ਦੋ ਮਹੀਨੇ ਦੇ ਅੰਦਰ ਬੰਦੀਆਂ ਵੱਲੋਂ ਜੇਲ੍ਹ ''ਚੋਂ ਫਰਾਰੀ ਦੇ ਅਨੇਕਾਂ ਯਤਨ!
Friday, May 29, 2020 - 09:45 PM (IST)
ਲੁਧਿਆਣਾ, (ਸਿਆਲ)— ਕੇਂਦਰੀ ਜੇਲ੍ਹ ਤੋਂ ਬੰਦੀਆਂ ਦੀ ਫਰਾਰੀ ਦੇ ਯਤਨਾਂ ਦਾ ਅੱਖ ਮਿਚੋਲੀ ਦਾ ਨਾਤਾ ਹੈ। 27 ਮਾਰਚ ਨੂੰ ਇਕ ਬੰਦੀ ਸੈਂਟਰਲ ਜੇਲ੍ਹ ਦੇ 70 ਸੈੱਲਾਂ ਵੱਲੋਂ ਲਗਭਗ 14 ਫੁੱਟ ਉੱਚੀ ਕੰਧ ਟੱਪ ਕੇ ਬ੍ਰੋਸਟਲ ਜੇਲ੍ਹ ਪੁੱਜ ਗਿਆ। ਸੁਰੱਖਿਆ ਟਾਵਰ 'ਤੇ ਤਾਇਨਾਤ ਸੁਰੱਖਿਆ ਮੁਲਾਜ਼ਮ ਨੇ ਦੇਖ ਕੇ ਹੋਰਨਾਂ ਮੁਲਾਜ਼ਮਾਂ ਨੂੰ ਸੂਚਿਤ ਕਰਨ 'ਤੇ ਉਕਤ ਬੰਦੀ ਨੂੰ ਦਬੋਚ ਲਿਆ ਗਿਆ ਪਰ ਜੇਲ੍ਹ ਅਧਿਕਾਰੀਆਂ ਨੇ ਉਕਤ ਘਟਨਾ ਦੀ ਰਿਪੋਰਟ ਪੁਲਸ ਪ੍ਰਸ਼ਾਸਨ ਨੂੰ ਨਹੀਂ ਭੇਜੀ। ਜੇਲ੍ਹ ਅਧਿਕਾਰੀ ਨੇ ਮੀਡੀਆ ਨੂੰ ਸਿਰਫ ਇੰਨਾਂ ਹੀ ਦੱਸਿਆ ਕਿ ਉਕਤ ਬੰਦੀ ਦੀ ਮਾਨਸਿਕ ਹਾਲਤ ਠੀਕ ਨਹੀਂ ਸੀ। ਇਸ ਹਾਲਤ 'ਚ ਬੰਦੀ 14 ਫੁੱਟ ਦੇ ਲਗਭਗ ਉੱਚੀ ਕੰਧ ਟੱਪ ਕੇ ਕਿਵੇਂ ਚੜ੍ਹਿਆ ਤੇ ਬ੍ਰੋਸਟਲ ਜੇਲ੍ਹ ਵੱਲ ਕਿਵੇਂ ਉੱਤਰਿਆ, ਇਹ ਅਜੇ ਰਹੱਸ ਬਣਿਆ ਹੋਇਆ ਹੈ।
28 ਮਾਰਚ 2020 ਨੂੰ ਦੇਰ ਰਾਤ ਚਾਰ ਹਵਾਲਾਤੀ ਕੰਬਲਾਂ ਦੀ ਰੱਸੀ ਬਣਾ ਕੇ ਜੇਲ੍ਹ ਦੀ 14 ਫੁੱਟ ਉੱਚੀ ਕੰਧ ਟੱਪ ਕੇ ਫਰਾਰ ਹੋਣ 'ਚ ਕਾਮਯਾਬ ਹੋ ਗਏ ਸਨ। ਮਜਬੂਰੀ 'ਚ ਜੇਲ੍ਹ ਅਧਿਕਾਰੀਆਂ ਨੇ ਇਸ ਘਟਨਾ ਦੀ ਰਿਪੋਰਟ ਪੁਲਸ ਪ੍ਰਸ਼ਾਸਨ ਨੂੰ ਭੇਜ ਦਿੱਤੀ। 