ਲੁਧਿਆਣਾ ਦੀ ਸਬਜ਼ੀ ਮੰਡੀ ’ਚ ਹੁੰਦਾ ਕਾਲਾ ਧੰਦਾ, ਸ਼ਾਮ ਢਲਦੇ ਹੀ ਬਣ ਜਾਂਦੀ ਜਿਸਮ ਫਰੋਸ਼ੀ ਦਾ ਅੱਡਾ
Friday, Jan 29, 2021 - 12:06 PM (IST)
ਲੁਧਿਆਣਾ (ਖੁਰਾਣਾ)- ਮਹਾਨਗਰ ਦੀ ਬਹਾਦਰਕੇ ਰੋਡ ਸਥਿਤ ਸਬਜ਼ੀ ਮੰਡੀ ਸ਼ਾਮ ਢਲਦੇ ਹੀ ਸੈਕਸ ਰੈਕੇਟ ਚਲਾਉਣ ਦਾ ਅੱਡਾ ਬਣ ਜਾਂਦੀ, ਜਿੱਥੇ ਨਾ ਸਿਰਫ ਜਿਸਮ ਵੇਚਣ ਅਤੇ ਖਰੀਦਣ ਦਾ ਗੋਰਖਧੰਦਾ ਖੁੱਲ੍ਹਹੇਆਮ ਚਲਦਾ ਹੈ, ਸਗੋਂ ਨਸ਼ੇ ਦੇ ਸੌਦਾਗਰ ਵੀ ਇਥੇ ਨਸ਼ੇ ਦੀ ਵਿਕਰੀ ਦਾ ਕਾਲਾ ਕਾਰੋਬਾਰ ਕਰਨ ਲਈ ਸਰਗਰਮ ਹੋ ਜਾਂਦੇ ਹਨ, ਜਿਸ ਕਾਰਨ ਇਲਾਕੇ ਵਿਚ ਅਪਰਾਧਕ ਘਟਨਾਵਾਂ ਦਾ ਗ੍ਰਾਫ ਲਗਤਾਰ ਵੱਧਦਾ ਜਾ ਰਿਹਾ ਹੈ। ਕਾਬਲੇਗੌਰ ਹੈ ਕਿ ਸਬਜ਼ੀ ਮੰਡੀ, ਅਨਾਜ ਮਾਰਕੀਟ ਸਮੇਤ ਮੁੱਖ ਰਸਤਿਆਂ ’ਤੇ ਹਨ੍ਹੇਰਾ ਪੈਂਦੇ ਹੀ ਸ਼ੱਕੀ ਕੁੜੀਆਂ ਅਤੇ ਔਰਤਾਂ ਦੇ ਗਰੁੱਪ ਗਾਹਕਾਂ ਦੀ ਭਾਲ ਵਿਚ ਇਧਰ-ਉਧਰ ਭਟਕਦੀਆਂ ਦੇਖੀਆਂ ਜਾ ਸਕਦੀਆਂ ਹਨ, ਜੋ ਕਿ ਖਾਸ ਤੌਰ ’ਤੇ ਟਰੱਕ ਡਰਾਈਵਰਾਂ ਨੂੰ ਆਪਣੇ ਹੁਸਨ ਦੇ ਜਾਲ ’ਚ ਫਸਾ ਕੇ ਸੌਦਾ ਪੱਟਣ ਦੇ ਨਾਲ ਹੀ ਖੰਡਰਨੁਮਾ ਦੁਕਾਨਾਂ ਵਿਚ ਲਿਜਾ ਕੇ ਜਿਸਮ ਦੀ ਭੁੱਖ ਮਿਟਾਉਂਦੀਆਂ ਹਨ।
ਇਹ ਵੀ ਪੜ੍ਹੋ : ਰਾਜੇਵਾਲ ਦਾ ਵੱਡਾ ਬਿਆਨ, ਕਿਸਾਨ ਮਜ਼ਦੂਰ ਏਕਤਾ ਕਮੇਟੀ ਦਾ ਹੋਇਆ ਸੌਦਾ, ਜਲਦੀ ਬਾਹਰ ਆਵੇਗਾ
ਦੱਸਿਆ ਜਾ ਰਿਹਾ ਹੈ ਕਿ ਕਰੀਬ 4 ਵਜੇ ਤੱਕ ਬੇਖੌਫ਼ ਚੱਲਦਾ ਰਹਿੰਦਾ ਹੈ, ਜਿੱਥੇ ਅਧਖੜ ਉਮਰ ਦੇ ਵਿਅਕਤੀਆਂ ਸਮੇਤ ਨੌਜਵਾਨ ਵਰਗ ਵੀ ਪੈਸੇ ਖਰਚ ਕੇ ਜਾਨਲੇਵਾ ਬਿਮਾਰੀਆਂ ਮੁੱਲ ਖਰੀਦਣ ਦੀ ਦਲਦਲ ਵਿਚ ਧੱਸਦੇ ਜਾ ਰਹੇ ਹਨ। ਭਰੋਸੇਯੋਗ ਸੂਤਰਾਂ ਨੇ ਦੱਸਿਆ ਕਿ ਨਸ਼ੇ ਵਿਚ ਚੂਰ ਸੈਕਸ ਵਰਕਰ ਬਿਨਾਂ ਕਿਸੇ ਸੁਰੱਖਿਆ ਦੇ ਡਰਾਈਵਰਾਂ ਅਤੇ ਨੌਜਵਾਨਾਂ ਨਾਲ ਹਮਬਿਸਤਰ ਹੋ ਕੇ ਇਕ-ਦੂਜੇ ਨੂੰ ਜਾਨਲੇਵਾ ਬਿਮਾਰੀਆਂ ਵੰਡ ਰਹੇ ਹਨ। ਇਥੇ ਦੱਸਣਾ ਲਾਜ਼ਮੀ ਰਹੇਗਾ ਕਿ ਬੀਤੇ ਦਿਨ ਅਨਾਜ ਅਤੇ ਸਬਜ਼ੀ ਮੰਡੀ ਕੰਪਲੈਕਸ ਵਿਚ ਨਸ਼ਾ ਵਿਕਣ ਦੀ ਭਿਣਕ ਪੈਂਦੇ ਹੀ ਚੇਅਰਮੈਨ ਮਾਰਕੀਟ ਕਮੇਟੀ ਦਰਸ਼ਨ ਲਾਲ ਬਵੇਜਾ ਨੇ ਅਣਪਛਾਤੇ ਨੌਜਵਾਨਾਂ ਨੂੰ ਜਦੋਂ ਗਾਹਕ ਬਣਾ ਕੇ ਭੇਜਿਆ ਤਾਂ ਪਾਇਆ ਕਿ ਇਲਾਕੇ ਵਿਚ ਸਰਗਰਮ ਨਸ਼ੇ ਦੇ ਸੌਦਾਗਰਾਂ ਵੱਲੋਂ ਗਾਂਜੇ ਦੀਆਂ ਪੁੜੀਆਂ 50 ਤੋਂ 100 ਰੁ. ਤੱਕ ਵਿਚ ਵੇਚੀਆਂ ਜਾ ਰਹੀਆਂ ਹਨ। ਉਕਤ ਮਾਮਲੇ ’ਤੇ ਬਵੇਜਾ ਨੇ ਤੁਰੰਤ ਨੋਟਿਸ ਲੈਂਦੇ ਹੋਏ ਥਾਣਾ ਬਸਤੀ ਜੋਧੇਵਾਲ ਦੇ ਐੱਸ. ਐੱਚ. ਓ. ਗੋਲਡੀ ਵਿਰਦੀ ਨੂੰ ਫੋਨ ਕਰਕੇ ਨਸ਼ੇ ਦੇ ਗੋਰਖਧੰਦੇ ਦੀ ਜਾਣਕਾਰੀ ਦਿੱਤੀ ਪਰ ਇਥੇ ਹੈਰਾਨੀਜਨਕ ਰਿਹਾ ਕਿ ਮੌਕੇ ’ਤੇ ਪੁੱਜੀ ਥਾਣਾ ਪੁਲਸ ਮੁਲਾਜ਼ਮਾਂ ਦੀ ਟੀਮ ਨੇ ਰੇਡ ਕਰਕੇ 2 ਵਿਅਕਤੀਆਂ ਨੂੰ ਫੜਿਆ ਜ਼ਰੂਰ ਪਰ ਬਿਨਾਂ ਕਿਸੇ ਕਾਰਵਾਈ ਦੇ ਕੁਝ ਹੀ ਦੇਰ ਬਾਅਦ ਛੱਡ ਦਿੱਤਾ।
ਇਹ ਵੀ ਪੜ੍ਹੋ : ਪੰਜਾਬ 'ਚ ਭਾਜਪਾ ਦੇ ਇਕ ਹੋਰ ਨੇਤਾ ਨੇ ਛੱਡੀ ਪਾਰਟੀ, ਕੀਤਾ ਅਸਤੀਫ਼ੇ ਦਾ ਐਲਾਨ
