ਨਿਜ਼ਾਮਦੀਨਪੁਰ ਨੇੜੇ ਲੱਗੀ ਅੱਗ ਨਾਲ ਝੁੱਗੀਆਂ ਤੇ ਵੇਲਣੇ ਦਾ ਸਾਮਾਨ ਸੜ ਕੇ ਸਵਾਹ
Tuesday, Apr 11, 2023 - 03:16 PM (IST)
ਕਿਸ਼ਨਗੜ੍ਹ/ਭੋਗਪੁਰ (ਬੈਂਸ, ਰਾਣਾ ਭੋਗਪੁਰੀਆ) : ਬੀਤੀ ਦੁਪਹਿਰ ਨੂੰ ਨਿਜ਼ਾਮਦੀਨਪੁਰ ਅੱਡੇ ਨੇੜੇ ਜਲੰਧਰ-ਪਠਾਨਕੋਟ ਹਾਈਵੇ ’ਤੇ ਦੁਪਹਿਰ ਇਕ ਗੁੜ੍ਹ ਬਣਾਉਣ ਵਾਲੇ ਵੇਲਣਾ ਸਮੇਤ ਝੁੱਗੀਆਂ ਨੂੰ ਅਚਨਚੇਤ ਅੱਗ ਲੱਗਣ ਕਰ ਕੇ ਲੱਖਾਂ ਰੁਪਏ ਦੀ ਨਕਦੀ ਤੇ ਸਾਮਾਨ ਸੜ ਕੇ ਸੁਆਹ ਹੋ ਜਾਣ ਦੀ ਖ਼ਬਰ ਪ੍ਰਾਪਤ ਹੈ | ਉਕਤ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼ੌਕੀਨ ਪੁੱਤਰ ਬਸ਼ੀਰ ਅਹਿਮਦ ਵਾਸੀ ਯੂ. ਪੀ. ਨੇ ਆਪਣੇ ਕੁਝ ਹੋਰ ਪਰਿਵਾਰਕ ਮੈਂਬਰਾਂ ਦੇ ਨਾਲ-ਨਾਲ ਸਥਾਨਕ ਤੇ ਪਤਵੰਤੇ ਲੋਕਾਂ ਦੀ ਸ਼ਮੂਲੀਅਤ ’ਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਕਰੀਬ ਪਿਛਲੇ 20 ਸਾਲਾਂ ਤੋਂ ਨਿਜ਼ਾਮਦੀਨਪੁਰ ਗੇਟ ਨੇੜੇ ਗੁੜ੍ਹ ਬਣਾਉਣ ਵਾਲਾ ਵੇਲਣਾ ਲਾ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਸੀ। ਬੀਤੀ ਦੁਪਹਿਰ ਉਹ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ-ਨਾਲ ਆਪਣੇ ਦੂਸਰੇ ਸਾਥੀਆਂ ਨਾਲ ਗੁੜ੍ਹ ਬਣਾ ਰਿਹਾ ਸੀ। ਇਸੇ ਦੌਰਾਨ ਅਚਾਨਚੇਤ ਉਨ੍ਹਾਂ ਦੇ ਵੇਲਣੇ ਦੇ ਬਿਲਕੁਲ ਨੇੜੇ ਪਰਿਵਾਰ ਦੀ ਰਿਹਾਇਸ਼ ਲਈ ਬਣਾਈਆਂ ਝੁੱਗੀਆਂ ’ਚ ਪਏ ਬਾਲਣ ਨੂੰ ਅਚਾਨਕ ਅੱਗ ਪੈ ਗਈ। ਇਸੇ ਦੌਰਾਨ ਤੇਜ਼ ਹਵਾਵਾਂ ਚੱਲਣ ਨਾਲ ਅੱਗ ਨੇ ਬੇਲਣੇ ਸਮੇਤ ਰਹਿਣ ਲਈ ਬਣਾਈਆਂ ਝੁੱਗੀਆਂ ਨੂੰ ਦੇਖਦੇ ਹੀ ਦੇਖਦੇ ਤੇਜ਼ੀ ਨਾਲ ਆਪਣੀ ਲਪੇਟ ’ਚ ਲੈ ਲਿਆ। ਉਨ੍ਹਾਂ ਨੇ ਆਪਣੇ ਸਾਥੀਆਂ ਸਮੇਤ ਦੌੜ ਕੇ ਆਪਣੀ ਜਾਨ ਬਚਾਈ ਤੇ ਸਥਾਨਕ ਲੋਕਾਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਇੰਨੀ ਜ਼ਿਆਦਾ ਤੇ ਭਿਆਨਕ ਸੀ ਕਿ ਕਾਫੀ ਨੁਕਸਾਨ ਹੋ ਗਿਆ।
