ਸ਼ਹੀਦ ਫੌਜੀ ਦਾ ਪਿੰਡ ਸੋਗ 'ਚ ਡੁੱਬਿਆ, ਸ਼ਹੀਦ ਮਨਦੀਪ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ (ਤਸਵੀਰਾਂ)

Friday, Nov 24, 2017 - 11:22 AM (IST)

ਸ਼ਹੀਦ ਫੌਜੀ ਦਾ ਪਿੰਡ ਸੋਗ 'ਚ ਡੁੱਬਿਆ, ਸ਼ਹੀਦ ਮਨਦੀਪ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ (ਤਸਵੀਰਾਂ)

ਬਟਾਲਾ(ਬੇਰੀ, ਸੈਂਡੀ) - 9 ਸਿੱਖ ਲਾਈ ਰੈਜੀਮੈਂਟ 'ਚ ਬਤੌਰ ਲਾਂਸ ਨਾਇਕ ਮਨਦੀਪ ਸਿੰਘ ਦਾ ਜੱਦੀ ਪਿੰਡ ਚਾਹਲ ਖੁਰਦ ਉਸ ਸਮੇਂ ਸੋਗ 'ਚ ਡੁੱਬ ਗਿਆ, ਜਦੋਂ ਮਨਦੀਪ ਸਿੰਘ ਦੇ ਅੱਤਵਾਦੀਆਂ ਨਾਲ ਲੋਹਾ ਲੈਣ ਮੌਕੇ ਸ਼ਹੀਦ ਹੋ ਜਾਣ ਦੀ ਖ਼ਬਰ ਉਸਦੇ ਪਿੰਡ ਚਾਹਲ ਖੁਰਦ 'ਚ ਪਹੁੰਚੀ। ਮਨਦੀਪ ਸਿੰਘ ਦੇ ਸ਼ਹੀਦ ਹੋਣ ਦੀ ਖ਼ਬਰ ਸੁਣਦੇ ਹੀ ਜਿਥੇ ਸ਼ਹੀਦ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋ ਰਿਹਾ ਸੀ, ਉਥੇ ਨਾਲ ਹੀ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਦੀਆਂ ਅੱਖਾਂ ਵੀ ਹੰਝੂਆਂ ਨਾਲ ਭਰ ਆਈਆਂ।  ਜ਼ਿਕਰਯੋਗ ਹੈ ਕਿ ਸ਼੍ਰੀਨਗਰ-ਕੁਪਵਾੜਾ ਕੇਰਨ ਸੈਕਟਰ ਦੀ ਚੌਕਨ ਪੋਸਟ 'ਤੇ ਗਸ਼ਤ ਦੌਰਾਨ ਸਰਹੱਦ 'ਤੇ ਘੁਸਪੈਠ ਕਰਨ ਦੀ ਤਾਕ 'ਚ ਬੈਠੇ ਅੱਤਵਾਦੀਆਂ ਨਾਲ ਹੋਈ ਮੁਠਭੇੜ 'ਚ ਇਕ ਜ਼ਖਮੀ ਅੱਤਵਾਦੀ ਜ਼ਿੰਦਾ ਬਚ ਗਿਆ ਸੀ, ਜੋ ਲੁਕਿਆ ਹੋਇਆ ਸੀ ਤੇ ਜਦੋਂ ਰੁਟੀਨ ਦੀ ਤਰ੍ਹਾਂ ਸਰਹੱਦ 'ਤੇ ਗਸ਼ਤ ਲਈ ਲਾਂਸ ਨਾਇਕ ਮਨਦੀਪ ਸਿੰਘ ਅਤੇ ਸਾਥੀ ਨਿਕਲੇ ਤਾਂ ਉਦੋਂ ਹੀ ਲੁਕੇ ਹੋਏ ਅੱਤਵਾਦੀ ਨੇ ਮਨਦੀਪ ਸਿੰਘ ਤੇ ਸਾਥੀਆਂ 'ਤੇ ਫਾਇਰਿੰਗ ਕਰ ਦਿੱਤੀ, ਜਿਸਦੇ ਕਾਰਨ ਮਨਦੀਪ ਸਿੰਘ ਮੌਕੇ 'ਤੇ ਸ਼ਹੀਦੀ ਜਾਮ ਪੀ ਗਿਆ ਜਦਕਿ ਇਸਦੇ ਹੋਰ ਦੋ ਸਾਥੀ ਜ਼ਖਮੀ ਹੋ ਗਏ ਪਰ ਉਨ੍ਹਾਂ ਨੇ ਅੱਤਵਾਦੀ ਨੂੰ ਮਾਰ ਸੁੱਟਿਆ। ਸ਼ਹੀਦ ਲਾਂਸ ਨਾਇਕ ਮਨਦੀਪ ਸਿੰਘ ਦਾ ਪਰਿਵਾਰ ਅਤੇ ਰਿਸ਼ਤੇਦਾਰ ਦੇਸ਼ ਸੇਵਾ ਲਈ ਆਰਮੀ ਵਿਚ ਹੀ ਨੌਕਰੀ ਕਰਦੇ ਹਨ। 
ਪੰਜਾਬ ਸਰਕਾਰ ਵੱਲੋਂ ਇਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ : ਵਿਧਾਇਕ ਲਾਡੀ 
ਸ਼ਹੀਦ ਲਾਂਸ ਨਾਇਕ ਮਨਦੀਪ ਸਿੰਘ ਦੇ ਅੰਤਿਮ ਸੰਸਕਾਰ ਮੌਕੇ ਪੰਜਾਬ ਸਰਕਾਰ ਵੱਲੋਂ ਪਹੁੰਚੇ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਜਿਥੇ ਸ਼ਹੀਦ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਦੇ ਬਾਅਦ ਸ਼ਹੀਦ ਨੂੰ ਸ਼ਰਧਾਂਜਲੀ ਦਿੱਤੀ, ਉਥੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਸ਼ਹੀਦ ਦੀ ਵਿਧਵਾ ਨੂੰ 5 ਲੱਖ ਰੁਪਏ, ਮਾਤਾ-ਪਿਤਾ ਨੂੰ ਦੋ ਲੱਖ ਤੇ ਇਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ। ਇਸ ਮੌਕੇ ਲਾਡੀ ਨੇ ਕਿਹਾ ਕਿ ਦੇਸ਼ 'ਤੇ ਕੁਰਬਾਨ ਹੋਣ ਵਾਲਿਆਂ ਦੀ ਸ਼ਹਾਦਤ ਨੂੰ ਭੁਲਾਇਆ ਨਹੀਂ ਜਾ ਸਕਦਾ ਕਿਉਂਕਿ ਸ਼ਹੀਦ ਦੇਸ਼ ਤੇ ਕੌਮ ਦਾ ਸਰਮਾਇਆ ਹੁੰਦੇ ਹਨ। 

PunjabKesari
ਮੈਨੂੰ ਆਪਣੇ ਪਤੀ ਦੀ ਸ਼ਹਾਦਤ 'ਤੇ ਮਾਣ ਹੈ : ਰਾਜਵਿੰਦਰ ਕੌਰ  
