ਮਣੀਪੁਰ : ਜਾਤੀ ਸੰਘਰਸ਼ ਦੇ ਦਰਮਿਆਨ ਲੀਡਰਸ਼ਿਪ ਦੀ ਅਸਫਲਤਾ
Sunday, Jul 07, 2024 - 05:37 PM (IST)
ਮਣੀਪੁਰ ਕਿੱਥੇ ਹੈ? ਇਹ ਅਜੇ ਵੀ ਆਦਿਵਾਸੀ ਸਮੂਹਾਂ ਦਰਮਿਆਨ ਹਿੰਸਾ ਦੇ ਭੈੜੇ ਚੱਕਰ ’ਚ ਫਸਿਆ ਹੋਇਆ ਹੈ। ਮਣੀਪੁਰ ’ਚ ਜਾਤੀ ਸੰਘਰਸ਼, ਜੋ ਇਕ ਸਾਲ ਪਹਿਲਾਂ ਮੈਤੇਈ ਅਤੇ ਕੁਕੀ ਭਾਈਚਾਰਿਆਂ ਦਰਮਿਆਨ ਸ਼ੁਰੂ ਹੋਇਆ ਸੀ, ਸੂਬੇ ’ਚ ਤਬਾਹੀ ਮਚਾ ਰਿਹਾ ਹੈ। 226 ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ, ਹਜ਼ਾਰਾਂ ਲੋਕ ਜ਼ਖਮੀ ਹੋਏ ਹਨ ਅਤੇ ਅਣਗਿਣਤ ਲੋਕ ਉਜੜ ਗਏ ਹਨ।
ਹਿੰਸਾ ਨੂੰ ਰੋਕਣ ਦੇ ਯਤਨਾਂ ਦੇ ਬਾਵਜੂਦ, ਡੂੰਘੇ ਮਤਭੇਦ ਅਤੇ ਬੇਭਰੋਸਗੀ ਕਾਇਮ ਹੈ, ਜਿਸ ਨਾਲ ਲਗਾਤਾਰ ਸੰਘਰਸ਼ ਅਤੇ ਨਾਗਰਿਕਾਂ ਦਰਮਿਆਨ ਲੁੱਟੇ ਗਏ ਹਥਿਆਰਾਂ ਦਾ ਪ੍ਰਸਾਰ ਹੋ ਰਿਹਾ ਹੈ।
ਸੁਰੱਖਿਆ ਬਲਾਂ ’ਚ ਭਰੋਸੇ ਦੀ ਘਾਟ ਅਤੇ ਸਿਆਸੀ ਹੱਲ ਦੀ ਮੰਗ, ਜਿਸ ’ਚ ਕੁਕੀ-ਜੋਮੀ ਸਮੂਹਾਂ ਵੱਲੋਂ ਵੱਖਰੇ ਪ੍ਰਸ਼ਾਸਨ ਦੀ ਮੰਗ ਅਤੇ ਮੈਤੇਈ ਪ੍ਰਤੀਨਿਧੀਆਂ ਵੱਲੋਂ ਬਾਗੀ ਸਮੂਹਾਂ ’ਤੇ ਸਖਤ ਰੁਖ ਸ਼ਾਮਲ ਹੈ, ਦੇ ਕਾਰਨ ਜਾਤੀ ਸੰਘਰਸ਼ ਹੋਰ ਵੀ ਗੁੰਝਲਦਾਰ ਹੋ ਗਿਆ ਹੈ।
ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਮਣੀਪੁਰ ਸੰਕਟ ਦੇ ਰਾਸ਼ਟਰਪਤੀ ਦੇ ਭਾਸ਼ਣ ’ਚ ਥਾਂ ਨਾ ਪਾਉਣ ਦੇ ਕਾਰਨ ਕੁਝ ਦਿਨਾਂ ਬਾਅਦ, ਮਣੀਪੁਰ ਦੇ ਨਵੇਂ ਚੁਣੇ ਸੰਸਦ ਮੈਂਬਰ ਅੰਗੋਮਚਾ ਬਿਮੋਲ ਅਕੋਇਜਾਮ ਨੇ ਸੂਬੇ ਦੀ ਦੁਰਦਸ਼ਾ ਦੀ ਅਣਦੇਖੀ ਕਰਨ ਲਈ ਭਾਜਪਾ ਦੀ ਅਗਵਾਈ ਵਾਲੀ ਐੱਨ. ਡੀ. ਏ. ਸਰਕਾਰ ਵਿਰੁੱਧ ਜ਼ੋਰਦਾਰ ਢੰਗ ਨਾਲ ਆਵਾਜ਼ ਉਠਾਈ। ਅਕੋਇਜਾਮ ਨੇ ਸੰਘਰਸ਼ ਦੇ ਪੈਮਾਨੇ ’ਤੇ ਰੋਸ਼ਨੀ ਪਾਈ, ਇਸ ਦੀ ਖਾਨਾਜੰਗੀ ਨਾਲ ਤੁਲਨਾ ਕੀਤੀ ਅਤੇ ਦੁੱਖ ਪ੍ਰਗਟਾਇਆ ਗਿਆ ਕਿ ‘ਲੋਕ ਹਥਿਆਰ ਚੁੱਕਣ ਲਈ ਮਜਬੂਰ ਹਨ, ਲੋਕ ਆਪਣੇ ਪਿੰਡਾਂ ਦੀ ਰੱਖਿਆ ਲਈ ਲੜ ਰਹੇ ਹਨ ਜਦਕਿ ਭਾਰਤ ਸਰਕਾਰ ਚੁੱਪ ਹੈ।’
ਡਾ. ਅਕੋਇਜਾਮ ਨੇ ਤਰਕ ਦਿੱਤਾ ਕਿ ਕੇਂਦਰੀ ਨੇਤਾਵਾਂ ਦੀ ਚੁੱਪੀ ਉੱਤਰ-ਬਸਤੀਵਾਦੀ ਭਾਰਤ ’ਚ ਇਕ ਲਗਾਤਾਰ ਬਸਤੀਵਾਦੀ ਮਾਨਸਿਕਤਾ ਨੂੰ ਦਰਸਾਉਂਦੀ ਹੈ। ਉਨ੍ਹਾਂ ਨੇ ਟਿੱਪਣੀ ਕੀਤੀ, ‘ਇਹ ਚੁੱਪ ਆਮ ਨਹੀਂ ਹੈ’ ਅਤੇ ਦੱਸਿਆ ਕਿ ਵਿਦਵਾਨ ਅਕਸਰ ਆਜ਼ਾਦ ਭਾਰਤ ’ਚ ਬਸਤੀਵਾਦੀ ਰਵਾਇਤਾਂ ਦੀ ਲਗਾਤਾਰਤਾ ਨੂੰ ਦੇਖਦੇ ਹਨ। ਅਕੋਇਜਾਮ ਨੇ ਕਿਹਾ, ‘‘ਆਪਣਾ ਹੱਥ ਆਪਣੇ ਦਿਲ ’ਤੇ ਰੱਖੋ ਅਤੇ 60,000 ਬੇਘਰ ਲੋਕਾਂ ਅਤੇ ਇਸ ਸੰਕਟ ਦੇ ਕਾਰਨ ਵਿਧਵਾ ਹੋ ਗਈਆਂ ਔਰਤਾਂ ਦੀ ਜ਼ਿੰਦਗੀ ਬਾਰੇ ਸੋਚੋ। ਫਿਰ ਤੁਸੀਂ ਰਾਸ਼ਟਰਵਾਦ ਦੀ ਗੱਲ ਕਰਦੇ ਹੋ।’’
