ਲਗਾਤਾਰ ਤੀਜੀ ਵਾਰ SGPC ਦੇ ਪ੍ਰਧਾਨ ਬਣੇ ਭਾਈ ਲੌਂਗੋਵਾਲ ਦਾ ਜਾਣੋ ਕੀ ਹੈ ਪਿਛੋਕੜ

11/27/2019 6:43:32 PM

ਜਲੰਧਰ/ਅੰਮ੍ਰਿਤਸਰ (ਗੁਰਮਿੰਦਰ ਸਿੰਘ) : ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਲਗਾਤਾਰ ਤੀਜੀ ਵਾਰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਚੁਣਿਆ ਗਿਆ ਹੈ। 2017 ਵਿਚ ਪਹਿਲੀ ਵਾਰ ਐੱਸ. ਜੀ.ਪੀ. ਸੀ. ਦੇ ਪ੍ਰਧਾਨ ਬਣੇ ਲੌਂਗੋਵਾਲ ਨੂੰ ਲਗਾਤਾਰ ਤੀਜੀ ਵਾਰ ਇਹ ਜ਼ਿੰਮੇਵਾਰੀ ਮਿਲੀ ਹੈ। 18 ਅਕਤੂਬਰ 1956 ਨੂੰ ਜ਼ਿਲਾ ਸੰਗਰੂਰ ਦੇ ਪਿੰਡ ਲੌਂਗੋਵਾਲ 'ਚ ਜਨਮੇ ਗੋਬਿੰਦ ਸਿੰਘ ਪੰਜਾਬੀ ਵਿਚ ਪੋਸਟ ਗ੍ਰੈਜੂਏਟ ਹਨ। ਸੰਤ ਹਰਚਨ ਸਿੰਘ ਲੌਂਗੋਵਾਲ ਨਾਲ ਸਿਆਸੀ ਜੀਵਨ ਦੀ ਸ਼ੁਰੂਆਤ ਕਰਨ ਵਾਲੇ ਗੋਬਿੰਦ ਸਿੰਘ ਸਾਲ 2000 ਦੌਰਾਨ ਬਾਦਲ ਸਰਕਾਰ 'ਚ ਸੂਬੇ ਦੇ ਸਿੰਚਾਈ ਮੰਤਰੀ ਵੀ ਰਹਿ ਚੁੱਕੇ ਹਨ। ਲੌਂਗੋਵਾਲ ਇਸ ਤੋਂ ਪਹਿਲਾਂ ਤਿੰਨ ਵਾਰ ਵਿਧਾਨ ਸਭਾ ਚੋਣਾਂ 'ਚ ਹਾਰ ਦਾ ਸਾਹਮਣਾ ਵੀ ਕਰ ਚੁੱਕੇ ਹਨ। ਪ੍ਰਾਈਵੇਟ ਤੌਰ 'ਤੇ ਗ੍ਰੈਜੂਏਸ਼ਨ ਕਰ ਚੁੱਕੇ ਗੋਬਿੰਦ ਸਿੰਘ ਲੌਂਗੋਵਾਲ ਸਾਲ 1987 'ਚ ਮਾਰਕਫੈਡ ਪੰਜਾਬ ਦੇ ਚੇਅਰਮੈਨ ਅਤੇ ਸਾਲ 2009 'ਚ ਸੰਗਰੂਰ ਦੇ ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਵੀ ਰਹੇ ਹਨ। 

