ਸ਼ੇਰੋਂ ਪਿੰਡ ਦੇ ਗੁਰਸਿੱਖ ਨੌਜਵਾਨ ਦੇ ਹੱਕ ''ਚ ਨਿੱਤਰੇ ਸੁਨੀਲ ਜਾਖੜ

Friday, Sep 04, 2026 - 08:31 PM (IST)

ਸ਼ੇਰੋਂ ਪਿੰਡ ਦੇ ਗੁਰਸਿੱਖ ਨੌਜਵਾਨ ਦੇ ਹੱਕ ''ਚ ਨਿੱਤਰੇ ਸੁਨੀਲ ਜਾਖੜ

ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਪਿੰਡ ਸ਼ੇਰੋਂ ਵਿਚ ਨਸ਼ੇ ਖ਼ਿਲਾਫ਼ ਲੋਕ ਹਿੱਤ ਦੇ ਮੁੱਦੇ ਤੇ ਆਪਣੇ ਮੌਲਿਕ ਅਧਿਕਾਰਾਂ ਤਹਿਤ ਵਿਰੋਧ ਕਰਨ ਵਾਲੇ ਸਿੱਖ ਨੌਜਵਾਨ 'ਤੇ ਪੁਲਸ ਵੱਲੋਂ ਕੀਤੇ ਅਣਮਨੁੱਖੀ ਤਸਦੱਦ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਸੁਨੀਲ ਜਾਖੜ ਨੇ ਕਿਹਾ ਹੈ ਕਿ ਲੋਕਤੰਤਰ ਵਿਚ ਭਾਰਤੀ ਨਾਗਰਿਕਾਂ ਨੂੰ ਸ਼ਾਂਤਮਈ ਤਰੀਕੇ ਨਾਲ ਵਿਰੋਧ ਕਰਨ ਦਾ ਸੰਵਿਧਾਨਕ ਹੱਕ ਹਾਸਲ ਹੈ, ਪਰ ਮੁੱਖ ਮੰਤਰੀ ਆਪਣੇ ਆਪ ਨੂੰ ਮੁਗਲੀਆ ਦੌਰ ਦੌਰ ਦੇ ਸ਼ਾਸਕ ਸਮਝਣ ਲੱਗੇ ਹਨ ਅਤੇ ਹੁਣ ਲੋਕਾਂ ਦੇ ਲੋਕਤੰਤਰਿਕ ਅਧਿਕਾਰਾਂ ਦਾ ਘਾਣ ਕਰਨ ਲੱਗੇ ਹਨ।

