ਵਿਆਹ ਦਾ ਡਰਾਮਾ ਰਚ ਕੇ ਦਿੱਲੀ ਦੀ ਕੁੜੀ ਨਾਲ ਬਣਾਏ ਸਰੀਰਕ ਸਬੰਧ, ਕੇਸ ਦਰਜ

Thursday, Oct 14, 2021 - 07:27 PM (IST)

ਵਿਆਹ ਦਾ ਡਰਾਮਾ ਰਚ ਕੇ ਦਿੱਲੀ ਦੀ ਕੁੜੀ ਨਾਲ ਬਣਾਏ ਸਰੀਰਕ ਸਬੰਧ, ਕੇਸ ਦਰਜ

ਲੁਧਿਆਣਾ (ਜ.ਬ.) : ਦਿੱਲੀ ਦੀ 24 ਸਾਲਾ ਕੁੜੀ ਨਾਲ ਵਿਆਹ ਦਾ ਡਰਾਮਾ ਰਚ ਕੇ ਉਸ ਨਾਲ ਸਰੀਰਕ ਸਬੰਧ ਬਣਾਉਣ ਦੇ ਦੋਸ਼ ’ਚ ਟਿੱਬਾ ਪੁਲਸ ਨੇ ਪੀੜਤਾ ਦੀ ਸ਼ਿਕਾਇਤ ’ਤੇ ਤਾਜਪੁਰ ਰੋਡ ਦੇ ਵਿਜੇ ਖ਼ਿਲਾਫ਼ ਜਬਰ-ਜ਼ਨਾਹ ਦਾ ਕੇਸ ਦਰਜ ਕੀਤਾ ਹੈ, ਜਿਸ ’ਚ ਹੁਣ ਤੱਕ ਉਸ ਦੀ ਗ੍ਰਿਫਤਾਰੀ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਇਸ ਮਾਮਲੇ ’ਚ ਟਿੱਬਾ ਪੁਲਸ ’ਤੇ ਪਹਿਲਾਂ ਕਾਰਵਾਈ ਨਾ ਕਰਨ ਦਾ ਵੀ ਦੋਸ਼ ਲੱਗਾ, ਜਿਸ ਦਾ ਦਰਜ ਕੇਸ ’ਚ ਜ਼ਿਕਰ ਕੀਤਾ ਗਿਆ ਹੈ। ਸ਼ਿਕਾਇਤ ਲਿਖਣ ਦੇ ਬਾਵਜੂਦ ਉਸ ’ਤੇ ਜਦ ਕੋਈ ਐਕਸ਼ਨ ਨਾ ਹੋਇਆ ਤਾਂ ਪੀੜਤਾ ਨੂੰ ਮਹਿਲਾ ਕਮਿਸ਼ਨ ਦਾ ਸਹਾਰਾ ਲੈਣਾ ਪਿਆ, ਜਿਸ ਤੋਂ ਬਾਅਦ ਦਿੱਲੀ ਦੇ ਸੰਗਮ ਵਿਹਾਰ ਇਲਾਕੇ ਦੇ ਥਾਣੇ ’ਚ ਜ਼ੀਰੋ ਐੱਫ. ਆਈ. ਆਰ. ਦਰਜ ਕਰ ਕੇ ਅੱਗੇ ਦੀ ਕਾਰਵਾਈ ਲਈ ਲੁਧਿਆਣਾ ਪੁਲਸ ਨੂੰ ਭੇਜਿਆ ਗਿਆ। ਉਧਰ ਪੁਲਸ ਨੂੰ ਦਿੱਤੀ ਗਈ ਸ਼ਿਕਾਇਤ ’ਚ ਪੀੜਤਾ ਦਾ ਕਹਿਣਾ ਹੈ ਕਿ ਉਹ ਦਿੱਲੀ ’ਚ ਆਪਣੇ ਮਾਤਾ-ਪਿਤਾ ਨਾਲ ਰਹਿੰਦੀ ਹੈ। ਉਸ ਦੀ ਵੱਡੀ ਭੈਣ ਦਾ ਵਿਆਹ ਤਾਜਪੁਰ ਰੋਡ ’ਤੇ ਹੋਇਆ ਹੈ। ਇਸੇ ਸਾਲ ਦੀ 26 ਫਰਵਰੀ ਨੂੰ ਉਹ ਆਪਣੀ ਭੈਣ ਕੋਲ ਰਹਿਣ ਆਈ ਸੀ। ਇਸ ਦੌਰਾਨ ਵਿਜੇ ਨੇ ਉਸ ਦੇ ਨਾਲ ਜਾਣ-ਪਛਾਣ ਬਣਾਈ। ਪੀੜਤਾ ਨੇ ਦੱਸਿਆ ਕਿ ਬਹਾਨੇ ਨਾਲ ਵਿਜੇ 26 ਫਰਵਰੀ ਨੂੰ ਉਸ ਨੂੰ ਇਕ ਧਾਰਮਿਕ ਅਸਥਾਨ ’ਤੇ ਲੈ ਗਿਆ। ਅਗਲੇ ਦਿਨ ਮੁਲਜ਼ਮ ਨੇ ਇਕ ਮੰਦਰ ਵਿਚ ਉਸ ਦੀ ਮਾਂਗ ’ਚ ਸੰਧੂਰ ਭਰ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਦਾ ਵਿਆਹ ਹੋ ਗਿਆ। ਇਤਰਾਜ਼ ਕਰਨ ’ਤੇ ਮੁਲਜ਼ਮ ਨੇ ਉਸ ਨੂੰ ਭਰੋਸਾ ਦਿੱਤਾ ਕਿ /ਉਹ ਬਾਅਦ ਵਿਚ ਪਰਿਵਾਰ ਵਾਲਿਆਂ ਨੂੰ ਦੱਸ ਦੇਣਗੇ। 28 ਫਰਵਰੀ ਨੂੰ ਲੁਧਿਆਣਾ ਵਾਪਸ ਆ ਕੇ ਇਕ ਹੋਟਲ ਵਿਚ ਉਸ ਨਾਲ ਸਰੀਰਕ ਸਬੰਧ ਬਣਾਏ।