PunjabKesari

ਲੌਂਗੋਵਾਲ ਸਾਲ 1985, 1997 ਅਤੇ 2002 ਵਿਚ ਧਨੌਲਾ ਤੋਂ ਜਿੱਤ ਪ੍ਰਾਪਤ ਕਰਕੇ ਵਿਧਾਇਕ ਰਹਿ ਚੁੱਕੇ ਹਨ। ਇਸ ਤੋਂ ਬਾਅਦ ਲੌਂਗੋਵਾਲ 2007 ਅਤੇ 2012 ਵਿਚ ਲਗਾਤਾਰ ਦੋ ਵਾਰ ਚੋਣਾਂ ਹਾਰ ਗਏ। ਇਸ ਦਰਮਿਆਨ 2015 ਵਿਚ ਸੰਗਰੂਰ 'ਚ ਜ਼ਿਮਨੀ ਚੋਣ ਹੋਈ। ਇਥੇ ਫਿਰ ਅਕਾਲੀ ਦਲ ਵਲੋਂ ਲੌਂਗੋਵਾਲ 'ਤੇ ਕਿਸਮਤ ਅਜ਼ਮਾਈ ਗਈ ਅਤੇ ਇਸ ਚੋਣ ਵਿਚ ਲੌਂਗੋਵਾਲ ਨੇ ਫਤਿਹ ਹਾਸਲ ਕੀਤੀ। 

PunjabKesari

2017 ਵਿਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਵਲੋਂ ਭਾਈ ਲੌਂਗੋਵਾਲ ਨੂੰ ਸੁਨਾਮ ਹਲਕੇ ਤੋਂ ਚੋਣ ਮੈਦਾਨ ਵਿਚ ਉਤਾਰਿਆ ਗਿਆ। ਸੂਬੇ ਵਿਚ ਹੋਈਆਂ ਬੇਅਦਬੀਆਂ ਦਾ ਸੇਕ ਭਾਈ ਲੌਂਗੋਵਾਲ ਤੱਕ ਵੀ ਪਹੁੰਚਿਆ ਅਤੇ ਉਹ ਚੋਣ ਹਾਰ ਗਏ। ਇਸ ਸੀਟ 'ਤੇ ਆਮ ਆਦਮੀ ਪਾਰਟੀ ਦੇ ਅਮਨ ਅਰੋੜਾ 30182 ਵੋਟਾਂ ਦੇ ਵੱਡੇ ਫਰਕ ਨਾਲ ਜੇਤੂ ਰਹੇ ਜਦਕਿ ਲੌਂਗੋਵਾਲ 42411 ਵੋਟਾਂ ਹਾਸਲ ਕਰਕੇ ਦੂਜੇ ਸਥਾਨ 'ਤੇ ਰਹੇ। 

PunjabKesari

ਸੁਖਬੀਰ ਦੇ ਖਾਸਮ-ਖਾਸ ਹਨ ਲੌਂਗੋਵਾਲ 
ਲਗਾਤਾਰ ਤਾਰ ਤੀਜੀ ਵਾਰ ਐੱਸ. ਜੀ. ਪੀ. ਸੀ. ਦੇ ਪ੍ਰਧਾਨ ਬਣੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਸੁਖਬੀਰ ਬਾਦਲ ਦਾ ਖਾਸਮ-ਖਾਸ ਮੰਨਿਆ ਜਾਂਦਾ ਹੈ। 2011 ਤੋਂ ਲਗਾਤਾਰ ਐੱਸ. ਜੀ. ਪੀ. ਸੀ. ਦੇ ਮੈਂਬਰ ਬਣੇ ਲੌਂਗੋਵਾਲ ਪਹਿਲੀ ਵਾਰ 2017 ਵਿਚ ਐੱਸ. ਜੀ. ਪੀ. ਸੀ. ਦੀ ਪ੍ਰਧਾਨਗੀ ਮਿਲੀ ਸੀ। ਕਿਸੇ ਵਿਵਾਦ 'ਚ ਨਾ ਪੈਣਾ, ਪਾਕਿ-ਸਾਫ ਅਕਸ ਅਤੇ ਕੋਈ ਵਿਵਾਦਤ ਬਿਆਨ ਨਾ ਦੇਣਾ ਵੀ ਗੋਬਿੰਦ ਸਿੰਘ ਲੌਂਗੋਵਾਲ ਨੂੰ ਲਗਾਤਾਰ ਤੀਜੀ ਵਾਰ ਪ੍ਰਧਾਨਗੀ ਦੇਣ ਵਜੋਂ ਦੇਖਿਆ ਜਾ ਰਿਹਾ ਹੈ।


Gurminder Singh

Content Editor

Related News