ਓਲੰਪਿਕ ਖੇਡਾਂ ਲਈ ਚੁਣੀ ਗਈ ਸਿੱਖ ਖਿਡਾਰਨ ਕਮਲਪ੍ਰੀਤ ਕੌਰ ਦਾ ਸ਼੍ਰੋਮਣੀ ਕਮੇਟੀ ਵੱਲੋਂ ਸਨਮਾਨ
Thursday, Mar 25, 2021 - 05:09 PM (IST)
ਅੰਮ੍ਰਿਤਸਰ (ਬਿਊਰੋ) : ਜਾਪਾਨ ’ਚ ਟੋਕੀਓ ਵਿਖੇ ਜੁਲਾਈ 2021 ਨੂੰ ਹੋਣ ਵਾਲੀਆਂ ਓਲੰਪਿਕ ਖੇਡਾਂ ’ਚ ਡਿਸਕਸ ਥਰੋ ਲਈ ਚੁਣੀ ਗਈ ਸਿੱਖ ਖਿਡਾਰਨ ਕਮਲਪ੍ਰੀਤ ਕੌਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 2 ਲੱਖ ਰੁਪਏ ਦੀ ਰਾਸ਼ੀ ਅਤੇ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ। ਉਸ ਨੂੰ ਇਹ ਸਨਮਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਥੇ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਵਿਖੇ ਦਿੱਤਾ। ਕਮਲਪ੍ਰੀਤ ਕੌਰ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਕਬਰਵਾਲਾ ਦੀ ਰਹਿਣ ਵਾਲੀ ਹੈ ਅਤੇ ਉਹ ਦੇਸ਼ ਭਗਤ ਕਾਲਜ ਧੂਰੀ ਤੋਂ ਗ੍ਰੈਜੂਏਸ਼ਨ ਕਰ ਚੁੱਕੀ ਹੈ। ਕਮਲਪ੍ਰੀਤ ਕੌਰ ਨੂੰ ਸਨਮਾਨਿਤ ਕਰਨ ਮੌਕੇ ਬੀਬੀ ਜਗੀਰ ਕੌਰ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਵੱਖ-ਵੱਖ ਖੇਤਰਾਂ ’ਚ ਮੱਲਾਂ ਮਾਰਨ ਵਾਲੇ ਸਿੱਖ ਨੌਜਵਾਨਾਂ ਨੂੰ ਹਮੇਸ਼ਾ ਉਤਸਾਹਿਤ ਕਰਦੀ ਆ ਰਹੀ ਹੈ। ਇਸੇ ਅਧੀਨ ਹੀ ਸਿੱਖ ਖਿਡਾਰਨ ਕਮਲਪ੍ਰੀਤ ਕੌਰ ਦੀਆਂ ਪ੍ਰਾਪਤੀਆਂ ਲਈ ਉਸ ਨੂੰ ਸਨਮਾਨਿਤ ਕੀਤਾ ਗਿਆ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਸਿੱਖ ਕੌਮ ਨੂੰ ਕਮਲਪ੍ਰੀਤ ਕੌਰ ਵਰਗੀਆਂ ਹੋਣਹਾਰ ਬੱਚੀਆਂ ’ਤੇ ਮਾਣ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਕਮਲਪ੍ਰੀਤ ਕੌਰ ਨੂੰ ਉੱਚ ਸਿੱਖਿਆ ਲਈ ਸ਼੍ਰੋਮਣੀ ਕਮੇਟੀ ਮਦਦ ਕਰੇਗੀ। ਜੇਕਰ ਉਹ ਸ਼੍ਰੋਮਣੀ ਕਮੇਟੀ ਦੇ ਕਾਲਜ ਵਿਚ ਪੜ੍ਹਣਾ ਚਾਹੇ ਤਾਂ ਉਸ ਦੀ ਫ਼ੀਸ ਨਹੀਂ ਲਈ ਜਾਵੇਗੀ।
ਇਹ ਵੀ ਪੜ੍ਹੋ : ਉਦਘਾਟਨ ਦੌਰਾਨ ਈ. ਟੀ. ਟੀ. ਅਧਿਆਪਕਾਂ ਵਲੋਂ ਸਿੱਖਿਆ ਮੰਤਰੀ ਦਾ ਵਿਰੋਧ, ਹਿਰਾਸਤ ’ਚ ਲਏ ਪ੍ਰਦਰਸ਼ਨਕਾਰੀ