ਉਨ੍ਹਾਂ ਨੇ ਮਣੀਪੁਰ ਦੇ ਲੋਕਾਂ ਨੂੰ ਇਹ ਕਿਹਾ ਕਿ ਭਾਰਤ ’ਚ ਉਨ੍ਹਾਂ ਦਾ ਕੋਈ ਮਹੱਤਵ ਨਹੀਂ ਹੈ। ਇਹ ਪੂਰੀ ਤਰ੍ਹਾਂ ਸਹੀ ਨਹੀਂ ਹੈ, ਹਾਲਾਂਕਿ ਇਸ ਮੁੱਦੇ ਨੂੰ ਸੰਬੋਧਿਤ ਕਰਨ ’ਚ ਦੇਰੀ ਹੋਈ ਹੈ। ਮਣੀਪੁਰ ਭਾਰਤ ਦੇ ਲੋਕਾਂ ਦੇ ਦਿਲਾਂ ’ਚ ਇਕ ਖਾਸ ਥਾਂ ਰੱਖਦਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਉਨ੍ਹਾਂ ਦੀ ਪਾਰਟੀ ਦੀ ਆਲੋਚਨਾ ਕਰਦਿਆਂ ਉਨ੍ਹਾਂ ਨੂੰ ਪਰਜੀਵੀ ਕਰਾਰ ਦਿੱਤਾ। ਉਨ੍ਹਾਂ ਨੇ ਕਾਂਗਰਸ ’ਤੇ ਅਰਾਜਕਤਾ ਫੈਲਾਉਣ ਅਤੇ ਜਾਣਬੁੱਝ ਕੇ ਹਿੰਦੂਆਂ ਨੂੰ ਨਿਸ਼ਾਨਾ ਬਣਾਉਣ ਦਾ ਦੋਸ਼ ਲਾਇਆ। ਪ੍ਰਧਾਨ ਮੰਤਰੀ ਨੇ ਲੋਕ ਸਭਾ ਸਪੀਕਰ ਨੂੰ ਕਾਂਗਰਸ ਦੇ ਵਿਰੁੱਧ ਕਾਰਵਾਈ ਕਰਨ ਦੀ ਬੇਨਤੀ ਕੀਤੀ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਮਣੀਪੁਰ ’ਚ ਆਮ ਵਰਗੀ ਹਾਲਤ ਪਰਤ ਰਹੀ ਹੈ ਅਤੇ ਅਜਿਹੀਆਂ ਕਾਰਵਾਈਆਂ ਦੇ ਵਿਰੁੱਧ ਚਿਤਾਵਨੀ ਦਿੱਤੀ ਜੋ ਹਾਲਾਤ ਨੂੰ ਹੋਰ ਖਰਾਬ ਕਰ ਸਕਦੀਆਂ ਹਨ।
ਮਣੀਪੁਰ ’ਚ ਉਭਰਦੀ ਸਥਿਤੀ ’ਤੇ ਨਰਿੰਦਰ ਮੋਦੀ ਦਾ ਰੁਖ ਸਾਰੀਆਂ ਪਾਰਟੀਆਂ ਨੂੰ ਮਾਮੂਲੀ ਸਿਆਸਤ ਤੋਂ ਉਪਰ ਉੱਠ ਕੇ ਗੰਭੀਰ ਰਾਸ਼ਟਰੀ ਮੁੱਦਿਆਂ ਨੂੰ ਹੱਲ ਕਰਨ ਲਈ ਸਹਿਯੋਗ ਕਰਨ ਦੀ ਲੋੜ ’ਤੇ ਜ਼ੋਰ ਦਿੰਦਾ ਹੈ। ਵਿਰੋਧੀ ਧਿਰ ਨੂੰ ਅਸਲੀਅਤ ਦਾ ਸਾਹਮਣਾ ਕਰਨ ਦੀ ਦਲੇਰੀ ਦਿਖਾਉਣੀ ਚਾਹੀਦੀ ਹੈ ਤੇ ਮਣੀਪੁਰ ’ਚ ਜਾਤੀ ਸੰਘਰਸ਼ ਦੇ ਪ੍ਰਬੰਧਨ ਲਈ ਆਪਣੇ ਨਾਂਹਪੱਖੀ ਨਜ਼ਰੀਏ ਨੂੰ ਤਿਆਗਣਾ ਚਾਹੀਦਾ ਹੈ।
