ਸੇਵਾ ਕੇਂਦਰਾਂ ਦੇ ਮੁਲਾਜ਼ਮਾਂ ਦੀਆਂ ਸੇਵਾਵਾਂ ਹੋਣਗੀਆਂ ਸਮਾਪਤ, ਕੰਪਨੀ ਨੇ ਦਿੱਤਾ ਨੋਟਿਸ

02/13/2018 3:53:47 AM

ਚਾਰ ਮਹੀਨਿਆਂ ਤੋਂ ਲਟਕੀ ਤਨਖਾਹ ਮੰਗੀ ਤਾਂ ਨੌਕਰੀ ਤੋਂ ਕੱਢਿਆ
ਬਠਿੰਡਾ (ਸੁਖਵਿੰਦਰ)-ਸੇਵਾ ਕੇਂਦਰਾਂ ਦੇ ਮੁਲਾਜ਼ਮਾਂ ਨੇ ਚਾਰ ਮਹੀਨਿਆਂ ਤੋਂ ਲਟਕੀ ਆਪਣੀ ਤਨਖਾਹ ਮੰਗੀ ਤਾਂ ਸਬੰਧਤ ਕੰਪਨੀ ਨੇ ਉਨ੍ਹਾਂ ਨੂੰ ਨੌਕਰੀ ਤੋਂ ਕੱਢਣ ਦਾ ਨੋਟਿਸ ਦੇ ਦਿੱਤਾ। ਕੰਪਨੀ ਦਾ ਕਹਿਣਾ ਹੈ ਕਿ ਸਰਕਾਰ ਉਨ੍ਹਾਂ ਨੂੰ ਤਨਖਾਹ ਲਈ ਫੰਡ ਜਾਰੀ ਨਹੀਂ ਕਰ ਰਹੀ, ਜਿਸ ਕਾਰਨ ਕੰਪਨੀ ਨੇ ਹੱਥ ਖੜ੍ਹੇ ਕਰ ਦਿੱਤੇ ਹਨ। ਇਸ ਕਾਰਨ ਸੇਵਾ ਕੇਂਦਰਾਂ 'ਚ ਤਾਇਨਾਤ ਸੈਂਕੜੇ ਮੁਲਾਜ਼ਮਾਂ ਦੀਆਂ ਨੌਕਰੀਆਂ 'ਤੇ ਤਲਵਾਰ ਲਟਕ ਗਈ ਹੈ। ਸੇਵਾ ਕੇਂਦਰਾਂ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਖੋਲ੍ਹੇ ਗਏ ਸੇਵਾ ਕੇਂਦਰਾਂ ਕਾਰਨ ਸੈਂਕੜੇ ਮੁਲਾਜ਼ਮਾਂ ਨੂੰ ਰੁਜ਼ਗਾਰ ਮਿਲਿਆ ਸੀ ਪਰ ਕਾਂਗਰਸ ਨੇ ਸੱਤਾ ਵਿਚ ਆਉਂਦੇ ਹੀ ਇਨ੍ਹਾਂ ਸੇਵਾ ਕੇਂਦਰਾਂ ਦੇ ਮੁਲਾਜ਼ਮਾਂ ਨੂੰ ਬੇਰੁਜ਼ਗਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਿਛਲੇ 4 ਮਹੀਨਿਆਂ ਵਿਚ ਸੇਵਾ ਕੇਂਦਰਾਂ ਦੇ ਮੁਲਾਜ਼ਮਾਂ ਨੂੰ ਤਨਖਾਹ ਨਹੀਂ ਮਿਲੀ। ਜਦੋਂ ਮੁਲਾਜ਼ਮਾਂ ਨੇ ਕੰਪਨੀ ਤੋਂ ਤਨਖਾਹ ਦੀ ਮੰਗ ਕੀਤੀ ਤਾਂ ਕੰਪਨੀ ਨੇ ਉਨ੍ਹਾਂ ਨੂੰ 28 ਫਰਵਰੀ ਤੋਂ ਨੌਕਰੀ ਤੋਂ ਬਾਹਰ ਕਰਨ ਦਾ ਨੋਟਿਸ ਕੱਢ ਦਿੱਤਾ। ਮੁਲਾਜ਼ਮਾਂ ਨੇ ਕਿਹਾ ਕਿ ਜੇ ਕੰਪਨੀ ਉਨ੍ਹਾਂ ਤੋਂ ਕੰਮ ਲੈ ਰਹੀ ਹੈ ਤਾਂ ਤਨਖਾਹ ਵੀ ਕੰਪਨੀ ਨੂੰ ਦੇਣੀ ਚਾਹੀਦੀ ਹੈ। ਤਨਖਾਹ ਨਾ ਮਿਲਣ ਕਾਰਨ ਮੁਲਾਜ਼ਮਾਂ ਨੇ ਪਿਛਲੇ ਦਿਨੀਂ ਕਲਮਛੋੜ ਹੜਤਾਲ ਵੀ ਕੀਤੀ ਸੀ। 
ਇਸ ਤੋਂ ਬਾਅਦ ਕੰਪਨੀ ਨੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਹਟਾਉਣ ਦਾ ਨੋਟਿਸ ਜਾਰੀ ਕਰ ਦਿੱਤਾ। ਉਨ੍ਹਾਂ ਕਿਹਾ ਕਿ ਘਰ-ਘਰ ਨੌਕਰੀ ਦੇਣ ਦਾ ਵਾਅਦਾ ਕਰਨ ਵਾਲੀ ਸਰਕਾਰ ਹੁਣ ਪਹਿਲਾਂ ਤੋਂ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਵੀ ਬੇਰੁਜ਼ਗਾਰ ਕਰ ਰਹੀ ਹੈ, ਜਿਸ ਨਾਲ ਮੁਲਾਜ਼ਮਾਂ ਵਿਚ ਭਾਰੀ ਰੋਸ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀ ਨੌਕਰੀ 'ਤੇ ਆਂਚ ਆਈ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।


Related News