ਪੰਜਾਬ 'ਚ ਪੰਥਕ ਨੇਤਾ ਦੀ ਕਮੀ ਮਹਿਸੂਸ ਕਰ ਰਹੀ 'ਆਪ', ਸ਼੍ਰੋਮਣੀ ਕਮੇਟੀ ਚੋਣਾਂ 'ਚ ਹੱਥ ਰਹਿਣਗੇ ਖ਼ਾਲੀ
Tuesday, Nov 08, 2022 - 10:32 AM (IST)
ਚੰਡੀਗੜ੍ਹ (ਵਿਸ਼ੇਸ਼) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਹੁਦੇ ਲਈ ਹੋਣ ਵਾਲੀਆਂ ਚੋਣਾਂ ’ਚ ਆਮ ਆਦਮੀ ਪਾਰਟੀ ਦੇ ਹੱਥ ਖ਼ਾਲੀ ਰਹਿਣਗੇ। ਹਾਲਾਂਕਿ ਇਹ ਪਾਰਟੀ ਪ੍ਰਤੱਖ ਤੌਰ ’ਤੇ ਧਾਰਮਿਕ ਮਾਮਲਿਆਂ ’ਚ ਨਹੀਂ ਪੈਂਦੀ, ਫਿਰ ਵੀ ਸ਼੍ਰੋਮਣੀ ਕਮੇਟੀ ਚੋਣਾਂ ਲਈ ਪੰਜਾਬ ਦਾ ਸਿਆਸੀ ਮਾਹੌਲ ਗਰਮਾਇਆ ਹੋਇਆ ਹੈ। ਆਮ ਆਦਮੀ ਪਾਰਟੀ ਕੋਲ ਇਸ ਵੇਲੇ ਸੂਬੇ ’ਚ ਕੋਈ ਵੀ ਪੰਥਕ ਨੇਤਾ ਨਹੀਂ ਹੈ, ਜੋ ਅਕਾਲੀ ਦਲ ਦੀ ਧਾਰਮਿਕ ਸਿਆਸਤ ’ਚ ਘੁਸਪੈਠ ਕਰ ਸਕੇ। ਕੈਪਟਨ ਅਮਰਿੰਦਰ ਸਿੰਘ ਜਦੋਂ ਕਾਂਗਰਸ ਵੱਲੋਂ ਮੁੱਖ ਮੰਤਰੀ ਦੇ ਅਹੁਦੇ ’ਤੇ ਬਿਰਾਜਮਾਨ ਹੁੰਦੇ ਸਨ ਤਾਂ ਉਹ ਪ੍ਰਤੱਖ ਤੌਰ ’ਤੇ ਸ਼੍ਰੋਮਣੀ ਕਮੇਟੀ ਚੋਣਾਂ ’ਚ ਬਾਦਲਾਂ ਦਾ ਕਿਲਾ ਢਹਿ-ਢੇਰੀ ਕਰਨ ਲਈ ਉਨ੍ਹਾਂ ਦੇ ਵਿਰੋਧੀ ਧੜਿਆਂ ਨੂੰ ਸਮਰਥਨ ਦਿੰਦੇ ਰਹਿੰਦੇ ਸਨ ਪਰ ਬਾਅਦ ’ਚ ਜਦੋਂ ਕੈਪਟਨ ਦੀ ਬਾਦਲਾਂ ਨਾਲ ਨੇੜਤਾ ਹੋ ਗਈ ਤਾਂ ਉਨ੍ਹਾਂ ਧਾਰਮਿਕ ਮਾਮਲਿਆਂ ’ਚ ਦਖਲ-ਅੰਦਾਜ਼ੀ ਕਰਨੀ ਬੰਦ ਕਰ ਦਿੱਤੀ ਸੀ।
ਇਹ ਵੀ ਪੜ੍ਹੋ : ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ ਦੇ 5 ਸੁਰੱਖਿਆ ਮੁਲਾਜ਼ਮਾਂ ਨੂੰ ਕੀਤਾ ਮੁਅੱਤਲ, ਜਾਣੋ ਕਾਰਨ
