ਅੱਜ ਮੀਡੀਆ ਦੀ ਆਜ਼ਾਦੀ ''ਤੇ ਖਤਰਾ : ਮੁਕੇਸ਼ ਅਗਨੀਹੋਤਰੀ
Monday, Sep 17, 2018 - 12:26 PM (IST)

ਜਲੰਧਰ— ਹਿਮਾਚਲ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਮੁਕੇਸ਼ ਅਗਨੀਹੋਤਰੀ ਨੇ ਕਿਹਾ ਕਿ ਅੱਜ ਮੀਡੀਆ ਦੀ ਆਜ਼ਾਦੀ 'ਤੇ ਖਤਰਾ ਹੈ। ਹਿੰਦ ਸਮਾਚਾਰ ਗਰੁੱਪ ਦੇ ਸਾਹਮਣੇ ਇਸ ਆਜ਼ਾਦੀ ਨੂੰ ਬਰਕਰਾਰ ਰੱਖਣ ਦੀ ਚੁਣੌਤੀ ਹੈ। ਅਖਬਾਰਾਂ, ਚੈਨਲਾਂ 'ਤੇ ਦਬਾਅ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਹਿਮਾਚਲ 'ਚ ਵੀ ਨਸ਼ੇ ਦੀ ਬੁਰਾਈ ਘਰ-ਘਰ ਪਹੁੰਚ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਵਿਰੁੱਧ ਜੰਗ ਛੇੜ ਕੇ ਸ਼ਲਾਘਾਯੋਗ ਕੰਮ ਕੀਤਾ ਹੈ ਪਰ ਹੁਣ ਦੇਵਭੂਮੀ 'ਚ ਵੀ ਦੂਰ-ਦੂਰ ਤੱਕ ਨਸ਼ਾ ਪਹੁੰਚ ਰਿਹਾ ਹੈ। ਹਿਮਾਚਲ ਸਰਕਾਰ ਇਸ ਮਾਮਲੇ 'ਚ ਨਸ਼ਾ ਸਮੱਗਲਰਾਂ ਵਿਰੁੱਧ ਫਾਂਸੀ ਦਾ ਕਾਨੂੰਨ ਬਣਾਏ ਤੇ ਸਖਤ ਵਿਵਸਥਾ ਕਰੇ, ਕਾਂਗਰਸ ਇਸ ਮਾਮਲੇ 'ਚ ਪੂਰਾ ਸਾਥ ਦੇਵੇਗੀ ਪਰ ਸਰਕਾਰ ਨੂੰ ਸਿਆਸੀ ਇੱਛਾ ਸ਼ਕਤੀ ਦਿਖਾਉਣੀ ਪਵੇਗੀ। ਮੁਕੇਸ਼ ਅਗਨੀਹੋਤਰੀ ਪੰਜਾਬ ਕੇਸਰੀ ਗੁਰੱਪ ਵੱਲੋਂ ਕਰਵਾਏ ਗਏ ਸ਼ਹੀਦ ਪਰਿਵਾਰ ਫੰਡ ਦੇ 115ਵੇਂ ਸਮਾਰੋਹ 'ਚ ਸ਼ਿਰਕਤ ਕਰਨ ਪਹੁੰਚੇ ਸਨ।
ਉਨ੍ਹਾਂ ਕਿਹਾ ਕਿ ਅੱਜ ਲੋਕ ਮਹਿੰਗਾਈ, ਬੇਰੁਜ਼ਗਾਰੀ ਤੋਂ ਪੀੜਤ ਹਨ। ਤੇਲ ਦੀਆਂ ਕੀਮਤਾਂ ਵਧ ਰਹੀਆਂ ਹਨ ਅਤੇ ਰੁਪਇਆ ਡਿੱਗਾ ਰਿਹਾ ਹੈ। ਜੋ ਲੋਕ ਲੰਮੇ-ਲੰਮੇ ਭਾਸ਼ਣ ਦਿੰਦੇ ਸਨ, ਅੱਜ ਉਨ੍ਹਾਂ ਨੂੰ ਆਪਣੇ ਪੁਰਾਣੇ ਕਲਿੱਪ ਦੇਖਣੇ ਚਾਹੀਦੇ ਹਨ। ਮਹਿੰਗਾਈ ਵੀ ਇਕ ਅੱਤਵਾਦ ਹੀ ਹੈ। ਚੋਣ ਮੁੱਦਿਆਂ ਨੂੰ ਭੁੱਲ ਕੇ ਮੀਡੀਆ ਦੀ ਆਜ਼ਾਦੀ ਨੂੰ ਲਲਕਾਰਿਆ ਜਾ ਰਿਹਾ ਹੈ। ਸਿਰਫ ਪੰਜਾਬ ਕੇਸਰੀ ਹੀ ਅਜਿਹਾ ਮੰਚ ਪ੍ਰਦਾਨ ਕਰ ਰਿਹਾ ਹੈ ਜਿਥੇ ਦੇਸ਼ ਦੇ ਮੁੱਦਿਆਂ 'ਤੇ ਗੱਲ ਹੁੰਦੀ ਹੈ।