ਵਪਾਰੀ ਦੀ ਘਿਨਾਉਣੀ ਹਰਕਤ, ਚਚੇਰੀ ਭੈਣ ਦੀ ਨਾਬਾਲਗ ਧੀ ਨਾਲ ਕੀਤੀਆਂ ਅਸ਼ਲੀਲ ਹਰਕਤਾਂ
Sunday, Nov 11, 2018 - 11:41 AM (IST)

ਜਲੰਧਰ (ਵਰੁਣ)— ਮਾਡਲ ਟਾਊਨ 'ਚ ਜੁੱਤੀਆਂ ਦੇ ਸ਼ੋਅਰੂਮ ਦੇ ਮਾਲਕ ਰਾਜੇਸ਼ ਖੰਨਾ ਦੀ ਘਿਨਾਉਣੀ ਕਰਤੂਤ ਸਾਹਮਣੇ ਆਈ ਹੈ, ਜਿਸ ਖਿਲਾਫ ਆਪਣੀ ਹੀ ਚਚੇਰੀ ਭੈਣ ਦੀ ਨਾਬਾਲਗ ਬੇਟੀ ਨਾਲ ਅਸ਼ਲੀਲ ਹਰਕਤਾਂ ਕਰਨ 'ਤੇ ਥਾਣਾ ਨੰ. 6 'ਚ ਕੇਸ ਦਰਜ ਹੋਇਆ ਹੈ। ਰਾਜੇਸ਼ ਖੰਨਾ ਆਪਣੀ ਚਚੇਰੀ ਭੈਣ ਨਾਲ ਵੀ ਕਈ ਸਾਲਾਂ ਤੋਂ ਜਬਰ-ਜ਼ਨਾਹ ਕਰ ਚੁੱਕਾ ਹੈ, ਜਿਸ ਕਾਰਨ ਉਹ ਗਰਭਵਤੀ ਹੋ ਗਈ ਸੀ ਅਤੇ 2004 'ਚ ਇਕ ਬੇਟੇ ਨੂੰ ਜਨਮ ਦਿੱਤਾ ਸੀ। ਫਿਲਹਾਲ ਰਾਜੇਸ਼ ਖੰਨਾ ਦੀ ਗ੍ਰਿਫਤਾਰੀ ਨਹੀਂ ਹੋ ਸਕੀ।
ਪੁਲਸ ਨੂੰ ਦਿੱਤੇ ਬਿਆਨਾਂ 'ਚ ਪੀੜਤਾ ਨੇ ਕਿਹਾ ਕਿ ਉਸ ਦਾ ਆਪਣੇ ਪਤੀ ਨਾਲ ਕਾਫੀ ਸਾਲਾਂ ਤੋਂ ਵਿਵਾਦ ਚੱਲ ਰਿਹਾ ਸੀ। ਉਸ ਦੇ ਤਾਏ ਦੇ ਬੇਟੇ ਰਾਜੇਸ਼ ਖੰਨਾ ਪੁੱਤਰ ਸਵ. ਸੱਤਪਾਲ ਖੰਨਾ ਵਾਸੀ ਗਾਰਡਨ ਕਾਲੋਨੀ ਨੇ ਇਸ ਗੱਲ ਦਾ ਨਾਜਾਇਜ਼ ਫਾਇਦਾ ਉਠਾਉਂਦਿਆਂ ਉਸ ਨਾਲ ਸਰੀਰਕ ਸੰਬੰਧ ਬਣਾਉਣੇ ਸ਼ੁਰੂ ਕਰ ਦਿੱਤੇ। ਉਹ ਅਕਸਰ ਉਸ ਦਾ ਵਿਰੋਧ ਕਰਦੀ ਸੀ ਪਰ ਕਰੀਬੀ ਰਿਸ਼ਤਾ ਹੋਣ ਕਾਰਨ ਕਿਸੇ ਨੂੰ ਦੱਸ ਨਾ ਸਕੀ। 2004 'ਚ ਉਹ ਗਰਭਵਤੀ ਹੋ ਗਈ ਅਤੇ 4 ਅਕਤੂਬਰ 2004 ਨੂੰ ਉਸ ਨੇ ਇਕ ਬੇਟੇ ਨੂੰ ਜਨਮ ਦਿੱਤਾ। ਪਹਿਲਾਂ ਉਸ ਦੀ ਇਕ ਬੇਟੀ ਹੈ, ਜਿਸ ਦਾ ਜਨਮ 2000 'ਚ ਹੋਇਆ ਸੀ। ਮਜਬੂਰੀ ਕਾਰਨ ਉਹ ਰਾਜੇਸ਼ ਖੰਨਾ ਕੋਲ ਰਹਿ ਰਹੀ ਸੀ ਪਰ ਅਕਸਰ ਰਾਜੇਸ਼ ਉਸ ਦੀ ਇਜਾਜ਼ਤ ਤੋਂ ਬਿਨਾਂ ਉਸ ਨਾਲ ਸਰੀਰਕ ਸੰਬੰਧ ਬਣਾਉਂਦਾ ਰਿਹਾ।
ਪੀੜਤਾ ਨੇ ਕਿਹਾ ਕਿ ਉਸ ਨੇ ਰਾਜੇਸ਼ ਨੂੰ ਉਸ ਦੀ 17 ਸਾਲ ਦੀ ਬੇਟੀ ਦੀ ਐਡਮਿਸ਼ਨ ਕਰਵਾਉਣ ਨੂੰ ਕਿਹਾ ਸੀ ਪਰ ਉਸ ਨੇ ਨਹੀਂ ਕਰਵਾਈ। ਉਸ ਦੀ ਬੇਟੀ ਜਦੋਂ ਉਦਾਸ ਰਹਿਣ ਲੱਗੀ ਤਾਂ ਉਸ ਨੇ ਖੁਦ 2017 'ਚ ਬੇਟੀ ਨੂੰ ਸਕੂਲ 'ਚ ਦਾਖਲ ਕਰਵਾ ਦਿੱਤਾ। ਬੇਟੀ ਫਿਰ ਵੀ ਉਦਾਸ ਹੀ ਰਹਿੰਦੀ ਸੀ। ਅਗਸਤ 2017 'ਚ ਜਦੋਂ ਉਸ ਨੇ ਬੇਟੀ ਨੂੰ ਉਦਾਸੀ ਦਾ ਕਾਰਨ ਪੁੱਛਿਆ ਤਾਂ ਕਾਫੀ ਵਾਰ ਪੁੱਛਣ 'ਤੇ ਉਸ ਨੇ ਦੱਸਿਆ ਕਿ ਰਾਜੇਸ਼ ਖੰਨਾ ਨੇ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਹਨ। ਇਸ ਦੀ ਸ਼ਿਕਾਇਤ ਪੁਲਸ ਕਮਿਸ਼ਨਰ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਥਾਣਾ ਨੰਬਰ 3 ਦੀ ਪੁਲਸ ਨੇ ਰਾਜੇਸ਼ ਖੰਨਾ ਖਿਲਾਫ 354-ਏ ਅਤੇ ਪ੍ਰੋਟੈਕਸ਼ਨ ਆਫ ਚਿਲਡਰਨ ਫਰਾਮ ਸੈਕਸੂਅਲ ਆਫੈਂਸ ਐਕਟ 2012 ਅਧੀਨ ਕੇਸ ਦਰਜ ਕਰ ਲਿਆ। ਫਿਲਹਾਲ ਰਾਜੇਸ਼ ਖੰਨਾ ਦੀ ਗ੍ਰਿਫਤਾਰੀ ਨਹੀਂ ਹੋ ਸਕੀ।