ਹੋਰਨਾਂ ਕਾਲਜਾਂ ਵਿਚ ਪੜ੍ਹਨ ਲਈ ਵੀ ਉਸ ਦੀ ਸ਼੍ਰੋਮਣੀ ਕਮੇਟੀ ਮਦਦ ਕਰੇਗੀ। ਬੀਬੀ ਜਗੀਰ ਕੌਰ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਸਿੱਖ ਲੜਕੀਆਂ ਨੂੰ ਖੇਡਾਂ ਦੇ ਖੇਤਰ ਵਿਚ ਵਧੀਆ ਮੌਕੇ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਇਸੇ ਅਧੀਨ ਹੀ ਲੜਕੀਆਂ ਲਈ ਵੱਖਰਾ ਖੇਡ ਡਾਇਰੈਕਟੋਰੇਟ ਸਥਾਪਿਤ ਕਰਦਿਆਂ ਅਕੈਡਮੀ ਖੋਲ੍ਹੀ ਜਾ ਚੁੱਕੀ ਹੈ। ਇਸ ਮੌਕੇ ਓਲੰਪਿਕ ਖੇਡਾਂ ਲਈ ਚੁਣੀ ਗਈ ਕਮਲਪ੍ਰੀਤ ਕੌਰ ਨੇ ਸ਼੍ਰੋਮਣੀ ਕਮੇਟੀ ਦਾ ਧੰਨਵਾਦ ਕਰਦਿਆਂ ਸਿੱਖ ਨੌਜੁਆਨੀ ਨੂੰ ਅਪੀਲ ਕੀਤੀ ਕਿ ਉਹ ਸਖ਼ਤ ਮਿਹਨਤ ਅਤੇ ਗੁਰੂ ਸਾਹਿਬ ਦੇ ਭਰੋਸੇ ਸਦਕਾ ਕੌਮ ਦਾ ਨਾਂ ਰੌਸ਼ਨ ਕਰਨ ਲਈ ਅੱਗੇ ਆਉਣ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ ਕਮਲਪ੍ਰੀਤ ਕੌਰ ਦੀ ਕੋਚ ਬੀਬੀ ਰਾਖੀ ਤਿਆਗੀ ਨੂੰ ਵੀ 21 ਹਜ਼ਾਰ ਰੁਪਏ ਦਾ ਚੈੱਕ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ ਭਿੱਟੇਵੱਡ, ਮੈਂਬਰ ਅਮਰੀਕ ਸਿੰਘ ਵਿਛੋਆ, ਅਮਰਜੀਤ ਸਿੰਘ ਭਲਾਈਪੁਰ, ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਅਜਨਾਲਾ, ਮੀਤ ਸਕੱਤਰ ਤੇਜਿੰਦਰ ਸਿੰਘ ਪੱਡਾ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਗੁਰਿੰਦਰ ਸਿੰਘ ਮਥਰੇਵਾਲ, ਓਐਸਡੀ ਡਾ. ਅਮਰੀਕ ਸਿੰਘ ਲਤੀਫਪੁਰ ਅਤੇ ਕਮਲਪ੍ਰੀਤ ਕੌਰ ਦੇ ਪਰਿਵਾਰਕ ਮੈਂਬਰ, ਹਲਕਾ ਮਲੋਟ ਤੋਂ ਪੁੱਜੇ ਭਗਵੰਤ ਸਿੰਘ ਮਿੱਡਾ ਸੰਮਤੀ ਮੈਂਬਰ, ਸਾਬਕਾ ਸਰਪੰਚ ਸਵਰਨ ਸਿੰਘ, ਨਿਰਮਲਜੀਤ ਸਿੰਘ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ : ਪ੍ਰਾਈਵੇਟ ਸਕੂਲਾਂ ਨੂੰ ਪੰਜਾਬ ਸਰਕਾਰ ਦਾ ਝਟਕਾ, ਜਾਰੀ ਕੀਤੇ ਨਵੇਂ ਹੁਕਮ ► ਸਰਕਾਰੋ! ਜੇ ਭਗਤ ਸਿੰਘ ਫਾਂਸੀ ਦਾ ਰੱਸਾ ਚੁੰਮ ਸਕਦਾ ਤਾਂ ਅਸੈਂਬਲੀ ’ਚ ਬੰਬ ਵੀ ਸੁੱਟ ਸਕਦਾ : ਰਵਨੀਤ ਬਿੱਟੂ