ਇਹ ਸੱਚ ਹੈ ਕਿ ਪ੍ਰਧਾਨ ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾ ਦਰਮਿਆਨ ਕੋਈ ਦੁਸ਼ਮਣੀ ਹੈ। ਹਾਲਾਂਕਿ, ਉਨ੍ਹਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਗੁੰਝਲਦਾਰ ਰਾਸ਼ਟਰੀ ਮੁੱਦਿਆਂ ਨੂੰ ਗੈਰ-ਰਸਮੀ ਨੀਤੀਗਤ ਆਮ ਸਹਿਮਤੀ ਵਿਕਸਿਤ ਕਰਨ ਦੇ ਮਕਸਦ ਨਾਲੋਂ ਤਰਕਸੰਗਤ ਢੰਗ ਨਾਲ ਸੰਭਾਲਣ ਦੀ ਲੋੜ ਹੈ। ਇਹ ਰਾਸ਼ਟਰ ਦੇ ਹਿੱਤ ’ਚ ਜ਼ਰੂਰੀ ਹੈ।
ਦੇਸ਼ ਨੂੰ ਸ਼ਾਸਨ ਦੇ ਸਾਰੇ ਪੱਧਰਾਂ ’ਤੇ ਵਧੀਆ ਗੁਣਵੱਤਾ ਵਾਲੇ ਨੇਤਾਵਾਂ ਦੀ ਲੋੜ ਹੈ। ਮਹੱਤਵਪੂਰਨ ਮਾਮਲਿਆਂ ’ਤੇ ਮੌਜੂਦਾ ਲੀਡਰਸ਼ਿਪ ਦੀ ਫੈਸਲੇ ਲੈਣ ’ਚ ਦੇਰੀ ਅਤੇ ਧਾਂਦਲੀ ਨੇ ਜਨਤਾ ਦਾ ਭਰੋਸਾ ਖਤਮ ਕਰ ਦਿੱਤਾ ਹੈ। ਇਸ ਪ੍ਰਕਿਰਿਆ ’ਚ ਇਸ ਨੇ ਲੋਕਾਂ ਦੇ ਮਨ ’ਚ ਇਕ ‘ਰੀੜ੍ਹ-ਵਿਹੂਣੀ ਅਥਾਰਿਟੀ’ ਦਾ ਅਕਸ ਬਣਾਇਆ ਹੈ ਜੋ ਅਕਸਰ ਆਪਣੇ ਖੁਦ ਦੇ ਅਧੂਰੇ ਫੈਸਲੇ ਦਾ ਕੈਦੀ ਬਣ ਜਾਂਦਾ ਹੈ।
ਸਿਆਣੇ ਨਾਗਰਿਕਾਂ ਨੂੰ ਸਾਫ-ਸੁਥਰੀ ਸਿਆਸਤ, ਪਾਰਦਰਸ਼ੀ ਸ਼ਾਸਨ ਅਤੇ ਮਣੀਪੁਰ ਸਮੇਤ ਉੱਤਰ-ਪੂਰਬ ਦੇ ਸਾਹਮਣੇ ਆਉਣ ਵਾਲੀਆਂ ਵੰਗਾਰਾਂ ਦਾ ਹੱਲ ਕਰਨ ਲਈ ਇਕ ਵਿਆਪਕ ਨਜ਼ਰੀਏ ਦੀ ਮੰਗ ਕਰਨੀ ਚਾਹੀਦੀ ਹੈ।
