ਸਪਾ ਸੈਂਟਰਾਂ ਦੀ ਆੜ 'ਚ ਚੱਲ ਰਿਹੈ ਗੰਦਾ ਧੰਦਾ, ਮਸਾਜ ਦੀ ਫ਼ੀਸ ਲੈ ਕੇ ਦਿੱਤੀ ਜਾਂਦੀ ਹੈ ਜਿਸਮ ਫਿਰੋਸ਼ੀ ਦੀ ਆਫ਼ਰ

Monday, Jul 12, 2021 - 11:41 AM (IST)

ਸਪਾ ਸੈਂਟਰਾਂ ਦੀ ਆੜ 'ਚ ਚੱਲ ਰਿਹੈ ਗੰਦਾ ਧੰਦਾ, ਮਸਾਜ ਦੀ ਫ਼ੀਸ ਲੈ ਕੇ ਦਿੱਤੀ ਜਾਂਦੀ ਹੈ ਜਿਸਮ ਫਿਰੋਸ਼ੀ ਦੀ ਆਫ਼ਰ

ਲੁਧਿਆਣਾ (ਰਾਜ/ਬੇਰੀ) : ਮੇਨ ਚੈਸਟਰ ਆਫ ਇੰਡੀਆ ਦੇ ਨਾਂ ਨਾਲ ਮਸ਼ਹੂਰ ਲੁਧਿਆਣਾ ਦੇਹ ਵਪਾਰ ਦੇ ਦਲਦਲ ’ਚ ਧੱਸਦਾ ਜਾ ਰਿਹਾ ਹੈ। ਪਹਿਲਾਂ ਗਲੀ-ਮੁਹੱਲਿਆਂ ’ਚ ਸੰਚਾਲਕਾਵਾਂ ਜਿਸਮ ਫਿਰੋਸ਼ੀ ਦਾ ਅੱਡਾ ਚਲਾਉਂਦੀਆਂ ਸਨ ਪਰ ਸਮਾਂ ਬਦਲਣ ਦੇ ਨਾਲ-ਨਾਲ ਇਹ ਧੰਦਾ ਵੀ ਹਾਈਟੈੱਕ ਹੋ ਗਿਆ ਹੈ। ਹੁਣ ਇਹ ਧੰਦਾ ਸੋਸ਼ਲ ਮੀਡੀਆ ਦੇ ਨਾਲ ਸਪਾ ਸੈਂਟਰਾਂ ’ਚ ਤਬਦੀਲ ਹੋ ਗਿਆ ਹੈ। ਸਪਾ ਸੈਂਟਰ ’ਤੇ ਮਸਾਜ ਦੀ ਆੜ ਵਿਚ ਅੱਜ-ਕੱਲ੍ਹ ਦੇਹ ਵਪਾਰ ਕਾਫੀ ਚੱਲ ਰਿਹਾ ਹੈ। ਉੱਥੇ, ਸੋਸ਼ਲ ਮੀਡੀਆ ’ਤੇ ਵੀ ਆਨਲਾਈਨ ਇਸ ਸੈਕਸ ਰੈਕਟ ਦੇ ਧੰਦੇ ਨੂੰ ਚਲਾਇਆ ਜਾ ਰਿਹਾ ਹੈ। ਜਦ ‘ਜਗ ਬਾਣੀ’ ਟੀਮ ਨੇ ਵੱਖ-ਵੱਖ ਸਪਾ ਸੈਂਟਰਾਂ ’ਤੇ ਜਾ ਕੇ ਸਟਿੰਗ ਕੀਤਾ ਤਾਂ ਕਈ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ। ਸਪਾ ਸੈਂਟਰ ਦੇ ਕਾਊਂਟਰ ’ਤੇ ਤਾਂ ਮਸਾਜ ਦੀ ਫ਼ੀਸ ਲਈ ਜਾਂਦੀ ਹੈ ਪਰ ਜਦ ਵਿਅਕਤੀ ਅੰਦਰ ਜਾਂਦਾ ਹੈ ਤਾਂ ਮਸਾਜ ਸੈਂਟਰ ’ਚ ਮੌਜੂਦ ਕੁੜੀਆਂ ਜਿਸਮ ਫਿਰੋਸ਼ੀ ਦੀ ਆਫਰ ਦਿੰਦੀਆਂ ਹਨ ਅਤੇ ਹਰ ਤਰ੍ਹਾਂ ਦੀ ਸੁਵਿਧਾ ਮੁਹੱਈਆ ਕਰਵਾਉਣ ਦਾ ਦਾਅਵਾ ਕਰਦੀਆਂ ਹਨ। ਇੱਥੋਂ ਤੱਕ ਕਿ ਪੁਲਸ ਰੇਡ ਨਾ ਹੋਣ ਦਾ ਵੀ ਦਾਅਵਾ ਕੀਤਾ ਜਾਂਦਾ ਹੈ। ਸਭ ਤੋਂ ਪਹਿਲਾਂ ਟੀਮ ਮਲਹਾਰ ਰੋਡ ਸਥਿਤ ਇਕ ਸਪਾ ਸੈਂਟਰ ’ਤੇ ਗਈ, ਜਿੱਥੇ ਕਾਊਂਟਰ ’ਤੇ ਬੈਠੀ ਕੁੜੀ ਨੇ ਮਸਾਜ ਲਈ ਆਫ਼ਰ ਕੀਤੀ ਅਤੇ 1 ਹਜ਼ਾਰ ਤੋਂ 1500 ਤੱਕ ਫ਼ੀਸ ਦੱਸੀ। ਜਦ ਟੀਮ ਮਸਾਜ ਕਮਰੇ ਦੇ ਅੰਦਰ ਗਈ ਤਾਂ ਅੰਦਰ ਕੁੜੀਆਂ ਸਨ, ਜੋ ਕਿ ਕੰਮ-ਕਾਜ ਦੇ ਬਾਰੇ ਪੁੱਛਣ ਲੱਗੀਆਂ। ਜਦੋਂ ਟੀਮ ਨੇ ਦੱਸਿਆ ਕਿ ਉਨ੍ਹਾਂ ਦਾ ਕੱਪੜੇ ਦਾ ਕਾਰੋਬਾਰ ਹੈ ਅਤੇ ਉਹ ਅਕਸਰ ਵੱਖ-ਵੱਖ ਮਸਾਜ ਸੈਂਟਰਾਂ ’ਤੇ ਜਾਂਦੇ ਰਹਿੰਦੇ ਹਨ। ਇਸ ਤੋਂ ਬਾਅਦ ਕੁੜੀਆਂ ਨੇ ਪੈਸੇ ਵਾਲੀ ਸਾਮੀ ਸਮਝ ਕੇ ਜਿਸਮ ਫਿਰੋਸ਼ੀ ਦੀ ਆਫ਼ਰ ਦੇਣੀ ਸ਼ੁਰੂ ਕਰ ਦਿੱਤੀ ਅਤੇ ਕਿਹਾ ਕਿ ਜੇਕਰ ਉਹ ਇਛੁੱਕ ਹਨ ਤਾਂ ਕਾਊਂਟਰ ’ਤੇ ਪੈਸੇ ਜਮ੍ਹਾਂ ਕਰਵਾ ਦੇਣ।

