ਹੋਟਲ ''ਚ ਚੱਲ ਰਿਹਾ ਸੀ ਜਿਸਮਫਰੋਸ਼ੀ ਦਾ ਧੰਦਾ, ਪੁਲਸ ਨੇ ਛਾਪਾ ਮਾਰ ਕੇ ਹਿਰਾਸਤ ''ਚ ਲਏ ਦੋ ਜੋੜੇ
Sunday, Feb 16, 2020 - 12:12 PM (IST)
ਲੁਧਿਆਣਾ (ਰਾਮ)— ਥਾਣਾ ਮੋਤੀ ਨਗਰ ਅਧੀਨ ਆਉਂਦੇ ਮੁਹੱਲਾ ਐੱਮ. ਆਈ. ਜੀ. ਕਾਲੋਨੀ 'ਚ ਕਥਿਤ ਜਿਸਮਫਰੋਸ਼ੀ ਦਾ ਧੰਦਾ ਚੱਲਣ ਦੀ ਸ਼ਿਕਾਇਤ 'ਤੇ ਹੋਟਲ ਐਪ 'ਓਏਓ' ਤਹਿਤ ਚੱਲ ਰਹੇ ਇਕ ਰੂਮ ਹੋਟਲ 'ਚ ਪੁਲਸ ਨੇ ਦੇਰ ਸ਼ਾਮ ਛਾਪੇਮਾਰੀ ਕੀਤੀ। ਛਾਪੇਮਾਰੀ ਦੌਰਾਨ ਪੁਲਸ ਨੇ ਦੋ ਜੋੜਿਆਂ ਨੂੰ ਹਿਰਾਸਤ 'ਚ ਲੈਂਦੇ ਹੋਏ ਹੋਟਲ ਦੀ ਛਾਣਬੀਣ ਕੀਤੀ। ਇਸ ਦੀ ਵੀਡੀਓ ਬਣਾ ਮੌਕੇ 'ਤੇ ਮੌਜੂਦ ਕੁਝ ਚਸ਼ਮਦੀਦਾਂ ਨੇ ਵਾਇਰਲ ਕਰ ਦਿੱਤੀ।
ਜਾਣਕਾਰੀ ਅਨੁਸਾਰ ਦੇਰ ਸ਼ਾਮ ਥਾਣਾ ਪੁਲਸ ਨੂੰ ਸੂਚਨਾ ਮਿਲੀ ਕਿ ਉਕਤ ਮੁਹੱਲੇ 'ਚ ਚੱਲ ਰਹੇ ਇਕ ਹੋਟਲ 'ਚ ਕਥਿਤ ਤੌਰ 'ਤੇ ਨਾਜਾਇਜ਼ ਕੰਮ ਹੁੰਦੇ ਹਨ, ਜਿਸ 'ਤੇ ਥਾਣਾ ਪੁਲਸ ਦੀ ਇਕ ਟੀਮ ਨੇ ਤੁਰੰਤ ਛਾਪੇਮਾਰੀ ਕੀਤੀ ਜਿੱਥੋਂ ਪੁਲਸ ਨੇ ਦੋ ਬਾਹਰੀ ਜੋੜਿਆਂ ਨੂੰ ਆਪਣੀ ਹਿਰਾਸਤ 'ਚ ਲਿਆ। ਜਿਸ ਦੇ ਬਾਅਦ ਮੁਹੱਲੇ ਦੇ ਲੋਕਾਂ ਨੇ ਹੋਟਲ ਨੂੰ ਮੁਹੱਲੇ 'ਚ ਬੰਦ ਕਰਵਾਉਣ ਦੀ ਮੰਗ ਕਰਦੇ ਹੋਏ ਹੋਟਲ ਅੱਗੇ ਖੜ੍ਹੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ।
ਕੀਤੀ ਜਾ ਰਹੀ ਹੈ ਜਾਂਚ : ਥਾਣਾ ਮੁਖੀ
ਇਸ ਸਬੰਧੀ ਜਦੋਂ ਥਾਣਾ ਮੁਖੀ ਵਰੁਣਜੀਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਅਮਨ ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ ਲਈ ਹੋਟਲ 'ਚੋਂ ਦੋ ਜੋੜਿਆਂ ਨੂੰ ਜਾਂਚ ਲਈ ਹਿਰਾਸਤ 'ਚ ਲਿਆ ਸੀ ਪਰ ਦੋਵੇਂ ਜੋੜੇ ਬਾਲਗ ਸਨ, ਜਿਨ੍ਹਾਂ ਖਿਲਾਫ ਕਾਨੂੰਨ ਅਨੁਸਾਰ ਕੋਈ ਵੀ ਕਾਰਵਾਈ ਨਹੀਂ ਸੀ ਬਣਦੀ।
ਬੰਦ ਹੋਵੇ ਹੋਟਲ : ਮੁਹੱਲਾ ਨਿਵਾਸੀ
ਇਸ ਪੂਰੇ ਘਟਨਾਕ੍ਰਮ ਸਬੰਧੀ ਮੁਹੱਲੇ ਦੀ ਰਹਿਣ ਵਾਲੀ ਰਾਣੀ ਨਾਮਕ ਔਰਤ ਨੇ ਕਿਹਾ ਕਿ ਹੋਟਲ 'ਚ ਨਾਜਾਇਜ਼ ਧੰਦਾ ਹੁੰਦਾ ਹੈ, ਜਿਸ ਲਈ ਉਹ ਮੁਹੱਲੇ ਦੇ ਲੋਕਾਂ ਨਾਲ ਮਿਲ ਕੇ ਮੰਗ ਕਰਦੇ ਹਨ ਕਿ ਇਸ ਹੋਟਲ ਨੂੰ ਬੰਦ ਕੀਤਾ ਜਾਵੇ ਤਾਂ ਕਿ ਮੁਹੱਲੇ ਦਾ ਮਾਹੌਲ ਸੁਧਾਰਿਆ ਜਾਵੇ।