ਸ਼ੰਭੂ ਬਾਰਡਰ ਤੋੜਨ ਦਾ ਇਸ ਕਿਸਾਨ ਨੇ ਦੱਸ ’ਤਾ ਜੁਗਾੜ, ਸਰਕਾਰ ਦੀਆਂ ਰੋਕਾਂ ਤੋੜ ਇੰਝ ਵਧਣਗੇ ਦਿੱਲੀ ਵੱਲ

Tuesday, Feb 13, 2024 - 06:37 PM (IST)

ਸ਼ੰਭੂ ਬਾਰਡਰ ਤੋੜਨ ਦਾ ਇਸ ਕਿਸਾਨ ਨੇ ਦੱਸ ’ਤਾ ਜੁਗਾੜ, ਸਰਕਾਰ ਦੀਆਂ ਰੋਕਾਂ ਤੋੜ ਇੰਝ ਵਧਣਗੇ ਦਿੱਲੀ ਵੱਲ

ਪਟਿਆਲਾ/ਫਤਿਹਗੜ੍ਹ ਸਾਹਿਬ : ਕਿਸਾਨਾਂ ਵੱਲੋਂ ਦਿੱਤੇ ਦਿੱਲੀ ਚੱਲੋ ਦੇ ਸੱਦੇ ਤਹਿਤ ਪਟਿਆਲਾ ਜ਼ਿਲ੍ਹੇ ’ਚ ਪੈਂਦੇ ਸ਼ੰਭੂ ਬੈਰੀਅਰ ’ਤੇ ਹਲਚਲ ਤੇਜ਼ ਹੋ ਗਈ ਹੈ। ਕਿਸਾਨ ਸ਼ੰਭੂ ਬੈਰੀਅਰ ਦੇ ਨੇੜੇ ਪੁੱਜਣੇ ਸ਼ੁਰੂ ਹੋ ਗਏ ਹਨ। ਦੂਜੇ ਪਾਸੇ ਫਤਿਹਗੜ੍ਹ ਸਾਹਿਬ ਵਿਚ ਟਰੈਕਟਰ ਟਰਾਲੀਆਂ ’ਤੇ ਤਿਆਰ ਬਰ ਤਿਆਰ ਬੈਠੇ ਹਨ। ਇਸ ਦੌਰਾਨ ਇਕ ਕਿਸਾਨ ਨੇ ਆਖਿਆ ਕਿ ਉਨ੍ਹਾਂ ਨੇ ਦਿੱਲੀ ਪਹੁੰਚਣ ਦੀ ਪੂਰੀ ਤਿਆਰੀ ਕਰ ਲਈ ਹੈ, ਸਰਕਾਰ ਭਾਵੇਂ ਜਿੰਨੀਆਂ ਮਰਜ਼ੀ ਰੋਕਾਂ ਲਗਾ ਲਵੇ ਉਹ ਸਾਰੀਆਂ ਰੋਕਾਂ ਪਾਰ ਕਰਕੇ ਅੱਗੇ ਵੱਧਣਗੇ। 

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਵਿਚ ਇਸ ਦਿਨ ਨਹੀਂ ਮਿਲੇਗਾ ਪੈਟਰੋਲ-ਡੀਜ਼ਲ

ਕਿਸਾਨਾਂ ਨੇ ਕਿਹਾ ਕਿ ਭਾਵੇਂ ਸਰਕਾਰ ਨੇ ਵੱਡੇ ਵੱਡੇ ਪੱਥਰ ਵੱਡੀਆਂ ਵੱਡੀਆਂ ਕਿੱਲਾਂ ਅਤੇ ਹੋਰ ਕਈ ਤਰ੍ਹਾਂ ਦੀਆਂ ਰੋਕਾਂ ਲਗਾਈਆਂ ਹਨ ਪਰ ਕਿਸਾਨਾਂ ਨੇ ਵੀ ਇਨ੍ਹਾਂ ਰੋਕਾਂ ਨੂੰ ਪਾਰ ਕਰਨ ਲਈ ਪੂਰੇ ਜੁਗਾੜ ਕਰ ਲਏ ਹਨ। ਪੰਜਾਬ ਹਰਿਆਣਾ ਦੀ ਸਰਹੱਦ ’ਤੇ ਮਿੱਟੀਆਂ ਦੀਆਂ ਭਰੀਆਂ ਟਰਾਲੀਆਂ ਭਰਕੇ ਖੜ੍ਹੀਆਂ ਕਰ ਦਿੱਤੀਆਂ ਗਈਆਂ ਹਨ। ਟਿੱਪਰ ਭਰ ਕੇ ਪਹਿਲਾਂ ਹੀ ਖੜ੍ਹੇ ਕਰ ਦਿੱਤੇ ਹਨ। ਇਸੇ ਮਿੱਟੀ ਨੂੰ ਉਥੇ ਪਾ ਕੇ ਬਾਈਪਾਸ ਕਰਕੇ ਅੱਗੇ ਜਾਵਾਂਗੇ। ਇਸ ਦੌਰਾਨ ਕਿਸਾਨਾਂ ਨੇ ਸਰਕਾਰ ਦੇ ਬੈਰੀਕੇਡ ਤੋੜਨ ਲਈ ਟ੍ਰੈਕਟਰਾਂ ਅੱਗੇ ਲੋਹੇ ਦੇ ਵੱਡੇ ਵੱਡੇ ਸ਼ਿਕੰਜੇ ਵੀ ਲਗਾਏ ਗਏ ਹਨ। ਕਿਸਾਨਾਂ ਨੇ ਕਿਹਾ ਕਿ ਅਸੀਂ ਜੰਗ ਲਈ ਪੂਰੀ ਤਰ੍ਹਾਂ ਤਿਆਰ ਹਾਂ। ਨਾ ਲੰਗਰ ਦੀ ਤੋਟ ਹੈ ਅਤੇ ਨਾ ਤੇਲ ਦੀ ਘਾਟ ਹੈ। ਇਸ ਵਾਰ ਲੜਾਈ ਆਰ-ਪਾਰ ਦੀ ਹੈ, ਜਿਸ ਨੂੰ ਅਸੀਂ ਜਿੱਤ ਕੇ ਹੀ ਘਰ ਮੁੜਾਂਗੇ। 

