ਸ਼੍ਰੋਮਣੀ ਕਮੇਟੀ 'ਚ ਹੋਈਆਂ ਭਰਤੀਆਂ ਦਾ ਮੁੱਦਾ ਭਖਿਆ, ਸੰਤ ਜੱਸੋਵਾਲ ਨੇ ਬੀਬੀ ਜਗੀਰ ਕੌਰ ਖ਼ਿਲਾਫ਼ ਖੋਲ੍ਹਿਆ ਮੋਰਚਾ
Wednesday, May 19, 2021 - 10:15 PM (IST)
ਅੰਮ੍ਰਿਤਸਰ (ਬਿਊਰੋ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਦੋ ਦਰਜਨ ਤੋਂ ਵੱਧ ਮੁਲਾਜ਼ਮਾਂ ਦੀਆਂ ਹੋਈਆਂ ਭਰਤੀਆਂ 'ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਕਮੇਟੀ ਦੇ ਮੈਂਬਰ ਸੰਤ ਚਰਨਜੀਤ ਸਿੰਘ ਜੱਸੋਵਾਲ ਨੇ ਇਨ੍ਹਾਂ ਭਰਤੀਆਂ 'ਚ ਹੋਈਆਂ ਬੇਨਿਯਮੀਆਂ ਖ਼ਿਲਾਫ਼ ਆਵਾਜ਼ ਉਠਾਈ ਹੈ।ਸੰਤ ਜੱਸੋਵਾਲ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ’ਤੇ ਸਿੱਧੀ ਭਰਤੀ ਕਰਨ ਦੇ ਗੰਭੀਰ ਇਲਜ਼ਾਮ ਲਗਾਉਂਦਿਆਂ ਮੋਰਚਾ ਖੋਲ੍ਹ ਦਿੱਤਾ ਹੈ।ਉਨ੍ਹਾਂ ਕਿਹਾ ਕਿ ਇਨ੍ਹਾਂ ਭਰਤੀਆਂ ਲਈ ਕਾਰਜਕਾਰਨੀ ਤੋਂ ਮਨਜ਼ੂਰੀ ਲੈਣੀ ਤਾਂ ਦੂਰ ਜਾਣਕਾਰੀ ਤੱਕ ਵੀ ਨਹੀਂ ਦਿੱਤੀ ਗਈ। ਸਿੱਧੇ ਭਰਤੀ ਕੀਤੇ ਗਏ ਮੁਲਾਜ਼ਮਾਂ ਵਿਚ ਬਹੁਤੇ ਤਾਂ ਪ੍ਰਧਾਨ ਦੇ ਨਜ਼ਦੀਕੀ ਅਧਿਕਾਰੀਆਂ ਦੇ ਰਿਸ਼ਤੇਦਾਰ ਹਨ। ਪ੍ਰਧਾਨ ਵੱਲੋਂ ਅਧਿਕਾਰੀਆਂ ਦੀ ਸਿੱਧੀ ਨਿਯੁਕਤੀ ਨਾਲ ਦਫ਼ਤਰੀ ਮੁਲਾਜ਼ਮਾਂ ਵਿਚ ਘੁਟਣ ਮਹਿਸੂਸ ਹੋ ਰਹੀ ਹੈ, ਜਿਸ ਨਾਲ ਦਫ਼ਤਰੀ ਢਾਂਚੇ ਵਿਚ ਅਰਾਜਕਤਾ ਫੈਲਣ ਦਾ ਡਰ ਹੈ।
ਇਹ ਵੀ ਪੜ੍ਹੋ :ਬੰਗਾਲ ਚੋਣਾਂ 'ਚ ਮਿਲੀ ਹਾਰ ਮਗਰੋਂ ਭਾਜਪਾ ਦੀ ਤਿੱਕੜੀ ਬਦਲੇਗੀ ਆਪਣਾ 'ਪੱਥਰ 'ਤੇ ਲੀਕ' ਵਾਲਾ ਅਕਸ!
