ਜੰਮੂ-ਕਸ਼ਮੀਰ ''ਚ ਸ਼ਹੀਦ ਹੋਏ ਅਰਵਿੰਦਰ ਕੁਮਾਰ ਦਾ ਸੈਨਿਕ ਸਨਮਾਨਾਂ ਨਾਲ ਅੰਤਿਮ ਸੰਸਕਾਰ

Wednesday, Apr 04, 2018 - 01:26 AM (IST)

ਹੁਸ਼ਿਆਰਪੁਰ(ਘੁੰਮਣ) - ਪਾਕਿਸਤਾਨ ਵੱਲੋਂ ਕੀਤੀ ਗੋਲੀਬਾਰੀ ਦੌਰਾਨ ਜੰਮੂ-ਕਸ਼ਮੀਰ ਦੇ ਜ਼ਿਲਾ ਸ਼ੋਪੀਆਂ ਵਿਚ ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਗੋਲੀ ਲੱਗਣ ਨਾਲ ਸ਼ਹੀਦ ਹੋਏ ਥਾਣਾ ਹਾਜੀਪੁਰ ਅਧੀਨ ਪੈਂਦੇ ਪਿੰਡ ਸਰਿਆਣਾ ਨਿਵਾਸੀ ਗੰਨਰ ਅਰਵਿੰਦਰ ਕੁਮਾਰ ਦਾ ਸੈਨਿਕ ਸਨਮਾਨਾਂ ਨਾਲ ਅੱਜ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਉਹ ਭਾਰਤੀ ਫੌਜ ਵਿਚ 15 ਮੀਡੀਅਮ ਰੈਜੀਮੈਂਟ ਵਿਚ 26 ਜੂਨ 2012 ਨੂੰ ਭਰਤੀ ਹੋਏ ਸਨ ਅਤੇ ਹੁਣ 34-ਆਰ.ਆਰ. (ਰਾਸ਼ਟਰੀ ਰਾਈਫਲਜ਼) ਯੂਨਿਟ ਵਿਚ ਗੰਨਰ/ਸਿਪਾਹੀ ਵਜੋਂ ਡਿਊਟੀ ਨਿਭਾਅ ਰਹੇ ਸਨ।
ਅੰਤਿਮ ਸੰਸਕਾਰ ਦੌਰਾਨ ਹਲਕਾ ਵਿਧਾਇਕ ਮੁਕੇਰੀਆਂ ਰਜਨੀਸ਼ ਕੁਮਾਰ ਬੱਬੀ, ਡਿਪਟੀ ਕਮਿਸ਼ਨਰ ਵਿਪੁਲ ਉੱਜਵਲ ਅਤੇ ਐੱਸ. ਐੱਸ. ਪੀ. ਜੇ. ਏਲੀਚੇਲਿਅਨ ਨੇ ਸ਼ਹੀਦ ਦੀ ਮ੍ਰਿਤਕ ਦੇਹ 'ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਹਲਕਾ ਵਿਧਾਇਕ ਬੱਬੀ ਨੇ ਕਿਹਾ ਕਿ ਸ਼ਹੀਦ ਅਰਵਿੰਦਰ ਕੁਮਾਰ ਨੇ ਦੇਸ਼ ਲਈ ਆਪਣੀ ਜਾਨ ਕੁਰਬਾਨ ਕੀਤੀ ਹੈ, ਜਿਸ ਲਈ ਦੇਸ਼ ਵਾਸੀ ਸਦਾ ਉਨ੍ਹਾਂ ਦੇ ਰਿਣੀ ਰਹਿਣਗੇ। ਉਨ੍ਹਾਂ ਅਰਦਾਸ ਕੀਤੀ ਕਿ ਪਰਮਾਤਮਾ ਸ਼ਹੀਦ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ੇ। ਉਨ੍ਹਾਂ ਕਿਹਾ ਕਿ ਇਸ ਦੁੱਖ ਦੀ ਘੜੀ ਵਿਚ ਪੰਜਾਬ ਸਰਕਾਰ ਪੀੜਤ ਪਰਿਵਾਰ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ ਅਤੇ ਉਸ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।