ਯਾਦ ਰਹੇ ਕਿ ਬਹਾਦਰਕੇ ਰੋਡ ਸਥਿਤ ਫੈਕਟਰੀਆਂ ’ਚ ਕੰਮ ਕਰਨ ਵਾਲੇ ਪ੍ਰਵਾਸੀ ਮਜ਼ਦੂਰਾਂ ਨੂੰ ਜਦੋਂ ਹਰ ਮਹੀਨੇ ਦੇ ਪਹਿਲੇ ਹਫਤੇ ’ਚ ਫੈਕਟਰੀ ਤੋਂ ਤਨਖਾਹ ਮਿਲਦੀ ਹੈ ਤਾਂ ਇਲਾਕੇ ਵਿਚ ਸਰਗਰਮ ਲੁਟੇਰੇ ਮਜ਼ਦੂਰਾਂ ਤੋਂ ਕੈਸ਼ ਲੁੱਟਣ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਰਹੇ ਹਨ। ਪੁਲਸ ਦੀਆਂ ਫਾਈਲਾਂ ਵਿਚ ਅਜਿਹੇ ਕਈ ਕੇਸ ਦਫਨ ਹਨ, ਜਿਨ੍ਹਾਂ ਵਿਚ ਲੁਟੇਰਿਆਂ ਨੇ ਮਜ਼ਦੂਰਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹੋਏ ਕੈਸ਼ ਅਤੇ ਮੋਬਾਇਲ ਫੋਨ ਲੁੱਟਣ ਸਮੇਤ ਕੁੱਟ-ਮਾਰ ਵੀ ਕੀਤੀ ਹੈ।
ਕੀ ਕਹਿਣਾ ਹੈ ਏ. ਸੀ. ਪੀ. ਨਾਰਥ ਦਾ
ਇਸ ਸੰਬੰਧੀ ਜਦੋਂ ਏ. ਸੀ.ਪੀ. ਨਾਰਥ ਗੁਰਬਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੁਲਸ ਪ੍ਰਸ਼ਾਸਨ ਨਸ਼ੇ ਦੇ ਸੌਦਾਗਰਾਂ ਨੂੰ ਕਿਸੇ ਵੀ ਸੂਰਤ ਵਿਚ ਪੈਰ ਨਹੀਂ ਪਸਾਰਨ ਦੇਵੇਗਾ ਅਤੇ ਇਸ ਕੇਸ ’ਤੇ ਵੀ ਪੂਰੀ ਸਖ਼ਤੀ ਅਪਣਾਈ ਜਾਵੇਗੀ ਕਿ ਸ਼ਹਿਰ ਵਿਚ ਕਿਸੇ ਤਰ੍ਹਾਂ ਦੇ ਅਨੈਤਿਕ ਕਾਰਜ ਨਾ ਹੋ ਸਕਣ। ਪੁਲਸ ਟੀਮਾਂ ਬਣਾ ਕੇ ਅਪਰਾਧੀਆਂ ’ਤੇ ਨਕੇਲ ਕੱਸਣ ਵਿਚ ਵੀ ਕੋਈ ਢਿੱਲ ਨਹੀਂ ਕੀਤੀ ਜਾਵੇਗੀ। ਇਸ ਗੱਲ ਦੀ ਵੀ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ ਕਿ ਮੰਡੀ ਵਿਚ ਘੁੰਮਣ ਵਾਲੀਆਂ ਸ਼ੱਕੀ ਕੁੜੀਆਂ ਅਤੇ ਔਰਤਾਂ ਕੌਣ ਹਨ ਅਤੇ ਜੇਕਰ ਜਿਸਮਫਰੋਸ਼ੀ ਦਾ ਧੰਦਾ ਕਰਦੀਆਂ ਹਨ ਤਾਂ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤੇ ਜਾਣਗੇ।