ਇਹ ਵੀ ਪੜ੍ਹੋ : 'ਪਾਵਰਕਾਮ' ਲਈ ਬਿਜਲੀ ਸੰਕਟ ਅਜੇ ਵੀ ਕਾਇਮ, ਰਣਜੀਤ ਸਾਗਰ ਡੈਮ ਦਾ ਇਕ ਯੂਨਿਟ ਮੁੜ ਹੋਇਆ ਬੰਦ
ਹੋਟਲ ਲਿਜਾਣ ਲਈ ਵੱਖਰੇ ਤੌਰ ’ਤੇ ਲਏ ਜਾਂਦੇ ਹਨ ਚਾਰਜ
ਸਪਾ ਸੈਂਟਰ ਦੀ ਆੜ ’ਚ ਸੈਕਸ ਰੈਕੇਟ ਨੂੰ ਵਧਾਇਆ ਜਾ ਰਿਹਾ ਹੈ। ਸਪਾ ਸੈਂਟਰ ’ਚ ਗਾਹਕ ਦੀ ਪਸੰਦ ਅਤੇ ਨਾ ਪਸੰਦ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ। ਜੇਕਰ ਕੋਈ ਕੁੜੀ ਮੁਹੱਈਆ ਕਰਵਾਉਣ ਦੇ ਲਈ ਕਹਿੰਦਾ ਹੈ ਤਾਂ ਉਸ ਦੇ ਵਟਸਐਪ ’ਤੇ ਕੁੜੀਆਂ ਦੀ ਤਸਵੀਰ ਭੇਜੀ ਜਾਂਦੀ ਹੈ ਅਤੇ ਕੁੜੀ ਪਸੰਦ ਕਰਵਾਈ ਜਾਂਦੀ ਹੈ। ਫਿਰ ਆਨਲਾਈਨ ਡਿਮਾਂਡ ਹੋਟਲ ’ਚ ਭੇਜੀ ਜਾਂਦੀ ਹੈ। ਇਸ ਦੇ ਲਈ ਵਾਧੂ ਪੈਸੇ ਲਏ ਜਾਂਦੇ ਹਨ। ਮਨਪਸੰਦ ਕੁੜੀਆਂ ਦੇ ਜ਼ਿਆਦਾ ਪੈਸੇ ਲਏ ਜਾਂਦੇ ਹਨ।

ਇਹ ਵੀ ਪੜ੍ਹੋ : ਝਬਾਲ ਨੇੜੇ ਵਾਪਰੇ ਰੂਹ ਕੰਬਾਊ ਹਾਦਸੇ ਨੇ ਵਿਛਾਏ ਮੌਤ ਦੇ ਸੱਥਰ, 2 ਭਰਾਵਾਂ ਸਣੇ 4 ਨੌਜਵਾਨਾਂ ਦੀ ਮੌਤ
ਮਜਬੂਰ ਅਤੇ ਲੋੜਵੰਦ ਕੁੜੀਆਂ ਨੂੰ ਧੰਦੇ ’ਚ ਲਾਇਆ ਜਾ ਰਿਹੈ
ਸ਼ਹਿਰ ’ਚ ਚੱਲ ਰਹੇ ਸਪਾ ਸੈਂਟਰਾਂ ’ਚ ਕੁਝ ਕੁੜੀਆਂ ਤਾਂ ਆਪਣੀ ਮਨਮਰਜ਼ੀ ਨਾਲ ਆਉਂਦੀਆਂ ਹਨ ਪਰ ਕਈ ਕੁੜੀਆਂ ਦੀ ਮਜਬੂਰੀ ਦਾ ਫ਼ਾਇਦਾ ਚੁੱਕਿਆ ਜਾਂਦਾ ਹੈ। ਕੰਮ ਦੀ ਭਾਲ ’ਚ ਘੁੰਮ ਰਹੀਆਂ ਅਤੇ ਮਜਬੂਰ ਕੁੜੀਆਂ ਨੂੰ ਇਸ ਕੰਮ ਵਿਚ ਧਕੇਲਿਆ ਜਾਂਦਾ ਹੈ। ਕਈ ਕੁੜੀਆਂ ਨਾਲ ਗੱਲ ਕਰਨ ’ਤੇ ਪਤਾ ਲੱਗਾ ਕਿ ਉਹ ਮਜਬੂਰੀ ’ਚ ਕੰਮ ਕਰ ਰਹੀਆਂ ਹਨ। ਇਕ ਕੁੜੀ ਨੇ ਦੱਸਿਆ ਕਿ ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਘਰ ਵਿਚ ਕਮਾਉਣ ਵਾਲਾ ਕੋਈ ਨਹੀਂ ਹੈ। ਉਸ ਦੀ ਭੈਣ ਵੀ ਹੋਰ ਸਪਾ ਸੈਂਟਰ ਵਿਚ ਕੰਮ ਕਰਦੀ ਹੈ। ਇਸੇ ਕੰਮ ਨਾਲ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਚੱਲਦਾ ਹੈ। ਉਨ੍ਹਾਂ ਤੋਂ ਇਲਾਵਾ ਕਈ ਹੋਰ ਵੀ ਕੁੜੀਆਂ ਹਨ, ਜੋ ਕਿ ਮਜਬੂਰੀ ਵਿਚ ਇਹ ਕੰਮ ਕਰਦੀਆਂ ਹਨ।