ਰੋ-ਰੋ ਕੇ ਹਾਲੋ-ਬੇਹਾਲ ਹੋਈ ਸ਼ਹੀਦ ਦੀ ਪਤਨੀ ਰਾਜਵਿੰਦਰ ਕੌਰ ਨੇ ਕਿਹਾ ਕਿ ਉਸਨੂੰ ਆਪਣੇ ਪਤੀ ਮਨਦੀਪ ਸਿੰਘ ਦੀ ਸ਼ਹਾਦਤ 'ਤੇ ਮਾਣ ਹੈ ਤੇ ਦੇਸ਼ ਨੂੰ ਜੇਕਰ ਸ਼ਹਾਦਤ ਦੀ ਜ਼ਰੂਰਤ ਪੈਂਦੀ ਤਾਂ ਉਨ੍ਹਾਂ ਦਾ ਪੂਰਾ ਪਰਿਵਾਰ ਦੇਸ਼ ਲਈ ਸ਼ਹੀਦ ਹੋਣ ਨੂੰ ਤਿਆਰ ਹੈ। ਰਾਜਵਿੰਦਰ ਕੌਰ ਨੇ ਦੱਸਿਆ ਕਿ ਆਖਰੀ ਵਾਰੀ ਫੋਨ 'ਤੇ ਮਨਦੀਪ ਨਾਲ ਦੋ ਦਿਨ ਪਹਿਲਾਂ ਗੱਲ ਹੋਈ ਸੀ, ਜਿਸ ਦੌਰਾਨ ਮਨਦੀਪ ਨੇ ਕਿਹਾ ਸੀ ਕਿ ਛੁੱਟੀ ਦੀ ਅਰਜ਼ੀ ਲਾ ਦਿੱਤੀ ਹੈ ਤੇ 15 ਦਿਨ ਬਾਅਦ ਉਨ੍ਹਾਂ ਨੇ ਮੇਰੇ ਨਾਲ ਮੇਰੀ ਭੈਣ ਦੇ ਵਿਆਹ 'ਚ ਜਾਣ ਦਾ ਵਾਅਦਾ ਵੀ ਕੀਤਾ ਸੀ ਪਰ ਮੈਨੂੰ 'ਤੇ ਮੇਰੇ ਪਰਿਵਾਰ ਨੂੰ ਕੀ ਪਤਾ ਸੀ ਕਿ ਮੇਰੇ ਪਤੀ ਇਸ ਤਰ੍ਹਾਂ ਤਿਰੰਗੇ 'ਚ ਲਿਪਟੇ ਹੋਏ ਆਉਣਗੇ। 
ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸੰਸਕਾਰ 
ਸ਼ਹੀਦ ਲਾਂਸ ਨਾਇਕ ਮਨਦੀਪ ਸਿੰਘ ਦੇ ਅੰਤਿਮ ਸੰਸਕਾਰ 'ਤੇ ਪਹੁੰਚੇ ਵੱਖ-ਵੱਖ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਆਗੂਆਂ ਨੇ ਜਿਥੇ ਸ਼ਹੀਦ ਨੂੰ ਸ਼ਰਧਾਂਜਲੀ ਦਿੱਤੀ, ਉਥੇ ਨਾਲ ਹੀ ਪੁਲਸ ਤੇ ਸਿਵਲ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵੀ ਸ਼ਹੀਦ ਦੀ ਮ੍ਰਿਤਕ ਦੇਹ 'ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਤਿਬੜੀ ਕੈਂਟ 'ਚੋਂ ਪਹੁੰਚੀ ਫੌਜੀ ਜਵਾਨਾਂ ਦੀ ਟੀਮ ਨੇ ਸ਼ਹੀਦ ਨੂੰ ਸਲਾਮੀ ਦਿੱਤੀ। ਸ਼ਹੀਦ ਦੀ ਚਿਤਾ ਨੂੰ ਅੱਗ ਉਸਦੇ ਪਿਤਾ ਪ੍ਰੇਮ ਸਿੰਘ ਨੇ ਦਿੱਤੀ ਅਤੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਹੋਇਆ। 

