SGPC ਨੇ 550ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ’ਚ ਸ਼ਾਮਲ ਹੋਣ ਲਈ ਸੰਤ ਨਿਰੰਜਣ ਦਾਸ ਨੂੰ ਦਿੱਤਾ ਸੱਦਾ-ਪੱਤਰ
Sunday, Nov 03, 2019 - 10:58 PM (IST)
ਕਿਸ਼ਨਗਡ਼੍ਹ (ਬੈਂਸ) - ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਵਿਸ਼ਵ ਪੱਧਰ ’ਤੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਵੱਲੋਂ ਬਹੁਤ ਹੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਵਿਸ਼ਾਲ ਧਾਰਮਿਕ ਸਮਾਗਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਅੰਮ੍ਰਿਤਸਰ) ਵੱਲੋਂ ਕਰਵਾਏ ਜਾ ਰਹੇ ਹਨ, ਜਿਸ ਵਿਚ ਸ਼ਾਮਿਲ ਹੋਣ ਲਈ ਐੱਸ. ਜੀ. ਪੀ. ਸੀ. ਦੇ ਜਥੇਦਾਰ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਡੇਰਾ ਬ੍ਰਹਮਲੀਨ ਸੰਤ ਸਰਵਣ ਦਾਸ ਜੀ ਸੱਚਖੰਡ ਬੱਲਾਂ ਦੇ ਮੌਜੂਦਾ ਗੱਦੀਨਸ਼ੀਨ ਅਤੇ ਚੇਅਰਮੈਨ ਸ੍ਰੀ ਗੁਰੂ ਰਵਿਦਾਸ ਜਨਮ ਅਸਥਾਨ ਪਬਲਿਕ ਚੈਰੀਟੇਬਲ ਟਰੱਸਟ ਵਾਰਾਨਸੀ (ਯੂ. ਪੀ.) ਸੰਤ ਨਿਰੰਜਣ ਦਾਸ ਮਹਾਰਾਜ ਜੀ ਨੂੰ ਉਚੇਚੇ ਤੌਰ ’ਤੇ ਇਨ੍ਹਾਂ ਮਹਾਨ ਸਮਾਗਮਾਂ ’ਚ ਸ਼ਾਮਿਲ ਹੋਣ ਲਈ ਸੱਦਾ-ਪੱਤਰ ਭੇਜਿਆ ਗਿਆ ਹੈ।
ਇਹ ਸੱਦਾ-ਪੱਤਰ ਦੇਣ ਲਈ ਜਥੇਦਾਰ ਰਣਜੀਤ ਸਿੰਘ ਕਾਹਲੋਂ, ਜਥੇਦਾਰ ਕੁਲਵੰਤ ਸਿੰਘ ਮੰਨਣ (ਦੋਵੇਂ ਐੱਸ. ਜੀ. ਪੀ. ਸੀ. ਮੈਂਬਰ), ਪ੍ਰਚਾਰਕ ਬੀਬੀ ਤਰਲੋਚਨ ਕੌਰ, ਸੀਨੀਅਰ ਅਕਾਲੀ ਨੇਤਾ ਹਲਕਾ ਕਰਤਾਰਪੁਰ ਦੇ ਇੰਚਾਰਜ ਸੇਠ ਸਤਪਾਲ ਮੱਲ (ਬੂਟਾਂ ਮੰਡੀ), ਹਲਕਾ ਵਿਧਾਇਕ ਆਦਮਪੁਰ ਪਵਨ ਕੁਮਾਰ ਟੀਨੂੰ, ਸਾਬਕਾ ਜ਼ਿਲਾ ਪ੍ਰੀਸ਼ਦ ਮੈਂਬਰ ਪਰਮਜੀਤ ਸਿੰਘ ਰੇਰੂ, ਜਥੇਦਾਰ ਗੁਰਜਿੰਦਰ ਸਿੰਘ ਭਤੀਜਾ ਆਦਿ ਆਪਣੇ ਸਾਥੀਆਂ ਸਮੇਤ ਡੇਰਾ ਸੱਚਖੰਡ ਬੱਲਾਂ ਵਿਖੇ ਉਚੇਚੇ ਤੌਰ ’ਤੇ ਪਹੁੰਚੇ। ਡੇਰੇ ਵਿਚ ਪਹੁੰਚਣ ’ਤੇ ਸੰਤ ਨਿਰੰਜਣ ਦਾਸ ਜੀ ਅਤੇ ਡੇਰੇ ਦੇ ਸਮੂਹ ਸੇਵਾਦਾਰਾਂ ਤੇ ਟਰੱਸਟ ਵੱਲੋਂ ਐੱਸ. ਜੀ. ਪੀ. ਸੀ. ਮੈਂਬਰਾਂ ਅਤੇ ਉਨ੍ਹਾਂ ਨਾਲ ਆਏ ਸਾਥੀਆਂ ਨੂੰ ਜੀ ਆਇਆਂ ਆਖਦਿਆਂ ਨਿੱਘਾ ਸਵਾਗਤ ਕੀਤਾ ਗਿਆ। ਡੇਰੇ ਵੱਲੋਂ ਇਹ ਸੱਦਾ-ਪੱਤਰ ਸਵੀਕਾਰ ਕਰਦੇ ਹੋਏ ਆਏ ਹੋਏ ਪਤਵੰਤੇ ਸੱਜਣਾਂ ਨੂੰ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਮੁਬਾਰਕਬਾਦ ਦਿੱਤੀ ਗਈ। ਉਕਤ ਮਹਾਨ ਸਮਾਗਮਾਂ ਲਈ ਗੁਰੂ ਕੇ ਲੰਗਰ ਤੇ ਅਟੱੁਟ ਭੰਡਾਰਿਆਂ ਵਾਸਤੇ ਡੇਰਾ ਸੱਚਖੰਡ ਬੱਲਾਂ ਵੱਲੋਂ ਇਕ ਲੱਖ ਦਸ ਹਜ਼ਾਰ ਰੁਪਏ ਦੀ ਸੇਵਾ ਭੇਟ ਕੀਤੀ ਗਈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਹੰਸ ਰਾਜ ਰਾਣਾ ਸੰਤੋਖਪੁਰਾ, ਸੁਰਿੰਦਰ ਸਿੰਘ ਸ਼ਿੰਦਾ ਨਿਜ਼ਾਮਦੀਨਪੁਰ, ਅਮਰਜੀਤ ਸਿੰਘ ਕਿਸ਼ਨਪੁਰਾ, ਗਗਨਦੀਪ ਸਿੰਘ ਚੱਕਰਾਲਾ, ਹਰਦੀਪ ਸਿੰਘ ਮੰਡ, ਕੁਲਦੀਪ ਸਿੰਘ ਕਾਹਲੋਂ, ਸੁਰਜੀਤ ਸਿੰਘ ਮਰਵਾਹਾ, ਜਸਵਿੰਦਰ ਸਿੰਘ, ਸਤਨਾਮ ਸਿੰਘ, ਐਡਵੋਕੇਟ ਸਤਪਾਲ ਵਿਰਦੀ, ਸੇਵਾਦਾਰ ਹਰਦੇਵ ਦਾਸ, ਗਿਆਨੀ ਕੁਲਵੰਤ ਸਿੰਘ ਕੱਜਲਾ, ਮਾਸਟਰ ਬੀ. ਕੇ. ਮਹਿਮੀ ਆਦਿ ਹਾਜ਼ਰ ਸਨ। ਸੰਤ ਨਿਰੰਜਣ ਦਾਸ ਵੱਲੋਂ ਸੱਦਾ ਪੱਤਰ ਦੇਣ ਆਏ ਸਾਰੇ ਹੀ ਪਤਵੰਤੇ ਸੱਜਣਾਂ ਤੇ ਐੱਸ. ਜੀ. ਪੀ. ਸੀ. ਮੈਂਬਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।