ਸ਼ਹੀਦ ਊਧਮ ਸਿੰਘ ਦੇ ਜੱਦੀ ਘਰ 'ਚ ਅੱਜ ਮਨਾਇਆ ਜਾਏਗਾ ਉਨ੍ਹਾਂ ਦਾ ਜਨਮ ਦਿਨ
Wednesday, Dec 26, 2018 - 11:59 AM (IST)
ਸੁਨਾਮ, ਊਧਮ ਸਿੰਘ ਵਾਲਾ (ਮੰਗਲਾ, ਬਾਂਸਲ)— ਸ਼ਹੀਦ ਊਧਮ ਸਿੰਘ ਯਾਦਗਾਰ ਕਮੇਟੀ ਵੱਲੋਂ ਸ਼ਹੀਦ ਦਾ 119ਵਾਂ ਜਨਮ ਦਿਵਸ ਪ੍ਰਧਾਨ ਕੇਸਰ ਸਿੰਘ ਢੋਟ ਦੀ ਅਗਵਾਈ 'ਚ ਸ਼ਹੀਦ ਦੇ ਜੱਦੀ ਘਰ 'ਚ ਧੂਮ-ਧਾਮ ਨਾਲ 26 ਦਸੰਬਰ ਨੂੰ ਮਨਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਕੇਸਰ ਸਿੰਘ ਢੋਟ ਨੇ ਦੱਸਿਆ ਕਿ ਇਸ ਮੌਕੇ ਇਕ ਪ੍ਰਭਾਵਸ਼ਾਲੀ ਸਮਾਗਮ ਵੀ ਕਰਵਾਇਆ ਜਾ ਰਿਹਾ ਹੈ, ਜਿਸ 'ਚ ਐੱਸ. ਡੀ. ਐੱਮ. ਮਨਜੀਤ ਕੌਰ ਮੁੱਖ ਮਹਿਮਾਨ ਦੇ ਰੂਪ ਵਿਚ ਸ਼ਿਰਕਤ ਕਰਨਗੇ। ਸਮਾਗਮ 'ਚ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ, ਕਾਂਗਰਸ ਪਾਰਟੀ ਦੀ ਸਪੋਕਸਪਰਸਨ ਦਾਮਨ ਥਿੰਦ ਬਾਜਵਾ, ਰਵਿੰਦਰ ਸਿੰਘ ਚੀਮਾ, ਡੀ. ਐੱਸ. ਪੀ ਹਰਦੀਪ ਸਿੰਘ ਵਿਸ਼ੇਸ਼ ਮਹਿਮਾਨ ਦੇ ਰੂਪ ਵਿਚ ਹਾਜ਼ਰ ਹੋਣਗੇ।
ਇਸ ਸਮਾਗਮ 'ਚ ਸ਼ਹੀਦ ਊਧਮ ਸਿੰਘ ਦੇ ਭਾਣਜੇ ਖੁਸ਼ੀ ਨੰਦ, ਸ਼ਹੀਦ ਦੇ ਨਾਨਕਾ ਪਰਿਵਾਰ ਦੇ ਜਗਜੀਤ ਸਿੰਘ ਸਮਾਜ ਸੇਵਕ ਅਤੇ ਆਰ. ਟੀ. ਆਈ. ਜਤਿੰਦਰ ਜੈਨ, ਸਮਾਜ ਸੇਵਕ ਭਰਤ ਹਰੀ ਸ਼ਰਮਾ, ਉਘੇ ਗਾਇਕ ਭੋਲਾ ਸਿੰਘ ਸੰਗਰਾਮੀ ਅਤੇ ਗੋਲਡ ਮੈਡਲ ਜਿੱਤਣ ਵਾਲੇ ਸਰਬਜੀਤ ਸਿੰਘ ਨੂੰ ਵਿਸ਼ੇਸ਼ ਰੂਪ ਵਿਚ ਸਨਮਾਨਤ ਕੀਤਾ ਜਾਵੇਗਾ। ਇਸ ਮੌਕੇ ਐੱਸ. ਡੀ. ਐੱਮ. ਮਨਜੀਤ ਕੌਰ ਵੱਲੋਂ ਯਾਦਗਾਰ ਕਮੇਟੀ ਵੱਲੋਂ ਪ੍ਰਕਾਸ਼ਿਤ ਕਲੰਡਰ ਅਤੇ ਉਘੇ ਗਾਇਕ ਭੋਲਾ ਸਿੰਘ ਸੰਗਰਾਮੀ ਦਾ ਗੀਤ 'ਸੁਨਾਮ ਸ਼ਹਿਰ ਦਾ ਸ਼ੇਰ ਗਰਜਿਆ' ਵੀ ਰਿਲੀਜ਼ ਕੀਤਾ ਜਾਵੇਗਾ।
