ਮੀਂਹ ਕਾਰਨ ਸ਼ਾਹਪੁਰ ਨੂੰ ਜਾਂਦੀ ਲਿੰਕ ਸਡ਼ਕ ਪਾਣੀ ’ਚ ਡੁੱਬੀ

Friday, Jul 27, 2018 - 03:00 AM (IST)

ਮੀਂਹ ਕਾਰਨ ਸ਼ਾਹਪੁਰ ਨੂੰ ਜਾਂਦੀ ਲਿੰਕ ਸਡ਼ਕ ਪਾਣੀ ’ਚ ਡੁੱਬੀ

ਸ੍ਰੀ ਕੀਰਤਪੁਰ ਸਾਹਿਬ (ਬਾਲੀ)- ਅੱਜ ਭਾਰੀ ਮੀਂਹ ਪੈਣ ਕਾਰਨ ਸ੍ਰੀ ਕੀਰਤਪੁਰ ਸਾਹਿਬ ਦਾ ਇਲਾਕਾ ਜਲ-ਥਲ ਹੋ ਗਿਆ। ਤੇਜ਼ ਮੀਂਹ  ਕਾਰਨ ਮੇਨ ਬਾਜ਼ਾਰ ਵਿਚ ਵੀ ਪਾਣੀ ਹੀ ਪਾਣੀ ਹੋਇਆ ਪਿਆ ਸੀ।  ਮੀਂਹ ਦਾ ਪਾਣੀ ਕਈ ਘਰਾਂ ਵਿਚ ਦਾਖਲ ਹੋ ਗਿਆ।

ਪਿੰਡ ਸ਼ਾਹਪੁਰ ਦਾ ਰਸਤਾ ਹੋਇਆ ਬੰਦ
ਮੀਂਹ ਪੈਣ ਕਾਰਨ ਸ੍ਰੀ ਕੀਰਤਪੁਰ ਸਾਹਿਬ ਤੋਂ ਪਿੰਡ ਸ਼ਾਹਪੁਰ ਨੂੰ ਜਾਂਦੀ ਲਿੰਕ ਸਡ਼ਕ ਉਪਰ ਵੀ ਪਾਣੀ ਆਉਣ ਕਾਰਨ ਇਹ ਰਸਤਾ ਲੋਕਾਂ ਦੀ ਆਵਾਜਾਈ ਲਈ ਬੰਦ ਹੋ ਗਿਆ। ਸਤਲੁਜ ਦਰਿਆ ਉਪਰ ਫੱਟਿਆਂ ਵਾਲੇ ਪੁਲ ਦੇ ਇਕ ਪਾਸੇ ਸ੍ਰੀ ਕੀਰਤਪੁਰ ਸਾਹਿਬ ਵਾਲੀ ਸਾਈਡ ਮੀਂਹ ਦੇ ਪਾਣੀ ਕਾਰਨ ਇਹ ਲਿੰਕ ਸਡ਼ਕ ਪਾਣੀ ’ਚ ਡੁੱਬ ਗਈ। ਜਿਸ ਕਾਰਨ ਇਸ ਪਾਣੀ ’ਚੋਂ ਲੋਕਾਂ ਦਾ ਲੰਘਣਾ ਅੌਖਾ ਹੋ ਗਿਆ। ਲੋਕਾਂ ਨੂੰ ਪਿੰਡ ਸ਼ਾਹਪੁਰ ਤੋਂ ਸ੍ਰੀ ਕੀਰਤਪੁਰ ਸਾਹਿਬ ਵੱਲ ਆਉਣ ਲਈ ਪਿੰਡ ਗੱਜਪੁਰ, ਕੋਟਲਾ ਲਿੰਕ ਸਡ਼ਕ ਤੋਂ ਹੋ ਕੇ ਆਉਣਾ ਪਿਆ। ਕਿਸਾਨਾਂ ਦੀ ਦਰਿਆ ਅਤੇ ਬਰਸਾਤੀ ਨਾਲਿਆਂ ਨਜ਼ਦੀਕ ਪੈਂਦੀ  ਸੈਂਕਡ਼ੇ ਏਕਡ਼ ਜ਼ਮੀਨ ਵਿਚ ਵੀ ਮੀਂਹ ਦਾ ਪਾਣੀ ਇਕੱਠਾ ਹੋਣ ਕਾਰਨ ਉਨ੍ਹਾਂ ਦੀ ਮੱਕੀ ਅਤੇ ਝੋਨੇ ਦੀ ਫਸਲ ਪਾਣੀ ਵਿਚ ਡੁੱਬ ਗਈ।

