ਜੈਤੋ ਮੋਰਚੇ ਦੇ ਸ਼ਹੀਦਾਂ ਦੀ ਯਾਦ ''ਚ ਸ਼੍ਰੋਮਣੀ ਕਮੇਟੀ ਨੇ ਮਨਾਇਆ ਸ਼ਹੀਦੀ ਦਿਵਸ

Saturday, Jul 22, 2017 - 01:46 PM (IST)

ਨਾਭਾ(ਜਗਨਾਰ )— ਜੈਤੋ ਮੋਰਚੇ ਦੇ ਸ਼ਹੀਦਾਂ ਨੂੰ ਯਾਦ ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਥਾਨਕ ਗੁ: ਸ੍ਰੀ ਅਕਾਲਗੜ੍ਹ ਸਾਹਿਬ ਵਿਖੇ ਸ਼ਹੀਦੀ ਦਿਵਸ ਵਜੋਂ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਅਰਦਾਸ ਰਾਹੀਂ ਜੈਤੋ ਮੋਰਚੇ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਦਿੱਤੀ ਗਈ। ਉਪਰੰਤ ਇਕੱਤਰ ਸੰਗਤਾਂ ਨੂੰ ਸੰਬੋਧਨ ਕਰਦਿਆਂ ਐਸ. ਜੀ. ਪੀ. ਸੀ. ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਜੈਤੋ ਦੇ ਮੋਰਚੇ 'ਚ ਸ਼ਹੀਦਾਂ ਨੂੰ ਯਾਦ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਬਹਾਲ ਕਰਵਾਉਣ ਲਈ ਜੈਤੋ ਦੇ ਮੋਰਚੇ 'ਚ ਅਨੇਕਾਂ ਹੀ ਸਿੱਖਾਂ ਨੇ ਸ਼ਹੀਦੀਆਂ ਦਿੱਤੀਆਂ,  ਜਿਸ ਨੂੰ ਸਿੱਖ ਇਤਿਹਾਸ 'ਚੋਂ ਕਦੇ ਵੀ ਮਨਫ਼ੀ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਜੈਤੋ ਮੋਰਚੇ ਦੇ ਸਿਦਕਵਾਨ ਯੋਧਿਆਂ ਵੱਲੋਂ ਕੀਤੀਆਂ ਮਹਾਨ ਕੁਰਬਾਨੀਆਂ ਨੂੰ ਯਾਦ ਕਰਦਿਆਂ ਅਜੌਕੀ ਨੌਜਵਾਨ ਪੀੜੀ ਨੂੰ ਪ੍ਰੇਰਣਾ ਦਿੰਦਿਆਂ ਕਿਹਾ ਕਿ ਸਾਨੂੰ ਕੁਰਬਾਨੀਆਂ ਭਰੇ ਇਤਿਹਾਸ ਤੋਂ ਸੇਧ ਲੈਣੀ ਚਾਹੀਦੀ ਹੈ। ਪ੍ਰੋ. ਬਡੂੰਗਰ ਨੇ ਕਿਹਾ ਕਿ ਮੁਸ਼ਕਲ ਭਰੇ ਦੌਰ 'ਚ ਸ਼ਹੀਦਾਂ ਦੀਆਂ ਕੁਰਬਾਨੀਆਂ ਹੀ ਸਾਨੂੰ ਅਡੋਲ ਰਹਿਣਾ ਸਿਖਾਉਂਦੀਆਂ ਹਨ, ਜਿਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਜਗਤ ਨੂੰ ਸਿੱਖੀ ਦੇ ਮਹਾਨ ਫਲਸਫੇ ਨਾਲ ਜੋੜਨ ਲਈ ਅਹਿਮ ਯੋਗਦਾਨ ਪਾ ਰਹੀ ਹੈ ਅਜਿਹੇ ਕਦਮ ਭਵਿੱਖ 'ਚ ਸਾਰਥਕ ਹੋਣਗੇ।  