ਇਹ ਵੀ ਪੜ੍ਹੋ : ਪੰਜਾਬ-ਹਰਿਆਣਾ ਬਾਰਡਰ ’ਤੇ 'ਜੰਗ' ਵਰਗੇ ਹਾਲਾਤ, ਇੰਟਰਨੈੱਟ ਬੰਦ, ਹੱਦਾਂ ਪੂਰੀ ਤਰ੍ਹਾਂ ਸੀਲ, ਵੇਖੋ ਕੀ ਬਣੇ ਹਾਲਾਤ

ਦੂਜੇ ਪਾਸੇ ਪਟਿਆਲਾ ਦੇ ਐੱਸ. ਐੱਸ. ਪੀ. ਵਰੁਣ ਸ਼ਰਮਾ ਨੇ ਵੀ ਪੁਲਸ ਨੂੰ ਨਾਲ ਲੈ ਕੇ ਬੈਰੀਅਰ ਖੇਤਰ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ। ਇਕ ਦਿਨ ਪਹਿਲਾਂ ਹੀ ਫਤਹਿਗੜ੍ਹ ਸਾਹਿਬ ਵਿਖੇ ਰੁਕਿਆ ਇਕ ਹੋਰ ਕਿਸਾਨਾਂ ਦਾ ਕਾਫਲਾ ਵੀ ਬੈਰੀਅਰ ਲਈ ਰਵਾਨਾ ਹੋ ਗਿਆ, ਜਿਸ ਦੀ ਅਗਵਾਈ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਕਰ ਰਹੇ ਹਨ। ਇਸ ਦੌਰਾਨ ਹਰਿਆਣਾ ਪੁਲਸ ਨੇ ਕਿਸਾਨਾਂ ਨੂੰ ਅੱਗੇ ਨਾ ਵਧਣ ਦੀ ਚਿਤਾਵਨੀ ਦਿੱਤੀ ਹੈ ਅਤੇ ਕਿਹਾ ਹੈ ਕਿ ਉਹ ਕਾਨੂੰਨ ਆਪਣੇ ਹੱਥ ਵਿਚ ਨਾ ਲੈਣ। ਹਰਿਆਣਾ ਪੁਲਸ ਨੇ ਕਿਸਾਨਾਂ ਨੂੰ ਪੰਜਾਬ ਵਾਲੇ ਪਾਸੇ ਹੀ ਪ੍ਰਦਰਸ਼ਨ ਕਰਨ ਦੀ ਸਲਾਹ ਦਿੱਤੀ ਹੈ।

ਇਹ ਵੀ ਪੜ੍ਹੋ : ਚੋਣ ਡਿਊਟੀ ’ਤੇ ਲੱਗੇ ਅਧਿਆਪਕਾਂ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਝਟਕਾ

ਬੇਸਿੱਟਾ ਰਹੀ ਸੀ ਮੀਟਿੰਗ

ਕੇਂਦਰੀ ਕੈਬਨਿਟ ਵਜ਼ੀਰਾਂ ਦੀ ਟੀਮ ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਤੇ ਕਿਸਾਨ ਮਜ਼ਦੂਰ ਮੋਰਚਾ ਦੇ ਆਗੂਆਂ ਨਾਲ ਸੋਮਵਾਰ ਨੂੰ ਦੂਜੇ ਗੇੜ ਦੀ ਕਰੀਬ ਸਾਢੇ ਪੰਜ ਘੰਟੇ ਚੱਲੀ ਮੀਟਿੰਗ ’ਚ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਅਤੇ ਕਰਜ਼ਾ ਮੁਆਫੀ ਦੇ ਮੁੱਦੇ ’ਤੇ ਸਹਿਮਤੀ ਨਹੀਂ ਬਣ ਸਕੀ। ਦੂਜੇ ਗੇੜ ਦੀ ਮੀਟਿੰਗ ਵਿਚ ਮਾਹੌਲ ਤਲਖਮਈ ਰਿਹਾ ਅਤੇ ਆਖਰ ਗੱਲ ਟੁੱਟ ਗਈ। ਕੇਂਦਰੀ ਨੇਤਾਵਾਂ ਵੱਲੋਂ ਕੋਈ ਹੁੰਗਾਰਾ ਨਾ ਭਰੇ ਜਾਣ ਤੋਂ ਰੋਹ ਵਿਚ ਆਏ ਕਿਸਾਨ ਨੇਤਾਵਾਂ ਨੇ ਕਰੀਬ 11.35 ਵਜੇ ਮੀਟਿੰਗ ’ਚੋਂ ਬਾਹਰ ਆ ਕੇ ਐਲਾਨ ਕੀਤਾ ਕਿ ਉਹ ਮੰਗਲਵਾਰ 10 ਵਜੇ ‘ਦਿੱਲੀ ਕੂਚ’ ਕਰਨਗੇ। ਸੂਤਰਾਂ ਅਨੁਸਾਰ ਕੇਂਦਰੀ ਵਜ਼ੀਰਾਂ ਨੇ ਅਖੀਰ ਵਿਚ ਕਿਸਾਨਾਂ ਨੂੰ ਇਹ ਪੇਸ਼ਕਸ਼ ਵੀ ਕੀਤੀ ਕਿ ਉਹ ਕੇਂਦਰੀ ਖੇਤੀ ਮੰਤਰੀ ਦੀ ਅਗਵਾਈ ਹੇਠ ਇਨ੍ਹਾਂ ਮੰਗਾਂ ਨੂੰ ਵਿਚਾਰਨ ਲਈ ਇਕ ਕਮੇਟੀ ਦਾ ਗਠਨ ਕਰਨਗੇ, ਜਿਨ੍ਹਾਂ ਵਿਚ ਸੂਬਿਆਂ ਦੇ ਖੇਤੀ ਮੰਤਰੀਆਂ ਤੋਂ ਇਲਾਵਾ ਕਿਸਾਨ ਆਗੂਆਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ ਪਰ ਕਿਸਾਨ ਆਗੂਆਂ ਨੇ ਇਹ ਪੇਸ਼ਕਸ਼ ਸਿਰੇ ਤੋਂ ਨਕਾਰ ਦਿੱਤੀ। ਕਿਸਾਨ ਨੇਤਾ ਸਰਵਣ ਸਿੰਘ ਪੰਧੇਰ ਨੇ ਮੀਟਿੰਗ ਮਗਰੋਂ ਕਿਹਾ ਕਿ ਕਿਸਾਨ ਕਿਸੇ ਵੀ ਤਰ੍ਹਾਂ ਦਾ ਟਕਰਾਅ ਨਹੀਂ ਚਾਹੁੰਦੇ ਸਨ ਅਤੇ ਗੱਲਬਾਤ ਦੇ ਜ਼ਰੀਏ ਮਾਮਲਾ ਸਿਰੇ ਲਾਉਣਾ ਚਾਹੁੰਦੇ ਸਨ ਪ੍ਰੰਤੂ ਕੇਂਦਰ ਸਰਕਾਰ ਅਹਿਮ ਮੰਗਾਂ ਮੰਨਣ ਦੇ ਰੌਂਅ ਵਿਚ ਨਹੀਂ ਹੈ। ਸਰਕਾਰ ਦੇ ਮਨ ਵਿਚ ਖੋਟ ਹੈ ਅਤੇ ਸਰਕਾਰ ਸਮਾਂ ਲੰਘਾਉਣਾ ਚਾਹੁੰਦੀ ਹੈ। 

ਇਹ ਵੀ ਪੜ੍ਹੋ : ਪੰਜਾਬ ਨਾਲ ਲੱਗਦੇ ਬਾਰਡਰ ਹਰਿਆਣਾ ਨੇ ਕੀਤੇ ਸੀਲ, ਦੋਵਾਂ ਸੂਬਿਆਂ ਦਾ ਸੰਪਰਕ ਟੁੱਟਿਆ, ਫੋਰਸ ਤਾਇਨਾਤ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News