ਆਮ ਆਦਮੀ ਪਾਰਟੀ ਕੋਲ ਜੇਕਰ ਪੰਥਕ ਨੇਤਾ ਹੁੰਦਾ ਤਾਂ ਉਹ ਜ਼ਰੂਰ ਅਕਾਲੀ ਦਲ ਨਾਲ ਜੁੜੀ ਧਾਰਮਿਕ ਸਿਆਸਤ ’ਚ ਦਖਲ-ਅੰਦਾਜ਼ੀ ਕਰਦੀ। ‘ਆਪ’ ਦੀ ਮਜਬੂਰੀ ਇਹ ਹੈ ਕਿ ਉਹ ਅਕਾਲੀ ਦਲ ਦੇ ਨਾਲ ਨਹੀਂ ਜਾ ਸਕਦੀ ਅਤੇ ਦੂਜੇ ਪਾਸੇ ਕਾਂਗਰਸ ਨਾਲ ਉਸ ਦਾ ਛੱਤੀ ਦਾ ਅੰਕੜਾ ਹੈ। ਆਮ ਆਦਮੀ ਪਾਰਟੀ ਬੀਬੀ ਜਗੀਰ ਕੌਰ ਨੂੰ ਸਮਰਥਨ ਨਹੀਂ ਦੇ ਸਕਦੀ। ਇਸ ਦਾ ਇਕ ਕਾਰਨ ਇਹ ਵੀ ਹੈ ਕਿ ਬੀਬੀ ਜਗੀਰ ਕੌਰ ’ਤੇ ਭਰੋਸਾ ਨਹੀਂ ਕੀਤਾ ਜਾ ਸਕਦਾ।
ਇਹ ਵੀ ਪੜ੍ਹੋ : ਅਕਾਲੀ ਦਲ ਦਾ ਵੱਡਾ ਫ਼ੈਸਲਾ, ਬੀਬੀ ਜਗੀਰ ਕੌਰ ਨੂੰ ਪਾਰਟੀ ਤੋਂ ਕੀਤਾ ਬਾਹਰ
ਉਨ੍ਹਾਂ ਬਾਰੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਪਤਾ ਨਹੀਂ ਕਦੋਂ ਉਹ ਭਾਜਪਾ ਨਾਲ ਚਲੇ ਜਾਣ ਜਾਂ ਫਿਰ ਭਵਿੱਖ ’ਚ ਕਦੇ ਉਨ੍ਹਾਂ ਦੀ ਅਕਾਲੀ ਦਲ ’ਚ ਮੁੜ ਵਾਪਸੀ ਹੋ ਜਾਵੇ। ਇਨ੍ਹਾਂ ਸਿਆਸੀ ਹਾਲਾਤ ਨੂੰ ਵੇਖਦੇ ਹੋਏ ਕਿਹਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਧਾਰਮਿਕ ਮਾਮਲਿਆਂ ’ਚ ਦਖਲ-ਅੰਦਾਜ਼ੀ ਨਾ ਦੇ ਬਰਾਬਰ ਰਹੀ ਹੈ ਅਤੇ ਉਹ ਧਾਰਮਿਕ ਖੇਤਰ ’ਚ ਅਕਾਲੀ ਦਲ ਦਾ ਦਬਦਬਾ ਤੋੜਨ ਲਈ ਸਾਹਮਣੇ ਨਹੀਂ ਆਈ। ਕੁੱਲ ਮਿਲਾ ਕੇ ਆਮ ਆਦਮੀ ਪਾਰਟੀ ਇਸ ਵੇਲੇ ਧਾਰਮਿਕ ਸਿਆਸਤ ਤੋਂ ਦੂਰ ਹੀ ਨਜ਼ਰ ਆ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