ਪ੍ਰੋ. ਬਡੂੰਗਰ ਨੇ ਕਿਹਾ ਕਿ ਸ਼ਹੀਦਾਂ ਦੀਆਂ ਮਹਾਨ ਕੁਰਬਾਨੀਆਂ ਸਦਕਾ ਹੀ ਖਾਲਸਾ ਪੰਥ ਚੜ੍ਹਦੀਕਲਾ ਦਾ ਪ੍ਰਤੀਕ ਬਣਿਆ ਹੋਇਆ ਹੈ। ਉਨ੍ਹਾਂ ਬੇ-ਅਦਬੀ ਦੀਆਂ ਘਟਨਾਵਾਂ 'ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਕੁਝ ਪੰਥ ਵਿਰੋਧੀ ਤਾਕਤਾਂ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ 'ਚ ਲੱਗੀਆਂ ਹੋਈਆਂ ਹਨ, ਜੋ ਮਨਸੂਬਿਆਂ ਨੂੰ ਸਫਲ ਨਹੀਂ ਹੋਣਗੀਆਂ। ਅੱਜ ਦੇ ਸ਼ਹੀਦੀ ਸਮਾਗਮ ਦੀ ਵਿਸ਼ੇਸ਼ਤਾ ਇਹ ਰਹੀ ਕਿ ਨੌਜਵਾਨ ਬੱਚੇ-ਬੱਚੀਆਂ ਨੇ ਵੱਡੀ ਗਿਣਤੀ ਵਿਚ ਸਮੂਲੀਅਤ ਕੀਤੀ। ਜੈਤੋਂ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਵਾਲਿਆਂ 'ਚ ਸਾਬਕਾ ਖਜਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਸਾ. ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ, ਅਗਜ਼ੈਕਟਿਵ ਮੈਂਬਰ ਨਿਰਮਲ ਸਿੰਘ ਹਰਿਆਊ,  ਜਥੇ. ਕਰਨੈਲ ਸਿੰਘ ਪੰਜੋਲੀ, ਸਤਵਿੰਦਰ ਸਿੰਘ ਟੌਹੜਾ ਮੈਂਬਰ ਐਸ.ਜੀ.ਪੀ.ਸੀ., ਜਥੇਦਾਰ ਲਾਭ ਸਿੰਘ ਦੇਵੀਨਗਰ, ਬੀਬੀ ਹਰਦੀਪ ਕੌਰ ਖੋਖ, ਜਥੇ. ਬਲਤੇਜ ਸਿੰਘ ਖੋਖ, ਜ਼ਿਲ੍ਹਾ ਪ੍ਰਧਾਨ ਰਣਧੀਰ ਸਿੰਘ ਰੱਖੜਾ, ਐਡਵੋ. ਸਤਬੀਰ ਸਿੰਘ ਖੱਟੜਾ, ਹਲਕਾ ਇੰਚ. ਕਬੀਰ ਦਾਸ, ਡਾ. ਪਰਮਜੀਤ ਸਿੰਘ ਸਰੋਆ, ਭਗਵੰਤ ਸਿੰਘ ਧੰਗੇੜਾ, ਜਥੇ. ਕੁਦੀਪ ਸਿੰਘ ਅਲੌਹਰਾਂ, ਮੈਨੇਜਰ ਹਰਮਿੰਦਰ ਸਿੰਘ,  ਜੀ.ਐਸ. ਬਿੱਲੂ, ਜੀ.ਐਸ. ਘਮਰੌਦਾ, ਗੁਰਦੀਪ ਸਿੰਘ ਸ਼ੇਖੁਪਰ, ਕਰਤਾਰ ਸਿੰਘ ਅਲੌਹਰਾਂ,  ਗੁਰਬਖਸ਼ ਸਿੰਘ ਸਿਬੀਆ, ਮਾ. ਅਜਮੇਰ ਸਿੰਘ, ਤੇਜਿੰਦਰ ਸਿੰਘ ਕਪੂਰ, ਸਮਸੇਰ ਸਿੰਘ ਚੌਧਰੀਮਾਜਰਾ, ਭਾਈ ਅਮਨਦੀਪ ਸਿੰਘ ਲਵਲੀ, ਕਰਮਜੀਤ ਸਿੰਘ ਮਹਿਰਮ, ਹਰਮੀਤ ਸਿੰਘ ਮਾਨ, ਜੱਸਾ ਖੋਖ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਮੌਜੂਦ ਸਨ।  


Related News