ਇਹ ਵੀ ਪੜ੍ਹੋ : ਵਿੱਤ ਮੰਤਰੀ ਚੀਮਾ ਵਲੋਂ ਅੰਕੜਿਆਂ ’ਤੇ ਆਧਾਰਤ ਕਿਤਾਬ ‘ਪੰਜਾਬ ਸਟੇਟ ਐਟ ਏ ਗਲਾਂਸ 2022’ ਜਾਰੀ
ਜਦੋਂ ਤੱਕ ਫਾਇਰ ਬ੍ਰਿੁਗੇਡ ਨੂੰ ਸੂਚਿਤ ਕਰਨ ’ਤੇ ਦੋ ਗੱਡੀਆਂ ਨੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ ਉਦੋਂ ਤੱਕ ਉਨ੍ਹਾਂ ਦਾ ਝੁੱਗੀਆਂ ’ਚ ਪਿਆ ਸਾਰਾ ਸਾਮਾਨ ਸੜ ਕੇ ਸਵਾਹ ਹੋ ਚੁੱਕਾ ਸੀ। ਪੀੜਤ ਵੇਲਣੇ ਦੇ ਮਾਲਕ ਸ਼ੌਕੀਨ ਨੇ ਦੱਸਿਆ ਕਿ ਅੱਗ ਲੱਗਣ ਨਾਲ ਉਨ੍ਹਾਂ ਦੀ ਕਰੀਬ ਲੱਖ ਰੁਪਏ ਦੀ ਨਗਦੀ, ਘਰ ਦਾ ਸਾਰਾ ਸਾਮਾਨ ਕੱਪੜੇ, ਬਿਸਤਰੇ, ਪੰਜ ਕੁਇੰਟਲ ਕਣਕ, 2 ਕੁਇੰਟਲ ਆਟਾ, 10 ਕੁਇੰਟਲ ਗੁੜ੍ਹ ਆਦਿ ਹੋਰ ਸਾਮਾਨ ਸੜ੍ਹ ਕੇ ਸੁਆਹ ਹੋ ਗਿਆ ਤੇ ਇਕ ਵੱਡਾ ਇੰਜਣ, ਵੇਲਣੇ ਦਾ ਸਾਰਾ ਸਾਮਾਨ, ਇਕ ਜਰਨੇਟਰ, ਇਕ ਮੋਟਰਸਾਈਕਲ 4 ਮੋਪਿਡ, ਤਿੰਨ ਸਾਈਕਲ, ਇਕ ਇਨਵਰਟਰ ਬੈਟਰਾ, ਦੋ ਕੰਪਿਊਟਰ ਕੰਡੇ ਅਤੇ ਹੋਰ ਸਾਮਾਨ ਅੱਗ ਲੱਗਣ ਨਾਲ ਪੂਰੀ ਤਰ੍ਹਾਂ ਦੇ ਨੁਕਸਾਨੇ ਗਏ। ਪੀੜਤ ਪਰਿਵਾਰ ਵੱਲੋਂ ਅੱਗ ਨਾਲ ਹੋਏ ਉਕਤ ਨੁਕਸਾਨ ਤੋਂ ਰਾਹਤ ਲਈ ਸੂਬਾ ਸਰਕਾਰ ਪਾਸੋਂ ਪੁਰਜ਼ੋਰ ਗੁਹਾਰ ਲਾਈ ਹੈ ਕਿ ਉਨ੍ਹਾਂ ਨੂੰ ਦੁਬਾਰਾ ਆਪਣਾ ਕੰਮਕਾਰ ਸ਼ੁਰੂ ਕਰਨ ਲਈ ਤੇ ਖਾਣ ਪੀਣ ਤੇ ਰਹਿਣ ਸਹਿਣ ਲਈ ਵੱਧ ਤੋਂ ਵੱਧ ਵਿੱਤੀ ਮਦਦ ਦਿੱਤੀ ਜਾਵੇ।
ਇਹ ਵੀ ਪੜ੍ਹੋ : ਕਾਂਗਰਸ ਭਵਨ ’ਚ ਲੱਗੇ ਹੋਰਡਿੰਗਾਂ ’ਤੇ ਸੁਸ਼ੀਲ ਰਿੰਕੂ ਦੀਆਂ ਤਸਵੀਰਾਂ ’ਤੇ ਚਿਪਕਾਏ ਚਿੱਟੇ ਸਟਿੱਕਰ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