SFJ ਵੱਲੋਂ ਪੰਜਾਬ ਦੇ ਕੋਰੋਨਾ ਪੀੜਤਾਂ ਨੂੰ 5 ਹਜ਼ਾਰ ਦੀ ਮਦਦ ਦਾ ਲਾਲਚ, ਵਿਦੇਸ਼ੀ ਨੰਬਰਾਂ ਤੋਂ ਆ ਰਹੇ ਹਨ ਫੋਨ
Monday, May 03, 2021 - 09:51 PM (IST)
ਦੋਰਾਹਾ, (ਵਿਨਾਇਕ)- ਪਾਬੰਦੀਸ਼ੁਦਾ ਖਾਲਿਸਤਾਨੀ ਸੰਗਠਨ ਸਿੱਖਸ ਫ਼ਾਰ ਜਸਟਿਸ (ਐੱਸ. ਐੱਫ. ਜੇ.) ਵੱਲੋਂ ਕੋਰੋਨਾ ਦੌਰਾਨ ਪੰਜਾਬ ਦੇ ਕਿਸਾਨਾਂ ਦੇ ਵਿਗੜ ਰਹੇ ਹਾਲਾਤ ਦੇ ਮੱਦੇਨਜ਼ਰ ਪੰਜਾਬ ਦੇ ਕੋਰੋਨਾ ਪੀੜਤਾਂ ਨੂੰ 5000 ਰੁਪਏ ਦੀ ਮਾਲੀ ਸਹਾਇਤਾ ਦੇਣ ਦਾ ਲਾਲਚ ਦਿੱਤਾ ਜਾ ਰਿਹਾ ਹੈ। ਇਹ ਸੁਨੇਹਾ ਕਿਸੇ ਔਰਤ ਵੱਲੋਂ ਆਪਣੀ ਆਵਾਜ਼ ’ਚ ਰਿਕਾਰਡ ਕਰ ਕੇ ਵਿਦੇਸ਼ੀ ਨੰਬਰਾਂ ਤੋਂ ਵੱਖ-ਵੱਖ ਲੋਕਾਂ ਦੇ ਮੋਬਾਇਲ ਨੰਬਰਾਂ ’ਤੇ ਕਾਲ ਕਰ ਕੇ ਦਿੱਤਾ ਜਾ ਰਿਹਾ ਹੈ। ਫੋਨ ਸੁਣਨ ਵਾਲੇ ਨੂੰ ਇੰਝ ਮਹਿਸੂਸ ਹੁੰਦਾ ਹੈ ਜਿਵੇਂ ਉਸ ਨੂੰ ਵਿਦੇਸ਼ ਤੋਂ ਕਾਲ ਆ ਰਹੀ ਹੈ ਅਤੇ ਜਿਵੇਂ ਹੀ ਉਹ ਕਾਲ ਅਟੈਂਡ ਕਰਦਾ ਹੈ, ਇਕ ਔਰਤ ਦੀ ਆਵਾਜ਼ ਸੁਣਾਈ ਦਿੰਦੀ ਹੈ, ਜੋ ਕਿ ਲੋਕਾਂ ਨੂੰ ਭੜਕੀਲੇ ਅੰਦਾਜ਼ ’ਚ ਕਹਿ ਰਹੀ ਹੈ ਕਿ ਸਰਕਾਰਾਂ ਨੂੰ ਸਿੱਖਾਂ ਦੇ ਲਾਏ ਹੋਏ ਲੰਗਰ ਵੀ ਬਰਦਾਸ਼ਤ ਨਹੀਂ ਹਨ।
ਇਹ ਵੀ ਪੜ੍ਹੋ- ਪੰਜਾਬ ਵਿਚ ਫਿਲਹਾਲ ਨਹੀਂ ਲੱਗੇਗਾ ਮੁਕੰਮਲ ਲਾਕਡਾਊਨ, ਨਵੀਂਆਂ ਪਾਬੰਦੀਆਂ ਨਹੀਂ
ਸਥਾਨਕ ਸ਼ਹਿਰ ਦੇ ਕੁਝ ਪਤਵੰਤੇ ਲੋਕਾਂ ਨੂੰ ਆਈ ਇਸ ਤਰ੍ਹਾਂ ਦੀ ਕਾਲ ’ਚ ਕਾਲ ਕਰਨ ਵਾਲੀ ਔਰਤ ਕਹਿੰਦੀ ਹੈ ਕਿ ਕੋਰੋਨਾ ਦੌਰਾਨ ਪੰਜਾਬ ਦੇ ਕਿਸਾਨਾਂ ਦੇ ਵਿਗੜ ਰਹੇ ਹਾਲਾਤਾਂ ਨੂੰ ਦੇਖਦੇ ਹੋਏ ਸਿੱਖਸ ਫ਼ਾਰ ਜਸਟਿਸ ਵੱਲੋਂ ਆਕਸੀਜਨ ਦੀ ਕਿੱਲਤ ਨੂੰ ਦੂਰ ਕਰਨ ਲਈ ਮੁਹਿੰਮ ਚਲਾਈ ਗਈ ਸੀ, ਜਿਸ ਨੂੰ ਭਾਰਤ ਅੰਦਰ ਬਲਾਕ ਕਰ ਦਿੱਤਾ ਗਿਆ। ਮੋਦੀ, ਭਾਜਪਾ ਤੇ ਦੇਸ਼ ਦੀ ਸਰਕਾਰ, ਕੋਰੋਨਾ ਕਾਲ ਦੌਰਾਨ ਹੋਈਆਂ ਇਨ੍ਹਾਂ ਹਜ਼ਾਰਾਂ ਮੌਤਾਂ ਲਈ ਜ਼ਿੰਮੇਵਾਰ ਹੋਵੇਗੀ, ਜੋ ਕਿ ਬਚਾਈਆਂ ਜਾ ਸਕਦੀਆਂ ਸਨ। ਸਿੱਖਸ ਫ਼ਾਰ ਜਸਟਿਸ, ਪੰਜਾਬ ਦੀ ਆਜ਼ਾਦੀ ਲਈ ਰਾਏਸ਼ੁਮਾਰੀ ਕਰਵਾਉਣ ਜਾ ਰਹੀ ਹੈ ਅਤੇ ਹੁਣ ਮਾਨਵਤਾ ਦੀ ਸਹਾਇਤਾ ਵਾਸਤੇ ਪੰਜਾਬ ਦੇ ਕੋਰੋਨਾ ਪੀੜਤਾਂ ਨੂੰ 5000 ਰੁਪਏ ਦੀ ਮਾਲੀ ਇਮਦਾਦ ਭੇਜ ਰਹੀ ਹੈ।
ਇਸ ਔਰਤ ਦੀ ਜਿਹੜੀ ਕਾਲ ਆ ਰਹੀ ਹੈ ਉਸ ਦਾ ਨੰਬਰ +16162265704 ਹੈ ਅਤੇ ਅੰਤਰਰਾਸ਼ਟਰੀ ਕਾਲ ਲਿਖਿਆ ਹੋਇਆ ਦਿਖਾਈ ਦਿੰਦਾ ਹੈ। ਸ਼ੋਸ਼ਲ ਮੀਡੀਆ ਅਤੇ ਮੋਬਾਇਲ ਫੋਨਾਂ ’ਤੇ ਅਜਿਹੀਆਂ ਕਾਲਾਂ ਵਾਇਰਲ ਹੋਣ ਕਾਰਨ ਪੰਜਾਬ ਦੀਆਂ ਸੁਰੱਖਿਆ ਏਜੰਸੀਆਂ ਅਤੇ ਪੰਜਾਬ ਪੁਲਸ ਪੂਰੀ ਤਰ੍ਹਾਂ ਚੌਕਸ ਹੋ ਗਈਆਂ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਸੋਮਵਾਰ ਨੂੰ ਕੋਰੋਨਾ ਦੇ 6798 ਨਵੇਂ ਮਾਮਲੇ, ਇੰਨੇ ਲੋਕਾਂ ਦੀ ਹੋਈ ਮੌਤ
ਕੀ ਕਹਿੰਦੇ ਹਨ ਐੱਸ. ਐੱਚ. ਓ. ਦੋਰਾਹਾ
ਦੋਰਾਹਾ ਦੇ ਐੱਸ. ਐੱਚ. ਓ. ਨਛੱਤਰ ਸਿੰਘ ਨੇ ਕਿਹਾ ਕਿ ਅਜਿਹੀ ਸ਼ਿਕਾਇਤ ਦੀ ਸਾਈਬਰ ਸੈੱਲ ਨੂੰ ਭੇਜ ਕੇ ਉੱਚ ਪੱਧਰੀ ਜਾਂਚ ਕਰਵਾਈ ਜਾਵੇਗੀ ਅਤੇ ਅਪਰਾਧਿਕ ਪਿਛੋਕੜ ਵਾਲੇ ਵਿਅਕਤੀ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਪਾਬੰਦੀਸ਼ੁਦਾ ਖਾਲਿਸਤਾਨੀ ਸੰਗਠਨ ਸਿੱਖਸ ਫ਼ਾਰ ਜਸਟਿਸ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰ ਕੇ ਪੰਜਾਬ ਸੂਬੇ ਦੇ ਸ਼ਾਂਤਮਈ ਮਾਹੌਲ ਨੂੰ ਦੁਬਾਰਾ ਖਰਾਬ ਕਰਨ ਦਾ ਯਤਨ ਕਰ ਰਿਹਾ ਹੈ, ਜਿਸ ਨੂੰ ਕਿਸੇ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।