ਨਾਲੇ ਦੀ ਸਫਾਈ ਨਾ ਹੋਣ ਕਾਰਨ ਬਸਤੀ ਨੂੰ ਖਤਰਾ
ਰੇਲਵੇ ਲਾਈਨ ਤੋਂ ਪਾਰ ਦਾਣਾ ਮੰਡੀ ਦੇ ਨਾਲ ਪੈਂਦੀ ਬਸਤੀ ਨੂੰ ਨਾਲ ਵੱਗਦੇ ਗੰਦੇ ਨਾਲੇ ਵਿਚ ਆਉਂਦੇ ਬਰਸਾਤੀ ਪਾਣੀ ਤੋਂ ਖਤਰਾ ਬਣਿਆ ਹੋਇਆ ਹੈ। ਪਿਛਲੇ ਸਾਲ ਵੀ ਇਸ ਨਾਲੇ ਵਿਚ ਭਾਰੀ ਤਦਾਦ ਵਿਚ ਬਰਸਾਤੀ ਪਾਣੀ ਆਉਣ ਕਾਰਨ ਪਾਣੀ ਬੈਕ ਮਾਰ ਗਿਆ ਸੀ ਜਿਸ ਕਾਰਨ  ਬਸਤੀ ਪਾਣੀ ਵਿਚ ਡੁੱਬ ਗਈ ਸੀ।  ਇਸ ਗੰਦੇ ਨਾਲੇ ਦਾ ਪਾਣੀ ਅੱਗੇ ਸਤਲੁਜ ਦਰਿਆ ਵਿਚ ਪੈਂਦਾ ਹੈ। ਰੇਲਵੇ ਲਾਈਨ ਤੋਂ ਲੈ ਕੇ ਦਾਣਾ ਮੰਡੀ ਲਿੰਕ ਸਡ਼ਕ ਤੱਕ ਇਸ ਗੰਦੇ ਨਾਲੇ ਦੀ ਸਾਫ ਸਫਾਈ ਸੀਵਰੇਜ ਪਾ ਰਹੇ ਠੇਕੇਦਾਰ ਵੱਲੋਂ ਤਾਂ ਕਰ ਦਿੱਤੀ ਗਈ ਪਰ ਅੱਗੇ ਬਰਸਾਤੀ ਨਾਲੇ ਦੀ ਸਾਫ ਸਫਾਈ ਨਾ ਹੋਣ ਕਾਰਨ ਇਸ ਵਿਚ ਉੱਗੀ ਘਾਹ-ਬੂਟੀ ਨਾਲ ਪਾਣੀ ਦੀ ਨਿਕਾਸੀ ਸਹੀ ਢੰਗ ਨਾਲ  ਨਹੀਂ ਹੋ ਰਹੀ। ਜਿਸ ਕਾਰਨ ਉਕਤ ਬਸਤੀ ਲਈ ਖਤਰਾ ਬਣ ਸਕਦਾ ਹੈ। ਨਗਰ ਪੰਚਾਇਤ ਨੂੰ ਇਸ ਨਾਲੇ ਦੀ ਦਰਿਆ ਤੱਕ ਸਾਫ-ਸਫਾਈ ਕਰਵਾਉਣੀ ਚਾਹੀਦੀ ਹੈ।


Related News