ਸੰਤ ਜੱਸੋਵਾਲ ਨੇ ਮਹਿੰਗਾਈ ’ਚ ਪਿਸ ਰਹੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਤੇ ਭੱਤਿਆਂ ’ਚ ਵਾਧਾ ਕਰਨ ਦੀ ਮੰਗ ਦੇ ਨਾਲ ਦੁਸ਼ਵਾਰੀਆਂ ਦੂਰ ਕਰਨ ਤੇ ਸ਼੍ਰੋਮਣੀ ਕਮੇਟੀ ਦੇ ਅਕਸ ’ਚ ਸੁਧਾਰ ਲਿਆਉਣ ਲਈ ਕਮੇਟੀ ਪ੍ਰਧਾਨ ਨੂੰ ਤਾਨਾਸ਼ਾਹੀ ਛੱਡ ਕੇ ਸੰਸਥਾ ਦੇ ਪ੍ਰਬੰਧਕੀ ਕੰਮਾਂ ਤੇ ਵਿਵਸਥਾ ’ਚ ਪਾਰਦਰਸ਼ਤਾ ਲਿਆਉਣ ’ਤੇ ਜ਼ੋਰ ਦਿੱਤਾ।ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਬੇਨਿਯਮੀਆਂ ਤਹਿਤ ਭਰਤੀ ਕੀਤੇ ਗਏ ਮੁਲਾਜ਼ਮਾਂ ਦੀ ਨਿਯੁਕਤੀ ਤੁਰੰਤ ਰੱਦ ਨਾ ਕੀਤੀ ਗਈ ਤਾਂ ਆਉਣ ਵਾਲੀ ਕਾਰਜਕਾਰਨੀ ਦੀ ਮੀਟਿੰਗ ’ਚ ਹੋਰਨਾਂ ਮੈਂਬਰਾਂ ਨੂੰ ਨਾਲ ਲੈ ਕੇ ਇਸ ਮੁੱਦੇ ਨੂੰ ਜ਼ੋਰਦਾਰ ਤਰੀਕੇ ਨਾਲ ਉਠਾਇਆ ਜਾਵੇਗਾ।
ਕੋਈ ਵੀ ਬੇਨਿਯਮੀ ਨਹੀਂ ਹੋਈ : ਬੀਬੀ ਜਗੀਰ ਕੌਰ
ਇਸ ਸਬੰਧੀ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਪ੍ਰਬੰਧ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਨ੍ਹਾਂ ਗੁਰਦੁਆਰਿਆਂ ਨੂੰ ਛੋਟੇ ਮੁਲਾਜ਼ਮਾਂ ਦੀ ਲੋੜ ਸੀ, ਸਬੰਧਤ ਮੈਨੇਜਰਾਂ ਤੇ ਹਲਕਾ ਮੈਂਬਰਾਂ ਦੀ ਸਿਫ਼ਾਰਿਸ਼ ’ਤੇ ਹੀ ਮੁਲਾਜ਼ਮ ਭਰਤੀ ਕੀਤੇ ਹਨ। ਉਨ੍ਹਾਂ ਕਿਹਾ ਕਿ ਕੋਈ ਵੀ ਭਰਤੀ ਸੇਵਾਦਾਰ ਨਾ ਤਾਂ ਸਫ਼ਾਈ ਕਰਮਚਾਰੀ ਦੀ ਡਿਊਟੀ ਕਰਦਾ ਹੈ ਤੇ ਨਾ ਹੀ ਲਾਂਗਰੀ ਦੀ ਸੇਵਾ ਦਾ ਕੰਮ ਕਰ ਸਕਦਾ ਹੈ। ਮਾਲੀ ਦਾ ਕੰਮ ਮਾਲੀ ਨੂੰ ਹੀ ਕਰਨਾ ਪੈਂਦਾ ਹੈ। ਲੋੜ ਅਨੁਸਾਰ ਹੀ ਇਨ੍ਹਾਂ ਅਸਾਮੀਆਂ ਦੀ ਭਰਤੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਕਿਸਮ ਦੀ ਕੋਈ ਬੇਨਿਯਮੀ ਨਹੀਂ ਹੋਈ। ਕੋਈ ਵੀ ਬਿਆਨ ਦੇਣ ਤੋਂ ਪਹਿਲਾਂ ਤੱਥ ਵਾਚ ਲੈਣੇ ਚਾਹੀਦੇ ਹਨ।
ਨੋਟ : ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜੁਆਬ