''ਮੇਰਾ ਕੂੜਾ, ਮੇਰੀ ਜ਼ਿੰਮੇਵਾਰੀ'' ਮੁਹਿੰਮ ਨੂੰ ਖੋਰਾ ਲਾ ਰਿਹੈ ਸ਼ਾਹੀ ਸ਼ਹਿਰ ਦਾ ਬੱਸ ਸਟੈਂਡ

Saturday, Jan 27, 2018 - 12:19 PM (IST)

''ਮੇਰਾ ਕੂੜਾ, ਮੇਰੀ ਜ਼ਿੰਮੇਵਾਰੀ'' ਮੁਹਿੰਮ ਨੂੰ ਖੋਰਾ ਲਾ ਰਿਹੈ ਸ਼ਾਹੀ ਸ਼ਹਿਰ ਦਾ ਬੱਸ ਸਟੈਂਡ

ਪਟਿਆਲਾ (ਲਖਵਿੰਦਰ)-ਸ਼ਾਹੀ ਸ਼ਹਿਰ ਪਟਿਆਲਾ ਦਾ ਬੱਸ ਸਟੈਂਡ 'ਮੇਰਾ ਕੂੜਾ, ਮੇਰੀ ਜ਼ਿੰਮੇਵਾਰੀ' ਮੁਹਿੰਮ ਨੂੰ ਖੋਰਾ ਲਾ ਰਿਹਾ ਹੈ। ਨਗਰ ਨਿਗਮ ਵੱਲੋਂ ਸ਼ਹਿਰ ਦੀ ਸਫਾਈ ਦੇ ਮਾਮਲੇ ਨੂੰ ਲੈ ਕੇ 411 ਨੰਬਰ 'ਤੇ ਆਈ ਰੈਂਕਿੰਗ ਨੂੰ ਦੇਖਦਿਆਂ ਜੋ ਸਫਾਈ ਮੁਹਿੰਮ ਸ਼ੁਰੂ ਕੀਤੀ ਗਈ ਹੈ, ਵਿਚ ਪੀ. ਆਰ. ਟੀ. ਸੀ. ਦਾ ਬੱਸ ਸਟੈਂਡ ਬਿਲਕੁੱਲ ਵੀ ਸਹਿਯੋਗ ਨਹੀਂ ਕਰ ਰਿਹਾ ਹੈ। ਬੱਸ ਸਟੈਂਡ ਅੰਦਰ ਗੰਦਗੀ ਦੇ ਢੇਰ ਪਏ ਦਿਖਾਈ ਦਿੰਦੇ ਹਨ। ਭਾਵੇਂ ਕਿ ਪੀ. ਆਰ. ਟੀ. ਸੀ. ਵੱਲੋਂ ਬੱਸ ਸਟੈਂਡ ਵਿਚ 3 ਡਸਟਬਿਨ ਰੱਖੇ ਹੋਏ ਹਨ, ਇਸਦੇ ਬਾਵਜੂਦ ਇਨ੍ਹਾਂ ਲਾਗੇ ਵੱਡੇ-ਵੱਡੇ ਕੂੜੇ ਦੇ ਢੇਰ ਲੱਗੇ ਹਨ। ਪੀ. ਆਰ. ਟੀ. ਸੀ. ਦੇ ਕਿਸੇ ਵੀ ਅਧਿਕਾਰੀ ਦਾ ਧਿਆਨ ਇਨ੍ਹਾਂ ਟੁੱਟੇ ਹੋਏ ਡਸਟਬਿਨਾਂ ਅਤੇ ਲੱਗੇ ਗੰਦਗੀ ਦੇ ਢੇਰਾਂ ਵੱਲ ਜਾਂਦਾ ਦਿਖਾਈ ਨਹੀਂ ਦੇ ਰਿਹਾ। 
ਦੱਸਣਯੋਗ ਹੈ ਕਿ ਬੱਸ ਅੱਡਾ ਪਟਿਆਲਾ ਜਿੱਥੋਂ ਕਿ ਵੱਡੇ ਸ਼ਹਿਰਾਂ ਨੂੰ ਜਿਵੇਂ ਦਿੱਲੀ, ਚੰਡੀਗੜ੍ਹ, ਅੰਮ੍ਰਿਤਸਰ, ਫਿਰੋਜ਼ਪੁਰ ਆਦਿ ਨੂੰ ਯਾਤਰੀ ਸਫਰ ਕਰਨ ਲਈ ਆਉਂਦੇ-ਜਾਂਦੇ ਰਹਿੰਦੇ ਹਨ। ਇੱਥੇ ਲੱਗੇ ਗੰਦਗੀ ਦੇ ਢੇਰਾਂ ਕਾਰਨ ਉਨ੍ਹਾਂ ਨੂੰ ਹਮੇਸ਼ਾ ਹੀ ਬੀਮਾਰੀਆਂ ਲੱਗਣ ਦਾ ਖਤਰਾ ਬਣਿਆ ਰਹਿੰਦਾ ਹੈ। 
ਕਰੋੜਾਂ ਦੀ ਕਮਾਈ ਹੋਣ ਦੇ ਬਾਵਜੂਦ ਪੀ. ਆਰ. ਟੀ. ਸੀ. ਨਹੀਂ ਕਰਾ ਰਿਹਾ ਸਫਾਈ 
ਪੈਪਸੂ ਰੋਡ ਟ੍ਰਾਂਸਪੋਰਟ ਕਾਰਪੋਰੇਸ਼ਨ ਵੱਲੋਂ ਸ਼ਾਹੀ ਸ਼ਹਿਰ ਵਿਚ ਪਿਛਲੇ ਕਈ ਦਹਾਕਿਆਂ ਤੋਂ ਚਲਾਏ ਜਾ ਰਹੇ ਬੱਸ ਸਟੈਂਡ ਰਾਹੀਂ ਕਰੋੜਾਂ ਰੁਪਏ ਦੀ ਕਮਾਈ ਤਾਂ ਕੀਤੀ ਜਾ ਰਹੀ ਹੈ ਪਰ ਇਸਨੂੰ ਸੁੰਦਰ ਤੇ ਸਾਫ-ਸੁਥਰਾ ਰੱਖਣ ਵੱਲ ਉਚੇਚੇ ਤੌਰ 'ਤੇ ਧਿਆਨ ਨਾ ਦੇ ਕੇ ਸਿਰਫ਼ ਇਕ ਪਾਸੇ ਹੀ ਧਿਆਨ ਲਾਇਆ ਜਾ ਰਿਹਾ ਹੈ। ਇਸ ਨਾਲ ਸ਼ਾਹੀ ਸ਼ਹਿਰ ਸਫਾਈ ਦੀ ਰੈਂਕਿੰਗ ਪੱਖੋਂ ਹੋਰ ਵੀ ਜ਼ਿਆਦਾ ਨਿਘਾਰ ਵੱਲ ਜਾਵੇਗਾ ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ। ਉਕਤ ਬੱਸ ਸਟੈਂਡ ਦੇ ਅੰਦਰ ਜਿੱਥੇ ਸਫਾਈ ਦਾ ਕੋਈ ਭਰਪੂਰ ਧਿਆਨ ਨਹੀਂ ਰੱਖਿਆ ਜਾਂਦਾ, ਉਥੇ ਹੀ ਬਾਰਸ਼ ਦੇ ਪਾਣੀ ਦੀ ਸੰਭਾਲ ਲਈ ਵੀ ਕੋਈ ਠੋਸ ਪ੍ਰਬੰਧ ਨਹੀਂ ਹੈ, ਜਿਸ ਕਾਰਨ ਮੀਂਹ ਵਾਲੇ ਦਿਨਾਂ ਵਿਚ ਬੱਸ ਸਟੈਂਡ ਦੇ ਅੰਦਰ ਅਤੇ ਬਾਹਰ ਪਾਣੀ ਲਬਾ-ਲਬ ਭਰਿਆ ਰਹਿੰਦਾ ਹੈ। ਲੋਕਾਂ ਤੇ ਬੱਸਾਂ ਨੂੰ ਗੋਡੇ-ਗੋਡੇ ਪਾਣੀ ਵਿਚੋਂ ਹੀ ਨਿਕਲ ਕੇ ਜਾਣਾ ਪੈਂਦਾ ਹੈ, ਜਿਸ ਵੱਲ ਵੀ ਪੀ. ਆਰ. ਟੀ. ਸੀ. ਮੈਨੇਜਮੈਂਟ ਨੂੰ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।
ਅੱਡੇ 'ਚ ਆਉਣ ਵਾਲੇ ਯਾਤਰੀਆਂ ਦਾ ਗੰਦਗੀ ਦੇ ਢੇਰਾਂ ਕਾਰਨ ਹੁੰਦੈ ਸਿਰ ਨੀਵਾਂ
ਪੀ. ਆਰ. ਟੀ. ਸੀ. ਦੇ ਬੱਸ ਅੱਡੇ 'ਚ ਪੰਜਾਬ ਭਰ ਵਿਚੋਂ ਹੀ ਨਹੀਂ, ਬਲਕਿ ਹੋਰ ਸੂਬਿਆਂ ਦੇ ਲੋਕਾਂ ਨੇ ਆਉਣਾ-ਜਾਣਾ ਹੁੰਦਾ ਹੈ। ਉਨ੍ਹਾਂ ਦਾ ਸਿਰ ਉਸ ਸਮੇਂ ਨੀਵਾਂ ਹੋ ਜਾਂਦਾ ਹੈ, ਜਦੋਂ ਹੋਰ ਯਾਤਰੀਆਂ ਵੱਲੋਂ ਆਖਿਆ ਜਾਂਦਾ ਹੈ ਕਿ ਪਟਿਆਲਾ ਨੂੰ ਸ਼ਾਹੀ ਸ਼ਹਿਰ ਵਜੋਂ ਜਾਣਿਆ ਜਾਂਦਾ ਹੈ ਪਰ ਹਾਲਾਤ ਕਿਹੋ ਜਿਹੇ ਹਨ ਕਿ ਬੱਸ ਸਟੈਂਡ ਵਿਚ ਹੀ ਗੰਦਗੀ ਦੇ ਢੇਰ ਲੱਗੇ ਹੋਏ ਹਨ।


Related News