ਵਾਹ ਨੀ ਸਰਕਾਰੇ 22 ਸਾਲਾਂ ''ਚ ਸ਼ਹੀਦ ਭਗਤ ਸਿੰਘ ਨਗਰ ਨੂੰ ਦਿਖਾਏ 28 ਡੀ. ਸੀ.
Tuesday, Dec 05, 2017 - 12:12 AM (IST)
ਨਵਾਂਸ਼ਹਿਰ, (ਤ੍ਰਿਪਾਠੀ)- ਪੰਜਾਬ ਸਰਕਾਰ ਦੀ ਕਾਰਜ-ਪ੍ਰਣਾਲੀ ਅਧਿਕਾਰੀਆਂ ਦੇ ਤਬਾਦਲਿਆਂ ਸੰਬੰਧੀ ਹਮੇਸ਼ਾ ਸੁਰਖੀਆਂ 'ਚ ਰਹੀ ਹੈ। ਇਸ ਦੀ ਉਦਾਹਰਣ ਸਾਹਮਣੇ ਹੀ ਹੈ ਕਿ ਨਵੰਬਰ 1995 'ਚ ਹੋਂਦ 'ਚ ਆਏ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਨੂੰ 22 ਸਾਲਾਂ ਦੇ ਕਾਰਜਕਾਲ 'ਚ ਹੁਣ ਤੱਕ 27 ਡਿਪਟੀ ਕਮਿਸ਼ਨਰ ਮਿਲ ਚੁੱਕੇ ਹਨ, ਜਦਕਿ 28ਵੇਂ ਡਿਪਟੀ ਕਮਿਸ਼ਨਰ ਦੇ ਤੌਰ 'ਤੇ ਅਮਿਤ ਕੁਮਾਰ ਨੇ ਪਿਛਲੇ ਦਿਨੀਂ ਆਪਣਾ ਅਹੁਦਾ ਸੰਭਾਲਿਆ ਹੈ।
ਪਿਛਲੇ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਨਵੀਂ ਕਾਂਗਰਸ ਸਰਕਾਰ ਦੇ ਸੱਤਾ ਸੰਭਾਲਣ ਤੋਂ ਬਾਅਦ ਜ਼ਿਲੇ ਦੇ ਡਿਪਟੀ ਕਮਿਸ਼ਨਰ ਦੇ ਤੌਰ 'ਤੇ 17 ਮਾਰਚ ਨੂੰ ਆਪਣਾ ਅਹੁਦਾ ਸੰਭਾਲਿਆ ਸੀ ਪਰ ਸਰਕਾਰ ਨੇ ਸਿਰਫ 8 ਮਹੀਨਿਆਂ ਬਾਅਦ ਹੀ ਉਨ੍ਹਾਂ ਦਾ ਤਬਾਦਲਾ ਕਰ ਕੇ ਅੰਮ੍ਰਿਤਸਰ ਭੇਜ ਦਿੱਤਾ।
ਪੰਜਾਬ ਸਰਕਾਰ ਵੱਲੋਂ ਉੱਚ ਅਧਿਕਾਰੀਆਂ ਦਾ ਤਬਾਦਲਾ 3 ਸਾਲ ਬਾਅਦ ਕਰਨ ਦੀ ਨੀਤੀ ਦੇ ਉਲਟ ਹੋਣ ਵਾਲੇ ਇਨ੍ਹਾਂ ਤਬਾਦਲਿਆਂ ਕਾਰਨ ਅਧਿਕਾਰੀਆਂ 'ਚ ਹੀ ਨਹੀਂ, ਸਗੋਂ ਆਮ ਲੋਕਾਂ 'ਚ ਵੀ ਇਸ ਗੱਲ ਦੀ ਚਰਚਾ ਰਹਿੰਦੀ ਹੈ ਕਿ ਸਰਕਾਰ ਦਾ ਧਿਆਨ ਪੂਰਾ ਸਾਲ ਤਬਾਦਲਿਆਂ ਵੱਲ ਲੱਗਾ ਰਹਿੰਦਾ ਹੈ, ਜਿਸ ਕਾਰਨ ਕਦੇ ਡਿਪਟੀ ਕਮਿਸ਼ਨਰ ਤੇ ਕਦੇ ਪੁਲਸ ਅਧਿਕਾਰੀਆਂ 'ਤੇ ਤਬਾਦਲਿਆਂ ਦੀ ਤਲਵਾਰ ਲਟਕਟੀ ਰਹਿੰਦੀ ਹੈ।