ਡੀ. ਸੀ. ਵਿਪੁਲ ਉੱਜਵਲ ਨੇ ਵੀ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਸ਼ਹੀਦੀ ਪ੍ਰਾਪਤ ਕਰਨਾ ਹਰੇਕ ਦੇ ਹਿੱਸੇ ਨਹੀਂ ਆਉਂਦਾ, ਇਸ ਲਈ ਸ਼ਹੀਦ ਅਰਵਿੰਦਰ ਕੁਮਾਰ ਦਾ ਨਾਂ ਇਤਿਹਾਸ ਦੇ ਸੁਨਹਿਰੀ ਪੰਨਿਆਂ 'ਤੇ ਲਿਖਿਆ ਜਾ ਚੁੱਕਾ ਹੈ। ਜ਼ਿਲਾ ਪ੍ਰਸ਼ਾਸਨ ਵੱਲੋਂ ਪੀੜਤ ਪਰਿਵਾਰ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਐੱਸ. ਡੀ.ਐੱਮ. ਹਿਮਾਂਸ਼ੂ ਅਗਰਵਾਲ, ਜ਼ਿਲਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਕਰਨਲ (ਰਿਟਾ.) ਦਲਵਿੰਦਰ ਸਿੰਘ ਤੋਂ ਇਲਾਵਾ ਜ਼ਿਲੇ ਦੀਆਂ ਅਹਿਮ ਸ਼ਖ਼ਸੀਅਤਾਂ ਨੇ ਵੀ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ। ਜ਼ਿਕਰਯੋਗ ਹੈ ਕਿ ਸ਼ਹੀਦ ਅਰਵਿੰਦਰ ਕੁਮਾਰ ਪਿਛਲੇ ਦਿਨੀਂ ਸੁਰੱਖਿਆ ਬਲਾਂ ਵੱਲੋਂ ਚਲਾਏ ਵਿਸ਼ੇਸ਼ ਆਪ੍ਰੇਸ਼ਨ ਦੌਰਾਨ ਅੱਤਵਾਦੀਆਂ ਨਾਲ ਲੋਹਾ ਲੈਂਦਿਆਂ ਸ਼ਹੀਦ ਹੋ ਗਏ ਸਨ। ਇਸ ਆਪ੍ਰੇਸ਼ਨ ਦੌਰਾਨ ਸੁਰੱਖਿਆਂ ਬਲਾਂ ਦੇ 2 ਹੋਰ ਜਵਾਨ ਸਿਪਾਹੀ ਹੇਤ ਰਾਮ ਬੀਕਾਨੇਰ (ਰਾਜਸਥਾਨ) ਅਤੇ ਗੰਨਰ ਨਿਤੇਸ਼ ਸਿੰਘ ਨਿਵਾਸੀ ਸੁਲਤਾਨਪੁਰ (ਯੂ.ਪੀ.) ਵੀ ਸ਼ਹੀਦ ਹੋ ਗਏ ਸਨ।  ਸ਼ਹੀਦ ਅਰਵਿੰਦਰ ਕੁਮਾਰ ਆਪਣੇ ਪਿੱਛੇ ਮਾਤਾ-ਪਿਤਾ, ਚਾਰ ਵੱਡੀਆਂ ਭੈਣਾਂ ਅਤੇ ਇਕ ਭਰਾ ਛੱਡ ਗਏ ਹਨ। ਉਨ੍ਹਾਂ ਦਾ ਛੋਟਾ ਭਰਾ ਵੀ ਸੈਨਾ ਵਿਚ ਦੇਸ਼ ਦੀ ਸੇਵਾ ਕਰ ਰਿਹਾ ਹੈ। ਪਰਿਵਾਰ ਮੁਤਾਬਕ ਅਰਵਿੰਦਰ ਕੁਮਾਰ ਦੇ ਵਿਆਹ ਦੀ ਗੱਲ ਵੀ ਚੱਲ ਰਹੀ ਸੀ, ਪਰ ਇਸ ਤੋਂ ਪਹਿਲਾਂ ਹੀ ਉਹ ਦੇਸ਼ ਲਈ ਕੁਰਬਾਨ ਹੋ ਗਏ।


Related News