ਦੋਸਤ ਨੇ ਹੀ ਲੁੱਟਿਆ ਸੀ ਮਨੀ ਫੋਰੈਕਸ ਦਾ ਕਰਮਚਾਰੀ

06/23/2018 12:25:06 AM

ਸ਼ਾਹਕੋਟ,(ਅਰੁਣ)—ਮਲਸੀਆਂ ਅੱਡੇ 'ਤੇ ਮੰਗਲਵਾਰ ਨੂੰ ਵਾਪਰੀ ਲੁੱਟ ਖੋਹ ਦੀ ਵਾਰਦਾਤ ਨੂੰ ਪੁਲਸ ਨੇ ਸੁਲਝਾ ਲਿਆ ਹੈ। ਸੂਤਰਾ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਸ਼ਾਹਕੋਟ ਪੁਲਸ ਨੇ ਇਸ ਮਾਮਲੇ 'ਚ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। 
ਪ੍ਰਾਪਤ ਹੋਈ ਜਾਣਕਾਰੀ ਮੁਤਾਬਕ 19 ਜੂਨ ਨੂੰ ਸਵੇਰੇ ਤਕਰੀਬਨ ਸਵਾ 9 ਵਜੇ ਇਕ ਐਕਟੀਵਾ 'ਤੇ ਸਵਾਰ ਤਿੰਨ ਲੁਟੇਰੇ  ਮਿੱਤਲ ਐਂਡ ਸੰਨਜ ਦੇ ਦਫਤਰ ਅੰਸ਼ਿਤ ਇੰਟਰਪ੍ਰਾਇਜ਼ਸ ਦੇ ਕਰਮਚਾਰੀ ਮਿੰਟੂ ਵਾਸੀ ਸ਼ਾਹਕੋਟ ਤੋਂ ਤਕਰੀਬਨ ਸਵਾ 4 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ ਸਨ। ਸੂਤਰਾਂ ਮੁਤਾਬਕ ਲੁਟੇਰੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮਲਸੀਆਂ ਤੋਂ ਪਿੰਡ ਕੋਟਲੀ ਗਾਜ਼ਰਾਂ ਨੂੰ ਚੱਲੇ ਗਏ, ਜਿਥੇ ਉਨ੍ਹਾਂ ਨੇ ਲੁੱਟ ਦੀ ਰਾਸ਼ੀ ਨੂੰ ਆਪਸ 'ਚ ਵੰਡ ਲਿਆ। ਪੁਲਸ ਹੱਥ ਇਸ ਸੰਬੰਧੀ ਇਕ ਸਕੂਲ ਦੀ ਸੀ. ਸੀ. ਟੀ. ਵੀ. ਫੁੱਟੇਜ ਵੀ ਲੱਗੀ, ਇਸੇ ਫੁੱਟੇਜ ਦੇ ਸਹਾਰੇ ਪੁਲਸ ਲੁਟੇਰਿਆਂ ਤਕ ਪਹੁੰਚ ਸਕੀ। ਜਿਸ ਪਿੱਛੋਂ ਕਾਰਵਾਈ ਕਰਦਿਆਂ ਪੁਲਸ ਨੇ ਲੁੱਟ ਦਾ ਸ਼ਿਕਾਰ ਹੋਏ ਮਿੰਟੂ ਦੇ ਸ਼ਾਹਕੋਟ ਵਾਸੀ ਦੋਸਤ ਨੂੰ ਇਕ ਹੋਰ ਨੌਜਵਾਨ ਸਮੇਤ ਗ੍ਰਿਫਤਾਰ ਕਰ ਲਿਆ। ਜਿਸ ਤੋਂ ਬਾਅਦ ਪਤਾ ਲੱਗਾ ਕਿ ਵਾਰਦਾਤ ਦਾ ਮਾਸਟਰ ਮਾਇੰਡ ਮਿੰਟੂ ਦਾ ਹੀ ਦੋਸਤ ਸੀ। ਜਿਸ ਨੇ ਮਿੰਟੂ ਦੀ ਕਈ ਦਿਨ ਲਗਾਤਾਰ ਰੇਕੀ ਕੀਤੀ। ਵਾਰਦਾਤ ਵਾਲੇ ਦਿਨ ਵੀ ਜਦ ਬੰਟੀ ਸਵੇਰੇ ਸ਼ਾਹਕੋਟ ਤੋਂ ਕੈਸ਼ ਲੈ ਕੇ ਮਲਸੀਆਂ ਦਫਤਰ ਜਾਣ ਲਈ ਬੱਸ 'ਚ ਸਵਾਰ ਹੋਇਆ ਤਾਂ ਉਸਦੇ ਦੋਸਤ ਨੇ ਆਪਣੇ ਬਾਕੀ ਸਾਥੀਆਂ ਨੂੰ ਇਸ ਬਾਰੇ ਸੂਚਨਾ ਦੇ ਦਿੱਤੀ। ਜਿਨ੍ਹਾਂ ਨੇ ਮਿੰਟੂ ਦੇ ਮਲਸੀਆਂ ਪੁੱਜਣ 'ਤੇ ਵਾਰਦਾਤ ਨੂੰ ਬੜੀ ਆਸਾਨੀ ਨਾਲ ਅੰਜਾਮ ਦੇ ਦਿੱਤਾ ਤੇ ਮੌਕੇ ਤੋਂ ਫਰਾਰ ਹੋ ਗਏ। 