11 ਮਈ ਨੂੰ ਤਿੰਨ ਬੰਦੀਆਂ ਨੇ ਮਿਲੀਭੁਗਤ ਕਰਕੇ 70 ਸੈੱਲਾਂ ਵੱਲ 14 ਫੁੱਟ ਉੱਚੀ ਕੰਧ ਚਾਂਦਰਾਂ ਨੂੰ ਰੱਸੀ ਬਣਾ ਕੇ ਟੱਪਣ ਦਾ ਯਤਨ ਕੀਤਾ, ਜਿਸ ਦੌਰਾਨ ਇਕ ਬੰਦੀ ਕੰਧ ਟੱਪਣ ਦੇ ਯਤਨ 'ਚ ਡਿੱਗ ਕੇ ਗੰਭੀਰ ਜ਼ਖਮੀ ਵੀ ਹੋਇਆ। ਜੇਲ੍ਹ ਅਧਿਕਾਰੀਆਂ ਨੇ ਇਸ ਪੂਰੇ ਘਟਨਾ ਕ੍ਰਮ 'ਤੇ ਚੁੱਪ ਸਾਧ ਲਈ ਤੇ ਪੁਲਸ ਨੂੰ ਸੂਚਿਤ ਕਰਨਾ ਠੀਕ ਨਹੀਂ ਸਮਝਿਆ। 12 ਮਾਰਚ ਨੂੰ ਉਕਤ ਘਟਨਾ ਦੀ ਖਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਹਰਕਤ 'ਚ ਆਇਆ ਪਰ ਹੈਰਾਨੀਜਨਕ ਰੂਪ ਨਾਲ ਫਰਾਰੀ ਦੇ ਯਤਨ ਦੀ ਘਟਨਾ ਨੂੰ ਫੈਂਕਾ ਚੁੱਕਣ ਦਾ ਰੂਪ ਦੇ ਦਿੱਤਾ ਗਿਆ। ਉਕਤ ਘਟਨਾ 'ਤੇ ਪਰਦਾ ਪਾਉਣ ਦੇ ਯਤਨ ਨਾਲ ਪੁਲਸ ਪ੍ਰਸ਼ਾਸਨ ਨੂੰ ਭੇਜੀ ਗਈ ਸੂਚਨਾ 'ਚ ਇਕ ਮੋਬਾਇਲ ਬਿਨ੍ਹਾਂ ਸਿਮ ਅਤੇ ਬੈਟਰੀ ਦਾ ਕੇਸ ਲਿਖ ਕੇ ਭੇਜਿਆ ਗਿਆ। 27 ਮਈ ਇਕ ਵਾਰ ਫਿਰ ਕੁਝ ਬੰਦੀਆਂ ਵੱਲੋਂ ਫਰਾਰੀ ਦੇ ਯਤਨ ਦੀ ਸੂਚਨਾ ਮੀਡੀਆ ਕੋਲ ਪੁੱਜੀ ਪਰ ਜੇਲ੍ਹ ਅਧਿਕਾਰੀਆਂ ਨੇ ਉਪਰੋਕਤ ਘਟਨਾ ਦੀ ਪੁਸ਼ਟੀ ਨਹੀਂ ਕੀਤੀ। ਸੂਤਰਾਂ ਤੋਂ ਸਾਰਾ ਦਿਨ ਇਹ ਗੱਲ ਚਰਚਾ 'ਚ ਰਹੀ ਕਿ ਮੰਗਲਵਾਰ-ਬੁੱਧਵਾਰ ਦੀ ਰਾਤ ਲਗਭਗ 1 ਵਜੇ ਫਰਾਰੀ ਦੇ ਇਰਾਦੇ ਨਾਲ ਬੰਦੀਆਂ ਨੇ ਇਕ ਖਿੜਕੀ 'ਚ ਲੱਗੀਆਂ ਸਲਾਖਾਂ ਤੋੜ ਦਿੱਤੀਆਂ। ਡਿਊਟੀ 'ਤੇ ਤਾਇਨਾਤ ਇਕ ਮੁਲਾਜ਼ਮ ਨੇ ਉਪਰੋਕਤ ਘਟਨਾ ਦੀ ਸੂਚਨਾ ਦਿੱਤੀ। ਸੂਤਰਾਂ ਦੇ ਮੁਤਾਬਕ ਸਲਾਖਾਂ ਤੋੜਨ ਵਾਲੇ ਬੰਦੀਆਂ ਦੀ ਪਛਾਣ ਕਰ ਲਈ ਗਈ ਪਰ ਸਵੇਰ ਸਮੇਂ ਤਕ ਜੇਲ੍ਹ ਅਧਿਕਾਰੀਆਂ ਨੇ ਉਪਰੋਕਤ ਘਟਨਾ ਨੂੰ ਸਿਰਫ ਅਫਵਾਹ ਹੀ ਦੱਸਿਆ।