ਇਹ ਵੀ ਪੜ੍ਹੋ : ਚੰਨੀ ਸਰਕਾਰ ’ਤੇ ਬਿਜਲੀ ਸੰਕਟ ਦੇ ਬੱਦਲ ਛਾਏ, ਦਿਨ-ਰਾਤ ਲੱਗਦੇ ਕੱਟ ਤੋਂ ਲੋਕ ਦੁਖੀ

ਅਗਲੇ ਦਿਨ ਬੱਸ ’ਚ ਬਿਠਾ ਕੇ ਦਿੱਲੀ ਭੇਜ ਦਿੱਤਾ। ਕੁਝ ਦਿਨ ਆਪਣੀ ਭੈਣ ਨੂੰ ਮਿਲਣ ਅਤੇ ਨੌਕਰੀ ਦੇ ਸਿਲਸਿਲੇ ’ਚ ਵਾਪਸ ਲੁਧਿਆਣਾ ਆ ਗਈ ਅਤੇ ਧਾਗੇ ਦੀ ਇਕ ਮਿੱਲ ਵਿਚ ਕੰਮ ਕਰਨ ਲੱਗੀ ਤਾਂ ਮੁਲਜ਼ਮ ਸਾਮਾਨ ਦੇਣ ਦੇ ਬਹਾਨੇ ਆਉਂਦਾ-ਜਾਂਦਾ ਸੀ। ਪੀੜਤ ਲੜਕੀ ਦਾ ਕਹਿਣਾ ਹੈ ਕਿ ਮੁਲਜ਼ਮ ਨੇ ਉਸ ਨੂੰ ਆਪਣੇ ਕੋਲ 10 ਦਿਨ ਲਈ ਇਕ ਮਕਾਨ ਵਿਚ ਵੀ ਰੱਖਿਆ, ਜਿੱਥੇ ਲਗਾਤਾਰ ਸਰੀਰਕ ਸੋਸ਼ਣ ਕਰਦਾ ਰਿਹਾ। ਕੁਝ ਦਿਨਾਂ ਬਾਅਦ ਉਹ ਫਿਰ ਦਿੱਲੀ ਵਾਪਸ ਚਲੀ ਗਈ। 15 ਸਤੰਬਰ ਨੂੰ ਵਿਜੇ ਨੇ ਉਸ ਨੂੰ ਫੋਨ ਕਰ ਕੇ ਲੁਧਿਆਣਾ ਬੁਲਾਇਆ। ਵਿਜੇ ਉਸ ਨੂੰ ਆਪਣੇ ਦੋਸਤ ਦੀਪਕ ਅਤੇ ਉਸ ਦੀ ਪਤਨੀ ਆਲੀਆ ਕੋਲ ਛੱਡ ਕੇ ਚਲਾ ਗਿਆ। ਅਗਲੇ ਦਿਨ ਵਿਜੇ ਨੇ ਉਸ ਨਾਲ ਕੁੱਟਮਾਰ ਕੀਤੀ। ਉਸ ਦਾ ਦੋਸ਼ ਹੈ ਕਿ ਇਸ ਦੌਰਾਨ ਮੁਲਜ਼ਮ ਨੇ ਉਸ ਦਾ ਪਰਸ, ਜਿਸ ਵਿਚ 25000 ਰੁਪਏ ਦੀ ਨਕਦੀ ਅਤੇ ਮੋਬਾਇਲ ਸੀ, ਖੋਹ ਲਿਆ। ਅਗਲੇ ਦਿਨ ਉਹ ਉਸ ਨੂੰ ਬੱਸ ਅੱਡੇ ’ਤੇ ਛੱਡ ਚਲਾ ਗਿਆ। ਇਸ ਤੋਂ ਬਾਅਦ ਉਹ 19 ਸਤੰਬਰ ਨੂੰ ਵਾਪਸ ਆਈ ਅਤੇ ਵਿਜੇ ਦੇ ਘਰ ਉਸ ਦੀ ਸ਼ਿਕਾਇਤ ਕਰਨ ਲਈ ਗਈ ਤਾਂ ਮੁਲਜ਼ਮ ਨੇ ਆਪਣੇ ਪਰਿਵਾਰ ਵਾਲਿਆਂ ਦੇ ਸਾਹਮਣੇ ਉਸ ਨਾਲ ਕੁੱਟਮਾਰ ਕੀਤੀ ਅਤੇ ਬੁਰਾ-ਭਲਾ ਕਿਹਾ।