ਉਨ੍ਹਾਂ ਨੇ ਕਿਹਾ ਕਿ ਇਕ ਸਿੱਖ ਨੌਜਵਾਨਾਂ ਦੇ ਕਕਾਰਾਂ ਦੀ ਬੇਅਦਬੀ ਹੋਰ ਵੀ ਗੰਭੀਰ ਅਪਰਾਧ ਹੈ ਅਤੇ ਪੁਲਸ ਜਬਰ ਜਕਰੀਆ ਖਾਨ ਦੇ ਸਿੱਖਾਂ ਤੇ ਜ਼ੁਲਮ ਦੀ ਯਾਦ ਦਿਵਾਉਂਦਾ ਹੈ। ਉਨ੍ਹਾਂ ਨੇ ਇਸ ਸਬੰਧੀ ਸੋਸ਼ਲ ਮੀਡੀਆ ਪੋਸਟ ਵਿਚ ਲਿਖਿਆ ਹੈ, "ਪੰਥ ਦੋਖੀ ਮੁੱਖ ਮੰਤਰੀ ਭਗਵੰਤ ਮਾਨ ਹੁਣ ਲੋਕਤੰਤਰ ਅਤੇ ਮਨੁੱਖਤਾ ਦਾ ਘਾਣ ਕਰਨ ਤੇ ਉਤਰ ਆਏ ਹਨ। ਪਿੰਡ ਸ਼ੇਰੋਂ ਦੇ ਨੌਜਵਾਨ ਮੋਹਨਜੀਤ ਸਿੰਘ ਵੱਲੋਂ ਆਪਣੇ ਮੁਢਲੇ ਅਧਿਕਾਰ ਤਹਿਤ ਇਲਾਕੇ ਵਿਚ ਵਿਕਦੇ ਨਸ਼ੇ ਵਰਗੇ ਲੋਕ ਹਿੱਤ ਦੇ ਮੁੱਦੇ ਤੇ ਕੀਤੇ ਵਿਰੋਧ ਨੂੰ ਨਾ ਸਹਾਰਦਿਆਂ ਉਸ ਤੇ ਜਕਰੀਆ ਖਾਨ ਦੀ ਹਕੂਮਤ ਵਰਗੇ ਪੁਲਸੀਆ ਜਬਰ ਕਰਵਾਉਣ ਅਤੇ ਉੱਚ ਅਹੁਦਿਆਂ ਤੇ ਬੈਠੇ ਅਫ਼ਸਰਾਂ ਵੱਲੋਂ ਇਸ ਤਸਦੱਦ ਨੂੰ ਲਾਈਵ ਵੇਖਣਾ ਇਹ ਪ੍ਰਮਾਣ ਕਰਦਾ ਹੈ ਕਿ ਮੁੱਖ ਮੰਤਰੀ ਕਿਸ ਹੱਦ ਤੱਕ ਸੱਤਾ ਦੇ ਹੰਕਾਰ ਵਿਚ ਚੂਰ ਹੋ ਕੇ ਲੋਕਾਂ ਦੇ ਮੌਲਿਕ ਅਧਿਕਾਰਾਂ ਦਾ ਹਨਨ ਕਰਨ ਲੱਗੇ ਹਨ। ਇਕ ਗੁਰਸਿੱਖ ਨੌਜਵਾਨ ਨੂੰ ਕਰੰਟ ਲਗਾਉਣਾ ਅਤੇ ਬੁਰੀ ਤਰ੍ਹਾਂ ਮਾਰ ਕੁੱਟ ਕਰਨਾ ਅਤੇ ਗੁਰਸਿੱਖ ਦੇ ਕਕਾਰਾਂ ਦੀ ਬੇਅਦਬੀ ਕਰਨਾ, ਇਸ ਘਟਨਾ ਨੇ ਮੁਗਲ ਸਾਮਰਾਜ ਦਾ ਦੌਰ ਯਾਦ ਕਰਵਾ ਦਿੱਤਾ ਹੈ। 

ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਨੇ ਤੁਰੰਤ ਮੁੱਖ ਮੰਤਰੀ ਨੂੰ ਮਾਫੀ ਮੰਗਣ ਅਤੇ ਸਿੱਖ ਨੌਜ਼ਵਾਨ ਤੇ ਅਣਮਨੁੱਖੀ ਤਸਦੱਦ ਕਰਨ ਵਾਲੇ ਪੁਲਸ ਅਧਿਕਾਰੀਆਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਲੋਕਤੰਤਰ ਨੇ ਜੋ ਸ਼ਕਤੀ ਆਮ ਨਾਗਰਿਕਾਂ ਨੂੰ ਦਿੱਤੀ ਹੈ, ਉਸ ਦੇ ਇਸਤੇਮਾਲ ਦਾ ਸਮਾਂ ਹੁਣ ਨੇੜੇ ਆ ਗਿਆ ਹੈ ਅਤੇ ਅਗਲੀਆਂ ਚੋਣਾਂ ਵਿਚ ਲੋਕ ਇਸ ਤਾਨਾਸ਼ਾਹ ਸਰਕਾਰ ਦਾ ਅੰਤ ਕਰਣਗੇ।


author

Anmol Tagra

Content Editor

Related News