿ ਉਨ੍ਹਾਂ ਇਹ ਫੈਸਲਾ ਆਪਣੇ ਪਤੀ ਸ਼ਮਸ਼ੇਰ ਸਿੰਘ ਦੂਲੋ ਨੂੰ ਪੁੱਛ ਕੇ ਹੀ ਲਿਆ ਹੈ ਪਰ ਦੂਲੋ ਸਾਹਿਬ ਦਾ ਆਪਣਾ ਕੀ ਫੈਸਲਾ ਹੈ, ਇਸ ਬਾਰੇ ਉਹ ਖੁਦ ਹੀ ਦੱਸ ਸਕਦੇ ਹਨ।