ਇਹ ਵੀ ਪੜ੍ਹੋ : ਇਲਾਜ ’ਚ ਲਾਪ੍ਰਵਾਹੀ ਕਾਰਨ ਹੋਈ ਔਰਤ ਦੀ ਮੌਤ, ਸਟੇਟ ਖਪਤਕਾਰ ਕਮਿਸ਼ਨ ਨੇ ਡਾਕਟਰਾਂ ਦੀ ਅਪੀਲ ਠੁਕਰਾਈ

ਰਾਤ 11 ਵਜੇ ਉਹ ਆਪਣੀ ਸ਼ਿਕਾਇਤ ਲੈ ਕੇ ਵਰਧਮਾਨ ਥਾਣੇ ਗਈ ਪਰ ਉਨ੍ਹਾਂ ਨੇ ਇਹ ਕਹਿ ਕੇ ਪੱਲਾ ਝਾੜ ਦਿੱਤਾ ਕਿ ਜਿਸ ਇਲਾਕੇ ਵਿਚ ਘਟਨਾ ਹੋਈ, ਉਹ ਇਲਾਕਾ ਟਿੱਬਾ ਥਾਣੇ ਦੇ ਅਧੀਨ ਆਉਂਦਾ ਹੈ। ਉਸ ਨੇ 181 ’ਤੇ ਇਸ ਦੀ ਸ਼ਿਕਾਇਤ ਦਰਜ ਕਰਵਾਈ। ਉਸ ਨੂੰ ਟਿੱਬਾ ਥਾਣੇ ਭੇਜਿਆ ਗਿਆ, ਜਿੱਥੇ ਏ. ਐੱਸ. ਆਈ. ਜਸਪਾਲ ਸਿੰਘ ਨੇ ਉਸ ਦੀ ਸ਼ਿਕਾਇਤ ਲਿਖੀ ਅਤੇ ਉਸ ’ਤੇ ਉਸ ਦੇ ਹਸਤਾਖਰ ਕਰਵਾਏ ਪਰ ਉਸ ’ਤੇ ਕੋਈ ਕਾਰਵਾਈ ਕੀਤੇ ਬਿਨਾਂ ਉੁਸ ਨੂੰ ਵਾਪਸ ਭੇਜ ਦਿੱਤਾ। 21 ਸਤੰਬਰ ਨੂੰ ਉਹ ਵਾਪਸ ਦਿੱਲੀ ਆ ਗਈ ਅਤੇ ਮਹਿਲਾ ਕਮਿਸ਼ਨ ਨੂੰ ਇਸ ਦੀ ਸ਼ਿਕਾਇਤ ਕੀਤੀ, ਜਿਸ ’ਤੇ ਕੌਂਸਲਰ ਸਵਾਤੀ ਨਾਲ ਉਹ ਦਿੱਲੀ ਥਾਣੇ ਗਈ, ਜਿੱਥੇ ਉਸ ਦੀ ਸ਼ਿਕਾਇਤ ’ਤੇ ਤੁਰੰਤ ਕਾਰਵਾਈ ਹੋਈ।

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


author

Anuradha

Content Editor

Related News