ਰੋਂਦੇ ਹੋਏ ਸ਼ਹੀਦ ਦੇ ਬੱਚਿਆਂ ਨੇ ਕਿਹਾ ਜਲਦ ਵਾਪਸ ਆਉਂਣਗੇ ਪਾਪਾ (ਤਸਵੀਰਾਂ)
Wednesday, Dec 06, 2017 - 01:51 PM (IST)
ਗੁਰਦਾਸਪੁਰ (ਬਿਊਰੋਂ) - ਸੈਨਾ ’ਚ 10 ਸਿੱਖ ਰੈਜੀਮੈਂਟ ’ਚ ਬਤੌਰ ਹਵਲਦਾਰ ਤਾਇਨਾਤ ਪਿੰਡ ਰਾਇਚੱਕ ਦਾ ਪਲਵਿੰਦਰ ਸਿੰਘ ਅੱਤਵਾਦੀਆਂ ਨਾਲ ਲੋਹਾ ਲੈਂਦੇ ਸਮੇਂ ਸ਼ਹੀਦ ਹੋ ਗਿਆ।

ਜਾਣਕਾਰੀ ਅਨੁਸਾਰ ਸ਼੍ਰੀਨਗਰ ਤੋਂ 50 ਕਿਲੋਮੀਟਰ ਦੂਰ ਖੰਨੇਵਾਲ ’ਚ ਜਵਾਨਾਂ ਨਾਲ ਪਲਵਿੰਦਰ ਗਸ਼ਤ ’ਤੇ ਸੀ। ਅਚਾਨਕ ਸੀਮਾ ਨਜ਼ਦੀਕ ਲੁਕ ਕੇ ਬੈਠੇ ਅੱਤਵਾਦੀਆਂ ਨਾਲ ਮੁਕਬਾਲਾ ਕਰਦੇ ਸਮੇਂ ਗਰਦਨ ’ਚ ਗੋਲੀ ਲੱਗਣ ਕਾਰਨ ਪਲਵਿੰਦਰ ਸਿੰਘ ਸ਼ਹੀਦ ਹੋ ਗਿਆ। ਪਲਵਿੰਦਰ ਸਿੰਘ ਇੰਨ੍ਹਾਂ ਦਿਨਾਂ ’ਚ ਜੰਮੂ-ਕਸ਼ਮੀਰ ’ਚ ਤਾਇਨਾਤ ਸੀ ਤੇ ਕਰੀਬ ਪਿਛਲੇ 17 ਸਾਲਾ ਤੋਂ ਫੌਜ ’ਚ ਆਪਣੀ ਸੇਵਾ ਨਿਭਾ ਰਹੇ ਸਨ। ਪਲਵਿੰਦਰ ਸਿੰਘ ਦਾ ਜਨਮ 1980 ’ਚ ਰਾਇਚੱਕ ਹੋਇਆ ਸੀ।

ਸ਼ਹੀਦ ਪਲਵਿੰਦਰ ਸਿੰਘ ਦੀ 9 ਸਾਲ ਦੀ ਬੇਟੀ ਸਿਮਰਨਜੀਤ ਕੌਰ ਤੇ 6 ਸਾਲ ਦਾ ਬੇਟਾ ਸਹਿਜਪ੍ਰੀਤ ਸਿੰਘ ਨੇ ਰੋਂਦੇ ਹੋਏ ਇਕ ਹੀ ਰੱਟ ਲਗਾਈ ਹੋਈ ਸੀ ਕਿ 15 ਦਿਨ ਪਹਿਲਾਂ ਪਾਪਾ ਨੇ ਡਿਊਟੀ ’ਤੇ ਜਾਣ ਸਮੇਂ ਕਿਹਾ ਸੀ ਕਿ ਉਹ ਜਲਦ ਵਾਪਸ ਆ ਜਾਣਗੇ ਤੇ ਸਾਡੇ ਲਈ ਖਿਡੌਣੇ ਵੀ ਲੈ ਕੇ ਆਉਣਗੇ। ਸ਼ਹੀਦ ਦੀ ਪਤਨੀ ਪਲਵਿੰਦਰ ਕੌਰ ਦਾ ਕਹਿਣਾ ਹੈ ਕਿ ਉਸ ਨੂੰ ਆਪਣੀ ਪਤੀ ਦੇ ਜਾਣ ਦਾ ਗਮ ਹੈ, ਪਰ ਪਤੀ ਦੀ ਸ਼ਹਾਦਤ ’ਤੇ ਮੈਨੂੰ ਸਾਰੀ ਉਮਰ ਗਰਵ ਰਹੇਗਾ।

ਸ਼ਹੀਦ ਦੇ ਭਰਾ ਦਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਪਲਵਿੰਦਰ ਦੇ ਸ਼ਹੀਦ ਹੋਣ ਦੇ ਬਾਰੇ ’ਚ ਉਨ੍ਹਾਂ ਨੂੰ ਫੋਨ ਕਰਕੇ ਦੱਸਿਆ ਸੀ ਤਾਂ ਪਿਤਾ ਸੰਤੋਖ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਵੀ ਆਪਣੇ ਬੇਟੇ ਦੀ ਸ਼ਹਾਦਤ ’ਤੇ ਗਰਵ ਹੈ, ਕਿਉਂਕਿ ਦੇਸ਼ ਲਈ ਕੋਈ-ਕੋਈ ਹੀ ਕੁਰਬਾਨ ਹੁੰਦਾ ਹੈ।

