ਸ਼ਹੀਦ ਭਗਤ ਸਿੰਘ ਸਟੇਡੀਅਮ ''ਚ 10 ਲੱਖ ਦੀ ਲਾਗਤ ਨਾਲ ਬਣਾਏ ਗਏ ਵਾਸ਼ਰੂਮ ਲੰਬੇ ਸਮੇਂ ਤੋਂ ਬੰਦ

12/15/2017 3:14:34 PM


ਫਿਰੋਜ਼ਪੁਰ (ਕੁਮਾਰ) - ਫਿਰੋਜ਼ਪੁਰ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ 'ਚ ਕੁਝ ਸਮਾਂ ਪਹਿਲਾਂ 10 ਲੱਖ ਦੀ ਲਾਗਤ ਨਾਲ ਬਣਾਏ ਗਏ ਵਾਸ਼ਰੂਮ ਪਿਛਲੇ ਕਈ ਦਿਨਾਂ ਤੋਂ ਬੰਦ ਪਏ ਹਨ, ਜਿਸ ਕਾਰਨ ਸਟੇਡੀਅਮ 'ਚ ਖੇਡਣ ਵਾਲੇ ਖਿਡਾਰੀਆਂ ਤੇ ਸੈਰ ਕਰਨ ਲਈ ਆਉਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਦਿੰਦਿਆਂ ਐਂਟੀ ਕ੍ਰਾਈਮ ਨਾਰਕੋਟਿਕਸ (ਇੰਡੀਆ ਵਿੰਗ) ਦੇ ਚੇਅਰਮੈਨ ਸੰਦੀਪ ਗੁਲਾਟੀ, ਹਰੀ ਓਮ ਬਜਾਜ, ਸ਼੍ਰੀ ਮੋਂਗਾ, ਚੋਪੜਾ, ਬਤਰਾ ਤੇ ਰਾਜੇਸ਼ ਲੂਨਾ ਆਦਿ ਨੇ ਦੱਸਿਆ ਕਿ ਸਰਕਾਰ ਵੱਲੋਂ ਖਿਡਾਰੀਆਂ ਤੇ ਆਮ ਲੋਕਾਂ ਦੀ ਸਹੂਲਤ ਲਈ ਵਾਸ਼ਰੂਮ ਬਣਾਏ ਗਏ ਹਨ ਅਤੇ ਵਾਰ-ਵਾਰ ਮੰਗ ਕਰਨ 'ਤੇ ਵੀ ਖੋਲ੍ਹੇ ਨਹੀਂ ਜਾ ਰਹੇ। 