PunjabKesari
ਮੇਰੇ ਲੜਕੇ ਨੇ ਅੱਤਵਾਦੀਆਂ ਨਾਲ ਲੜਨ ਦੀ ਲਈ ਹੋਈ ਸੀ ਸਪੈਸ਼ਲ ਟ੍ਰੇਨਿੰਗ : ਪ੍ਰੇਮ ਸਿੰਘ 
ਸ਼ਹੀਦ ਦੇ ਪਿਤਾ ਪ੍ਰੇਮ ਸਿੰਘ ਨੇ ਦੱਸਿਆ ਕਿ ਉਹ ਆਪਣੇ ਲੜਕੇ ਮਨਦੀਪ ਸਿੰਘ ਦੀ ਸ਼ਹਾਦਤ ਨੂੰ ਭੁਲਾ ਨਹੀਂ ਸਕਦੇ। ਉਨ੍ਹਾਂ ਕਿਹਾ ਕਿ ਤਿੰਨ ਮਹੀਨੇ ਪਹਿਲਾਂ ਜਦੋਂ ਮੈਂ ਬੀਮਾਰ ਸੀ ਤਾਂ ਮੇਰਾ ਲੜਕਾ ਮੈਨੂੰ ਮਿਲਣ ਲਈ ਆਇਆ ਸੀ ਤੇ ਜਦੋਂ ਮੇਰਾ ਆਪਣੇ ਲੜਕੇ ਮਨਦੀਪ ਸਿੰਘ ਨਾਲ ਮਿਲਣ ਨੂੰ ਦਿਲ ਕਰਦਾ ਸੀ ਤਾਂ ਉਹ ਫੋਨ 'ਤੇ ਕਹਿੰਦਾ ਸੀ ਕਿ ਹਾਲੇ ਸਰਹੱਦ 'ਤੇ ਮਾਹੌਲ ਖਰਾਬ ਹੈ ਤੇ ਇਥੇ ਰਹਿਣਾ ਮੇਰਾ ਜ਼ਰੂਰੀ ਹੈ ਤੇ ਆਖਰਕਾਰ ਆਪਣੇ ਪਰਿਵਾਰ ਦੀ ਜਗ੍ਹਾ ਆਪਣੇ ਦੇਸ਼ ਦੀ ਸੁਰੱਖਿਆ ਨੂੰ ਅਹਿਮੀਅਤ ਦਿੰਦੇ ਹੋਏ ਮੇਰੇ ਲਾਡਲੇ ਮਨਦੀਪ ਸਿੰਘ ਨੇ ਸ਼ਹਾਦਤ ਦਾ ਜਾਮ ਪੀ ਲਿਆ।
ਪ੍ਰੇਮ ਸਿੰਘ ਨੇ ਦੱਸਿਆ ਕਿ ਉਸਦਾ ਲੜਕਾ ਇਕ ਬਹਾਦਰ ਤੇ ਦਲੇਰ ਸਿਪਾਹੀ ਸੀ, ਜਿਸਨੇ ਅੱਤਵਾਦੀਆਂ ਨਾਲ ਲੜਨ ਦੀ ਸਪੈਸ਼ਲ ਟ੍ਰੇਨਿੰਗ ਲੈ ਰੱਖੀ ਸੀ।  ਉਧਰ ਦੂਜੇ ਪਾਸੇ ਸ਼ਹੀਦ ਮਨਦੀਪ ਸਿੰਘ ਦਾ ਸਾਢੇ ਤਿੰਨ ਸਾਲਾ ਮਾਸੂਮ ਬੇਟਾ ਕਹਿ ਰਿਹਾ ਹੈ ਕਿ ਉਸਦੇ ਪਾਪਾ ਅੱਜ ਆਉਣ ਵਾਲੇ ਹਨ ਤੇ ਉਸ ਲਈ ਨਵੇਂ ਕੱਪੜੇ ਤੇ ਚਾਕਲੇਟ ਲੈ ਕੇ ਆਉਣਗੇ ਪਰ ਮਾਸੂਮ ਨੂੰ ਕੀ ਪਤਾ ਸੀ ਕਿ ਤਿਰੰਗੇ 'ਚ ਲਿਪਟੇ ਹੋਏ ਉਸਦੇ ਸ਼ਹੀਦ ਪਿਤਾ ਆਪਣੇ ਬੇਟੇ ਨਾਲ ਕੀਤਾ ਵਾਅਦਾ ਵੀ ਪੂਰਾ ਨਹੀਂ ਕਰ ਪਾਉਣਗੇ।


Related News