ਆਮ ਤੌਰ 'ਤੇ ਸਰਕਾਰ ਵੱਲੋਂ ਇਹ ਦਲੀਲ ਦਿੱਤੀ ਜਾਂਦੀ ਹੈ ਕਿ ਤਬਾਦਲੇ ਸਿਰਫ 31 ਮਾਰਚ ਤੋਂ ਬਾਅਦ ਹੀ ਕੀਤੇ ਜਾਣਗੇ ਤਾਂ ਕਿ ਸਰਕਾਰ ਵੱਲੋਂ ਦਿੱਤੀਆਂ ਗਈਆਂ ਵਿਕਾਸ ਸਕੀਮਾਂ 'ਚ ਕੋਈ ਰੁਕਾਵਟ ਪੈਦਾ ਨਾ ਹੋ ਸਕੇ ਪਰ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) 'ਚ 22 ਸਾਲਾਂ 'ਚ 27 ਡਿਪਟੀ ਕਮਿਸ਼ਨਰ ਬਦਲਣ (28ਵਾਂ ਨਿਯੁਕਤ) ਤੋਂ ਸਪੱਸ਼ਟ ਹੈ ਕਿ ਔਸਤਨ ਹਰ ਡਿਪਟੀ ਕਮਿਸ਼ਨਰ ਨੂੰ 1 ਸਾਲ ਤੋਂ ਵੀ ਘੱਟ ਸਮਾਂ ਸੇਵਾਵਾਂ ਦੇਣ ਦਾ ਮੌਕਾ ਮਿਲਿਆ, ਜਿਸ ਤੋਂ ਸਰਕਾਰਾਂ ਦੀ ਕਾਰਜ-ਪ੍ਰਣਾਲੀ 'ਤੇ ਪ੍ਰਸ਼ਨ ਚਿੰਨ੍ਹ ਲੱਗਦਾ ਦਿਖਾਈ ਦਿੰਦਾ ਹੈ।
ਲੋਕਾਂ ਦਾ ਕਹਿਣਾ ਹੈ ਕਿ ਬਤੌਰ ਡਿਪਟੀ ਕਮਿਸ਼ਨਰ ਇਕ ਅਧਿਕਾਰੀ ਹਾਲੇ ਜ਼ਿਲੇ ਸੰਬੰਧੀ ਪੂਰੀ ਜਾਣਕਾਰੀ ਵੀ ਹਾਸਲ ਨਹੀਂ ਕਰਦਾ ਕਿ ਉਸ ਦਾ ਤਬਾਦਲਾ ਹੋ ਜਾਂਦਾ ਹੈ।
ਸਿਰਫ 17 ਦਿਨ ਤਾਇਨਾਤ ਰਹੇ ਡੀ. ਸੀ. ਵਿਕਾਸ ਗਰਗ
ਵਿਕਾਸ ਗਰਗ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ 'ਚ ਸਿਰਫ 17 ਦਿਨ ਹੀ ਤਾਇਨਾਤ ਰਹੇ, ਜਦਕਿ ਗੁਰਕੀਰਤ ਕਿਰਪਾਲ ਸਿੰਘ ਨੇ 3 ਵਾਰ ਜ਼ਿਲੇ ਦੇ ਡਿਪਟੀ ਕਮਿਸ਼ਨਰ ਦਾ ਅਹੁਦਾ ਸੰਭਾਲਿਆ ਪਰ ਉਨ੍ਹਾਂ ਦੀ ਪਾਰੀ 10 ਮਹੀਨਿਆਂ ਤੋਂ ਵੱਧ ਨਹੀਂ ਵਧ ਸਕੀ। ਇਸੇ ਤਰ੍ਹਾਂ ਆਈ. ਏ. ਐੱਸ. ਹੁਸਨ ਲਾਲ ਸਿਰਫ 41 ਦਿਨ, ਅਜੀਤ ਸਿੰਘ ਪੰਨੂ 2 ਮਹੀਨੇ 8 ਦਿਨ ਤੇ ਰਵਿੰਦਰ ਸਿੰਘ ਆਈ. ਏ. ਐੱਸ. ਸਿਰਫ 3 ਮਹੀਨੇ ਹੀ ਆਪਣੀਆਂ ਸੇਵਾਵਾਂ ਦੇ ਸਕੇ।