ਇਹ ਇਮਾਰਤ ਅਸੁਰੱਖਿਅਤ ਐਲਾਨੀ ਗਈ ਹੈ : ਸਪੋਰਟਸ ਅਫਸਰ 
ਸੰਪਰਕ ਕਰਨ 'ਤੇ ਜ਼ਿਲਾ ਸਪੋਰਟਸ ਅਫਸਰ ਬਲਵੰਤ ਸਿੰਘ ਨੇ ਆਪਣਾ ਪੱਖ ਦਿੰਦਿਆਂ ਦੱਸਿਆ ਕਿ ਜਿਥੇ ਇਹ ਵਾਸ਼ਰੂਮ ਬਣਾਏ ਹੋਏ ਹਨ, ਉਹ ਇਮਾਰਤ ਪੀ. ਡਬਲਿਊ. ਡੀ. ਬੀ. ਐਂਡ ਆਰ. ਵੱਲੋਂ ਅਸੁਰੱਖਿਅਤ ਐਲਾਨੀ ਗਈ ਹੈ। ਅਸੁਰੱਖਿਅਤ ਹੋਣ 'ਤੇ ਜੇਕਰ ਇਥੇ ਕੋਈ ਘਟਨਾ ਵਾਪਰ ਜਾਂਦੀ ਹੈ ਤਾਂ ਕੋਈ ਵੱਡਾ ਨੁਕਸਾਨ ਹੋ ਸਕਦਾ ਹੈ। ਜ਼ਿਲਾ ਸਪੋਰਟਸ ਅਫਸਰ ਨੇ ਦੱਸਿਆ ਕਿ ਅਸੀਂ ਇਹ ਵਾਸ਼ਰੂਮ ਖੋਲ੍ਹ ਦਿੱਤੇ ਸਨ ਅਤੇ ਇਥੋਂ ਚੋਰ ਪਾਣੀ ਵਾਲੀ ਮੋਟਰ ਚੋਰੀ ਕਰ ਕੇ ਲੈ ਗਏ ਸਨ, ਜਿਸ ਕਾਰਨ ਪਾਣੀ ਦੀ ਸਪਲਾਈ ਬੰਦ ਪਈ ਹੈ। 
ਜੇਕਰ ਇਹ ਇਮਾਰਤ ਅਸੁਰੱਖਿਅਤ ਹੈ ਤਾਂ ਪੀ. ਡਬਲਿਊ. ਡੀ. ਵਿਭਾਗ ਨੇ ਇਥੇ 10 ਲੱਖ ਰੁਪਏ ਖਰਚ ਕਰ ਕੇ ਵਾਸ਼ਰੂਮ ਕਿਉਂ ਬਣਾਏ, ਜਾਂਚ ਕਰਵਾਈ ਜਾਵੇ। ਐਂਟੀ ਕ੍ਰਾਈਮ-ਐਂਟੀ ਨਾਰਕੋਟਿਕਸ (ਇੰਡੀਆ ਵਿੰਗ) ਦੇ ਚੇਅਰਮੈਨ ਸੰਦੀਪ ਗੁਲਾਟੀ ਤੇ ਹੋਰਨਾਂ ਦਾ ਮੰਨਣਾ ਹੈ ਕਿ ਜੇਕਰ ਪੀ. ਡਬਲਿਊ. ਡੀ. ਵਿਭਾਗ ਫਿਰੋਜ਼ਪੁਰ ਨੇ ਇਸ ਇਮਾਰਤ ਨੂੰ ਅਸੁਰੱਖਿਅਤ ਐਲਾਨਿਆ ਹੋਇਆ ਹੈ ਤਾਂ ਉਨ੍ਹਾਂ ਨੇ ਸਰਕਾਰ ਦਾ 10 ਲੱਖ ਰੁਪਏ ਖਰਚ ਕਰ ਕੇ ਵਾਸ਼ਰੂਮ ਕਿਉਂ ਬਣਾਏ ਹਨ।
ਡਿਪਟੀ ਕਮਿਸ਼ਨਰ ਨੂੰ ਚਾਹੀਦਾ ਹੈ ਕਿ ਉਹ ਖੁਦ ਇਸ ਦੀ ਜਾਂਚ ਕਰਵਾਉਣ ਅਤੇ ਜੇਕਰ ਵਿਭਾਗ ਦੇ ਅਧਿਕਾਰੀ ਜ਼ਿੰਮੇਵਾਰ ਪਾਏ ਜਾਂਦੇ ਹਨ ਤਾਂ ਇਹ 10 ਲੱਖ ਰੁਪਏ ਪੀ. ਡਬਲਿਊ. ਡੀ. ਦੇ ਸਬੰਧਤ ਸਾਰੇ ਅਧਿਕਾਰੀਆਂ ਦੇ ਵੇਤਨ ਤੋਂ ਕੱਟ ਕੇ ਰਿਕਵਰੀ ਕੀਤੀ ਜਾਵੇ। ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਉਹ ਇਸ ਨਾਲ ਸਬੰਧਤ ਸਾਰਾ ਰਿਕਾਰਡ ਸੀਲ ਕਰੇ ਅਤੇ ਇਸ ਦੀ ਜਾਂਚ ਕਰ ਕੇ ਸਰਕਾਰ ਦੇ 10 ਲੱਖ ਰੁਪਏ ਦਾ ਕੀਤਾ ਗਿਆ ਨੁਕਸਾਨ ਸਰਕਾਰੀ ਖਜ਼ਾਨੇ ਵਿਚ ਜਮ੍ਹਾ ਕਰਵਾਇਆ ਜਾਵੇ।


Related News