ਐਸ.ਜੀ.ਪੀ.ਸੀ. ਅੰਤ੍ਰਿੰਗ ਕਮੇਟੀ ਦੀ ਬੈਠਕ ਵਿਚ ਲਏ ਗਏ ਅਹਿਮ ਫੈਸਲੇ

05/27/2016 4:42:03 PM

ਕਟਾਣਾ ਸਾਹਿਬ (ਦੋਰਾਹਾ) (ਵਿਨਾਇਕ)— ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਵਿਸ਼ੇਸ਼ ਇਕੱਤਰਤਾ ਗੁਰਦੁਆਰਾ ਸ੍ਰੀ ਦੇਗਸਰ ਕਟਾਣਾ ਸਾਹਿਬ ''ਚ ਜਥੇਦਾਰ ਅਵਤਾਰ ਸਿੰਘ ਮੱਕੜ ਦੀ ਪ੍ਰਧਾਨ ਹੇਠ ਹੋਈ। ਇਸ ਮੌਕੇ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਦਿਨੀਂ ਉੱਘੇ ਪੰਥਕ ਪ੍ਰਚਾਰਕਾਂ ਦਰਮਿਆਨ ਸ਼ੁਰੂ ਹੋਈ ਆਪਸੀ ਤਕਰਾਰ ਸਮੁੱਚੇ ਪੰਥ ਲਈ ਗੰਭੀਰ ਵਿਸ਼ਾ ਹੈ ਜਿਸ ਨਾਲ ਆਉਣ ਵਾਲੇ ਸਮੇਂ ਵਿਚ ਚਿੰਤਾਜਨਕ ਸਿੱਟੇ ਨਿਕਲ ਸਕਦੇ ਹਨ। ਉਨ੍ਹਾਂ ਦੋਹਾਂ ਸਖਸ਼ੀਅਤਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਾਂਤੀ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਪੰਥਕ ਹਿੱਤਾਂ ਨੂੰ ਮੁੱਖ ਰੱਖਦਿਆਂ ਆਪਸੀ ਭਰਾ ਮਾਰੂ ਜੰਗ ਤੋਂ ਗੁਰੇਜ ਕਰਨ ਤੇ ਆਪਸੀ ਵੱਖਰੇਵਿਆਂ ਨੂੰ ਮਿਲ ਬੈਠ ਕੇ ਦੂਰ ਕਰਨ ਤਾਂ ਕਿ ਸਮੁੱਚੀ ਕੌਮ ਵਿਚ ਆਪਸੀ ਇਕਸੁਰਤਾ ਬਣੀ ਰਹੇ।
ਇਸ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਦੇ ਸਮੁੱਚੇ ਚੁਫੇਰੇ ਦੇ ਸੁੰਦਰੀਕਰਨ ਅਤੇ ਸਾਂਭ-ਸੰਭਾਲ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਸੁੰਦਰੀਕਰਨ ਪ੍ਰੋਜੈਕਟ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇਰਸਤਿਆਂ ਨੂੰ ਪੈਦਲ ਜ਼ੋਨ ਵਜੋਂ ਵਿਕਸਤ ਕਰਨ ਦਾ ਉਪਰਾਲਾ ਇਕ ਸਹੀ ਕਦਮ ਹੈ। ਇਸ ਲਈ ਕਿਸੇ ਨੂੰ ਵੀ ਪੈਦਲ ਜ਼ੋਨ ਪ੍ਰੋਜੈਕਟ ਵਿੱਚ ਰੁਕਾਵਟ ਨਹੀਂ ਬਣਨਾ ਚਾਹੀਦਾ ਬਲਕਿ ਆਪਣੀ ਵਿਰਾਸਤ ਸੰਭਾਲ ਦੇ ਕਾਰਜਾਂ ਵਿਚ ਨਿੱਘਾ ਸਹਿਯੋਗ ਪਾਉਣਾ ਚਾਹੀਦਾ ਹੈ।
ਇਕੱਤਰਤਾ ''ਚ ਲਏ ਗਏ ਫੈਂਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਮੱਕੜ ਨੇ ਦੱਸਿਆ ਕਿ ਬੀਬੀ ਭਾਨੀ ਕੰਨਿਆਂ ਨੇਤਰਹੀਣ ਵਿਦਿਆਲਾ ਸੰਨ ਸਾਹਿਬ, ਛੇਹਰਟਾ, ਅੰਮ੍ਰਿਤਸਰ ਵੱਲੋਂ ਪੁੱਜੀ ਮੰਗ ਦੇ ਆਧਾਰ ''ਤੇ 17 ਨੇਤਰਹੀਣ ਲੜਕੀਆਂ ਅਤੇ ਸਟਾਫ ਨੂੰ 25 ਹਜ਼ਾਰ ਰੁਪਏ ਆਰਥਿਕ ਸਹਾਇਤਾ ਦੇਣ ਤੋਂ ਇਲਾਵਾ ਹੋਰ ਵੀ ਕਈ ਅਹਿਮ ਫੈਸਲਾ ਲਏ ਗਏ ਹਨ।


Gurminder Singh

Content Editor

Related News