ਸਿੱਧੂ ਵਲੋਂ ਪੰਜਾਬ ਪੁਲਸ ਦਾ ਅਮਪਾਨ ਕਰਨਾ ਸ਼ਰਮਨਾਕ : ਚੁੱਘ
Wednesday, Dec 29, 2021 - 01:07 AM (IST)
ਚੰਡੀਗੜ੍ਹ(ਸ਼ਰਮਾ)- ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੱਧੂ ਨੂੰ ਪੰਜਾਬ ਪੁਲਸ ਕਰਮਚਾਰੀਆਂ ਲਈ ਅਪਮਾਨਜਨਕ ਭਾਸ਼ਾ ਦਾ ਇਸਤੇਮਾਲ ਕਰਨ ਲਈ ਸਖ਼ਤ ਫਟਕਾਰ ਲਗਾਈ ਹੈ। ਚੁੱਘ ਨੇ ਕਿਹਾ ਦੀ ਨਵਜੋਤ ਸਿੱਧੂ ਨੇ ਹਾਲ ਹੀ ’ਚ ਸੁਲਤਾਨਪੁਰ ਲੋਧੀ ਦੀ ਰੈਲੀ ’ਚ ਵਿਧਾਇਕ ਨਵਤੇਜ ਸਿੰਘ ਚੀਮਾ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਕਾਂਗਰਸ ਦੇ ਵਿਧਾਇਕ ਦੇ ਦਬਕੇ ਨਾਲ ਥਾਣੇਦਾਰ ਆਪਣੀ ਪੈਂਟ ਗਿੱਲੀ ਕਰ ਸਕਦੇ ਹਨ।
ਸਿੱਧੂ ਦੀ ਟਿੱਪਣੀ ’ਤੇ ਸਖ਼ਤ ਇਤਰਾਜ਼ ਜਤਾਉਂਦਿਆਂ ਚੁੱਘ ਨੇ ਕਿਹਾ ਕਿ ਸਿੱਧੂ ਵਲੋਂ ਪੰਜਾਬ ਪੁਲਸ ਦੇ ਜਾਂਬਾਜ਼ ਜਵਾਨਾਂ ਦਾ ਅਪਮਾਨ ਕਰਨਾ ਸ਼ਰਮਨਾਕ ਹੈ। ਚੁੱਘ ਨੇ ਯਾਦ ਕਰਵਾਉਂਦਿਆਂ ਕਿਹਾ ਦੀ ਸਿੱਧੂ ਕਿਸ ਤਰ੍ਹਾਂ ਪਾਕਿਸਤਾਨੀ ਫੌਜ ਦੇ ਚੀਫ਼ ਜਨਰਲ ਬਾਜਵਾ ਦਾ ਸਵਾਗਤ ਜੱਫ਼ੀ ਪਾ ਕੇ ਕਰਦੇ ਹਨ ਅਤੇ ਪੰਜਾਬ ਪੁਲਸ ਦੇ ਜਾਂਬਾਜ਼ ਕਰਮਚਾਰੀਆਂ ਦਾ ਆਪਣੇ ਨੇਤਾਵਾਂ ਦੇ ਸਾਹਮਣੇ ਅਪਮਾਨ ਕਰਦੇ ਹਨ। ਪੁਲਸ ਕਰਮਚਾਰੀਆਂ ਦਾ ਜਨਤਕ ਤੌਰ ’ਤੇ ਅਪਮਾਨ ਕਰਕੇ ਸਿੱਧੂ ਨੇ ਇਕ ਵਾਰ ਫਿਰ ਆਪਣੀ ਗੈਰ-ਗੰਭੀਰ ਸ਼ਖਸੀਅਤ ਦਾ ਸਬੂਤ ਦਿੱਤਾ ਹੈ, ਜੋ ਪੰਜਾਬ ਲਈ ਬੋਝ ਬਣ ਗਿਆ ਹੈ।