ਜਦੋਂ ਦੋਵੇਂ ਧਿਰਾਂ ਸਿਆਸੀ ਵਾਦ-ਵਿਵਾਦ ’ਚ ਲੱਗੀਆਂ ਹੋਣ, ਸਮੱਸਿਆ ਦੀ ਜੜ੍ਹ ਲੀਡਰਸ਼ਿਪ ਦੀ ਅਸਫਲਤਾ ’ਚ ਸ਼ਾਮਲ ਹੈ। ਨਿੱਜੀ ਸਿਆਸੀ ਸੱਭਿਆਚਾਰ ਨੇ ਇਕ ਅਜਿਹੀ ਲੀਡਰਸ਼ਿਪ ਨੂੰ ਸ਼ਹਿ ਦਿੱਤੀ ਹੈ ਜੋ ਪ੍ਰਭਾਵੀ ਸ਼ਾਸਨ ’ਤੇ ਵਫਾਦਾਰੀ ਅਤੇ ਸਹਿਜਤਾ ਨੂੰ ਪਹਿਲ ਦਿੰਦਾ ਹੈ। ਕੀ ਅਸੀਂ ਇਸ ਗੰਦੀ ਸਥਿਤੀ ਤੋਂ ਬਾਹਰ ਆ ਸਕਦੇ ਹਾਂ? ਹਾਂ, ਅਸੀਂ ਕਰ ਸਕਦੇ ਹਾਂ ਅਤੇ ਸਾਨੂੰ ਅਜਿਹਾ ਕਰਨਾ ਚਾਹੀਦਾ ਹੈ।
ਹੁਣ ਸਭ ਤੋਂ ਅਹਿਮ ਗੱਲ ਇਹ ਹੈ ਕਿ ਪੂਰਬ-ਉੱਤਰ ਦੀਆਂ ਸਮੱਸਿਆਵਾਂ ਨੂੰ ਸਮੁੱਚਤਾ ਨਾਲ ਦੇਖਿਆ ਜਾਵੇ ਅਤੇ ਉਨ੍ਹਾਂ ਨਾਲ ਦ੍ਰਿੜ੍ਹਤਾ ਅਤੇ ਅਸਰਦਾਇਕ ਢੰਗ ਨਾਲ ਨਜਿੱਠਿਆ ਜਾਵੇ। ਸਾਨੂੰ ਆਸਾਮ ਅਤੇ ਪੂਰਬ-ਉੱਤਰ ਦੇ ਆਸ-ਪਾਸ ਦੇ ਇਲਾਕੇ ’ਚ ਕਈ ਪ੍ਰੇਸ਼ਾਨ ਕਰਨ ਵਾਲੇ ਸੰਕੇਤਾਂ ਨਾਲ ਨਜਿੱਠਣ ਲਈ ਉਚਿਤ ਸਿਆਸੀ ਇੱਛਾ ਸ਼ਕਤੀ ਹਾਸਲ ਕਰਨੀ ਹੋਵੇਗੀ। ਸਾਨੂੰ ਦੇਸ਼ ਦੀ ਖੇਤਰੀ ਅਖੰਡਤਾ ਅਤੇ ਪ੍ਰਭੂਸੱਤਾ ਦੀ ਅਣਦੇਖੀ ਨਹੀਂ ਕਰਨੀ ਚਾਹੀਦੀ।
ਮਣੀਪੁਰ ਦੇ ਗੁੰਝਲਦਾਰ ਮੁੱਦੇ ਇਕਜੁੱਟ ਮੋਰਚੇ ਅਤੇ ਦ੍ਰਿੜ੍ਹ ਨਜ਼ਰੀਏ ਦੀ ਮੰਗ ਕਰਦੇ ਹਨ। ਜਦੋਂ ਦੇਸ਼ ਦਾ ਕੋਈ ਵੀ ਹਿੱਸਾ ਜਾਤੀ ਹਿੰਸਾ ’ਚ ਘਿਰਿਆ ਹੋਵੇ ਤਾਂ ਅੱਧੇ ਅਧੂਰੇ ਮਨ ਨਾਲ ਪ੍ਰਤੀਕਿਰਿਆ ਨਾ-ਪ੍ਰਵਾਨਯੋਗ ਹੈ। ਨੇਤਾਵਾਂ ਨੂੰ ਸੌੜੀ ਸਿਆਸਤ ਤੋਂ ਉਪਰ ਉੱਠ ਕੇ ਹੱਲ ਲੱਭਣ ਲਈ ਰਲ ਕੇ ਕੰਮ ਕਰਨਾ ਚਾਹੀਦਾ ਹੈ।
ਹਰੀ ਜੈਸਿੰਘ