ਚੀਕ-ਚੀਕ ਕੇ ਬੋਲ੍ਹਿਆ ਸ਼ਹੀਦ ਗੁਰਬਿੰਦਰ ਦਾ ਪਰਿਵਾਰ ''ਲੜਾਈ ਲੜਨ ਤੋਂ ਪਹਿਲਾਂ ਇਕ ਵਾਰ ਦੱਸ ਤਾਂ ਦਿੰਦਾ'' (ਵੀਡੀਓ)
Friday, Jun 19, 2020 - 05:38 PM (IST)
ਸੰਗਰੂਰ (ਕੋਹਲੀ): ਭਾਰਤ ਚੀਨ ਫੌਜ 'ਚ ਹੋਈ ਝੜਪ ਦੌਰਾਨ ਜ਼ਿਲ੍ਹਾ ਸੰਗਰੂਰ ਦੇ ਪਿੰਡ ਤੋਲਾਵਾਲ ਦਾ ਫੌਜੀ ਗੁਰਬਿੰਦਰ ਸਿੰਘ ਸ਼ਹੀਦ ਹੋ ਗਿਆ। ਜਾਣਕਾਰੀ ਮੁਤਾਬਕ ਜਿਵੇਂ ਹੀ ਬੁੱਧਵਾਰ ਨੂੰ ਗੁਰਬਿੰਦਰ ਸਿੰਘ ਦੇ ਸ਼ਹੀਦ ਹੋਣ ਦੀ ਖ਼ਬਰ ਪਿੰਡ ਪੁੱਜੀ ਤਾਂ ਸਾਰੇ ਪਿੰਡ 'ਚ ਸੋਗ ਦੀ ਲਹਿਰ ਦੌੜ ਗਈ। ਗੁਰਬਿੰਦਰ ਸਿੰਘ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਉਸ ਦੀ ਮਾਂ ਦਾ ਕਹਿਣਾ ਹੈ ਕਿ ਸਾਨੂੰ ਸਾਡੇ ਪੁੱਤਰ ਨੇ ਇਕ ਵਾਰ ਵੀ ਨਹੀਂ ਦੱਸਿਆ ਕਿ ਉਸ ਨੇ ਲੜਾਈ ਲੜਨੀ ਹੈ। ਸ਼ਹੀਦ ਗੁਰਬਿੰਦਰ ਸਿੰਘ ਦੀ ਮਾਂ ਦਾ ਕਹਿਣਾ ਹੈ ਕਿ ਜਦੋਂ ਉਹ ਪਹਿਲਾਂ ਛੁੱਟੀ 'ਤੇ ਆਇਆ ਸੀ ਤੇ ਉਸ ਦੀ ਅਸੀਂ ਮੰਗਣੀ 10ਵੇਂ ਮਹੀਨੇ ਕੀਤੀ ਤੇ ਮੰਗਣੀ ਤੋਂ ਅਗਲੇ ਦਿਨ ਹੀ ਵਾਪਸ ਚਲਾ ਗਿਆ ਸੀ। ਸ਼ਹੀਦ ਗੁਰਬਿੰਦਰ ਸਿੰਘ ਦੀ ਭੈਣ ਨੇ ਦੱਸਿਆ ਕਿ ਉਸ ਦਾ ਕਹਿਣਾ ਸੀ ਕਿ ਉਹ ਵਿਆਹ ਹੀ ਉਸ ਸਮੇਂ ਕਰਵਾਏਗਾ, ਜਦੋਂ ਉਹ ਆਰਮੀ 'ਚ ਚਲਾ ਜਾਵੇਗਾ ਨਹੀਂ ਤਾਂ ਉਹ ਵਿਆਹ ਹੀ ਨਹੀਂ ਕਰਵਾਏਗਾ।
ਦੱਸਣਯੋਗ ਹੈ ਕਿ ਸ਼ਹੀਦ ਗੁਰਬਿੰਦਰ ਸਿੰਘ ਤਿੰਨ ਭੈਣ-ਭਾਰਵਾਂ ਤੋਂ ਸਭ ਤੋਂ ਛੋਟਾ ਸੀ। ਗੁਰਬਿੰਦਰ ਸਿੰਘ 24 ਮਾਰਚ 2018 ਨੂੰ ਪੰਜਾਬ ਰੈਜੀਮੈਂਟ 'ਚ ਭਰਤੀ ਹੋਇਆ ਹੈ ਅਤੇ ਗੁਰਵਿੰਦਰ ਸਿੰਘ ਪਿੰਡ 'ਚ ਸਕੂਲ ਖੁੱਲਵਾਉਣਾ ਚਾਹੁੰਦਾ ਸੀ। ਅੱਜ ਗੁਰਬਿੰਦਰ ਸਿੰਘ ਦਾ ਉਨ੍ਹਾਂ ਦੇ ਜੱਦੀ ਪਿੰਡ ਅੰਤਿਮ ਸੰਸਕਾਰ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਤੋਂ ਭਾਰਤ ਚੀਨ ਫੌਜ 'ਚ ਹੋਈ ਝੜਪ ਦੌਰਾਨ ਦੇਸ਼ ਦੇ 20 ਜਵਾਨ ਸ਼ਹੀਦ ਹੋਏ ਸਨ ਅਤੇ ਪੰਜਾਬ ਦੇ 4 ਜਵਾਨ ਸ਼ਹੀਦ ਹੋਏ ਹਨ ਜਿਹੜੇ ਕਿ ਸੰਗਰੂਰ, ਪਟਿਆਲਾ, ਗੁਰਦਾਸਪੁਰ ਤੇ ਮਾਨਸਾ ਦੇ ਰਹਿਣ ਵਾਲੇ ਸਨ।