ਸੂਤਰਾਂ ਮੁਤਾਬਕ ਪੁਲਸ ਨੇ ਇਸ ਵਾਰਦਾਤ 'ਚ ਸ਼ਾਮਲ ਇਕ ਹੋਰ ਨੌਜਵਾਨ ਨੂੰ ਕਪੂਰਥਲਾ ਤੋਂ ਗ੍ਰਿਫਤਾਰ ਕੀਤਾ ਹੈ, ਜਦਕਿ ਇਕ ਹੋਰ ਨੌਜਵਾਨ ਦੀ ਗ੍ਰਿਫਤਾਰੀ ਲਈ ਪੁਲਸ ਛਾਪੇਮਾਰੀ ਕਰ ਰਹੀ ਹੈ। ਫਿਲਹਾਲ ਪੁਲਸ ਅਧਿਕਾਰੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਰਹੇ ਹਨ। 
ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਕੁਝ ਦੂਰੀ 'ਤੇ ਹੀ ਵੰਡ ਲਈ ਰਕਮ
ਇਲਾਕੇ ਅੰਦਰ ਜਿਸ ਬੇਖੋਫ ਅੰਦਾਜ ਨਾਲ ਲੁਟੇਰੇ ਵਾਰਦਾਤ ਨੂੰ ਅੰਜਾਮ ਦੇ ਦਿੰਦੇ ਹਨ, ਉਹ ਅੰਦਾਜ ਹਰ ਵਾਰ ਪੁਲਸ 'ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਜਾਂਦਾ ਹੈ। ਮੰਗਲਵਾਰ ਨੂੰ ਮਿੰਟੂ ਕੋਲੋ ਲੁੱਟੇ ਗਏ ਸਵਾ 4 ਲੱਖ ਰੁਪਏ ਦੀ ਘਟਨਾ ਨੇ ਵੀ ਪੁਲਸ 'ਤੇ ਕਈ ਸਵਾਲ ਖੜੇ ਕਰ ਦਿੱਤੇ ਸਨ। ਹੁਣ ਜੇਕਰ ਸੂਤਰਾਂ ਦੀ ਮੰਨੀਏ ਤਾਂ ਲੁਟੇਰੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮਲਸੀਆਂ ਤੋਂ ਕੋਟਲੀ ਗਾਜ਼ਾਰਾ ਗਏ, ਜਿਨ੍ਹਾਂ ਨੇ ਉਥੇ ਰਕਮ ਦੀ ਵੰਡ ਕੀਤੀ। ਵਾਰਦਾਤ ਵਾਲੀ ਥਾਂ ਤੋਂ ਪਿੰਡ ਕੋਟਲੀ ਗਾਜ਼ਰਾ ਸਿਰਫ 2 ਕੁ ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ, ਜਦਕਿ ਪੁਲਸ ਵਲੋਂ ਵਾਰਦਾਤ ਵਾਪਰਨ ਤੋਂ ਬਾਅਦ ਲੁਟੇਰਿਆਂ ਨੂੰ ਲੱਭਣ ਲਈ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਸਨ। ਜਿਸ ਤੋਂ ਬਾਅਦ ਪੁਲਸ ਵਲੋਂ ਇਲਾਕੇ ਭਰ 'ਚ ਨਾਕੇਬੰਦੀ ਕੀਤੀ ਗਈ ਪਰ ਇਸ ਦੇ ਬਾਵਜੂਦ ਲੁਟੇਰੇ ਬੇਖੌਫ ਹੋ ਕੇ ਵਾਰਦਾਤ ਨੂੰ ਅੰਜਾਮ ਦੇ ਕੇ ਰੁਪਏ ਵੰਡ ਕੇ ਆਪੋ-ਆਪਣੇ ਇਲਾਕੇ 'ਚ ਪਹੁੰਚ ਗਏ।


Related News