ਇਹ ਵੀ ਪੜ੍ਹੋ : ਫਿਲੌਰ 'ਚ ਦਰਦਨਾਕ ਘਟਨਾ, 2 ਮਾਸੂਮ ਭੈਣਾਂ ਵੱਲੋਂ ਜ਼ਹਿਰ ਨਿਗਲਣ ਕਾਰਨ ਇਕ ਦੀ ਮੌਤ, ਦੂਜੀ ਦੀ ਹਾਲਤ ਨਾਜ਼ੁਕ
ਸ਼ਹਿਰ ’ਚ ਲਗਭਗ 150 ਸੈਂਟਰ, ਸਪਾ ਦੀ ਆੜ ’ਚ ਚਲਾ ਨੇ ਰਹੇ ਧੰਦਾ
ਮਹਾਨਗਰ ਲੁਧਿਆਣਾ ’ਚ ਲਗਭਗ 150 ਸਪਾ ਸੈਂਟਰ ਹਨ, ਜਿਸ ਵਿਚ ਕੁਝ ਸਪਾ ਸੈਂਟਰ ਹੀ ਮਸਾਜ ਦਾ ਕੰਮ ਕਰਦੇ ਹਨ, ਬਾਕੀ ਸਪਾ ਸੈਂਟਰਾਂ ’ਤੇ ਮਸਾਜ ਦੀ ਆੜ ’ਚ ਦੇਹ ਵਪਾਰ ਕਰਵਾਇਆ ਜਾ ਰਿਹਾ ਹੈ। ਸ਼ਹਿਰ ਦੇ ਸਾਰੇ ਪਾਸ਼ ਇਲਾਕਿਆਂ ’ਚ ਇਸ ਤਰ੍ਹਾਂ ਦੇ ਸਪਾ ਸੈਂਟਰ ਚੱਲ ਰਹੇ ਹਨ। ਜਿਵੇਂ ਮਲਹਾਰ ਰੋਡ, ਪੀ. ਏ. ਯੂ. ਰੋਡ, ਸਰਾਭਾ ਨਗਰ, ਕਿਪਸ ਮਾਰਕੀਟ, ਦੁੱਗਰੀ, ਫਿਰੋਜ਼ਪੁਰ ਰੋਡ, ਗੁਰਦੇਵ ਨਗਰ, ਐੱਸ. ਬੀ. ਐੱਸ. ਨਗਰ, ਮਾਡਲ ਟਾਊਨ, ਘੁੰਮਾਰ ਮੰਡੀ ਹੈ। ਇਨ੍ਹਾਂ ਵਿਚੋਂ ਕਈ ਸਿਰਫ ਸਪਾ ਸੈਂਟਰ ਦਾ ਬੋਰਡ ਲਗਾ ਕੇ ਬੈਠੇ ਹਨ ਪਰ ਅੰਦਰ ਸੈਕਸ ਰੈਕੇਟ ਚਲਾਇਆ ਜਾ ਰਿਹਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

Babita

Content Editor

Related News