ਪਿੰਡ ਲਿੱਦੜਾਂ ਨੇੜੇ ਸਰਵਿਸ ਲੇਨ ’ਤੇ ਖ਼ੂਨ ਨਾਲ ਲਥ-ਪਥ ਮਿਲੀ ਲਾਸ਼, ਹੱਦਬੰਦੀ ਨੂੰ ਲੈ ਕੇ ਉਲਝੀ ਪੁਲਸ

Tuesday, Mar 23, 2021 - 01:14 PM (IST)

ਜਲੰਧਰ (ਜ. ਬ., ਸੁਨੀਲ ਮਹਾਜਨ):  ਜਲੰਧਰ-ਅੰਮ੍ਰਿਤਸਰ ਹਾਈਵੇ ’ਤੇ ਪੈਂਦੇ ਲਿੱਦੜਾਂ ਪਿੰਡ ਨੇੜੇ ਸਰਵਿਸ ਲੇਨ ’ਤੇ ਖੂਨ ਨਾਲ ਲੱਥਪੱਥ ਇਕ ਵਿਅਕਤੀ ਦੀ ਦੇਰ ਸ਼ਾਮ ਨੂੰ ਲਾਸ਼ ਮਿਲੀ।ਮਿ੍ਤਕ ਦੇ ਗਲੇ ’ਤੇ ਕਿਸੇ ਤਿੱਖੀ ਚੀਜ਼ ਦੇ ਵਾਰ ਦੇ ਨਿਸ਼ਾਨ ਹਨ ਹਾਲਾਂਕਿ ਮਾਮਲਾ ਹੱਤਿਆ ਦਾ ਲੱਗ ਰਿਹਾ ਹੈ ਪਰ ਜਿਵੇਂ ਹੀ ਕਮਿਸ਼ਨਰੇਟ ਪੁਲਸ ਨੂੰ ਸੂਚਨਾ ਮਿਲੀ ਤਾਂ ਇਹ ਮਾਮਲਾ ਹੱਦਬੰਦੀ ਵਿਚ ਉਲਝ ਗਿਆ। ਨਤੀਜਾ ਇਹ ਨਿਕਲਿਆ ਕਿ ਲਾਸ਼ ਲਗਭਗ ਤਿੰਨ ਘੰਟੇ ਤੱਕ ਮੌਕੇ ’ਤੇ ਹੀ ਪਈ ਰਹੀ। ਮੌਕੇ ’ਤੇ ਦਿਹਾਤੀ ਪੁਲਸ ਦੇ ਅਧਿਕਾਰੀ ਪਹੁੰਚੇ ਤਾਂ ਲਾਸ਼ ਨੂੰ ਐਂਬੂਲੈਂਸ ਵਿਚ ਪਾਇਆ ਗਿਆ ਪਰ ਉਸ ਤੋਂ ਬਾਅਦ ਵੀ ਲਾਸ਼ ਨੂੰ ਸਿਵਲ ਹਸਪਤਾਲ ਵਿਚ ਨਹੀਂ ਭੇਜਿਆ ਗਿਆ। ਦੇਰ ਰਾਤ ਤੱਕ ਜਲੰਧਰ ਕਮਿਸ਼ਨਰੇਟ ਅਤੇ ਜਲੰਧਰ ਦਿਹਾਤੀ ਦੀ ਪੁਲਸ ਹੱਦਬੰਦੀ ਨੂੰ ਲੈ ਕੇ ਉਲਝੀ ਹੋਈ ਸੀ। ਪੁਲਸ ਇਹ ਵੀ ਕਲੀਅਰ ਨਹੀਂ ਕਰ ਪਾ ਰਹੀ ਸੀ ਕਿ ਮਾਮਲਾ ਹੱਤਿਆ ਦਾ ਹੈ ਜਾਂ ਫਿਰ ਐਕਸੀਡੈਂਟ ਨਾਲ ਹੋਈ ਮੌਤ ਦਾ।

ਜਾਣਕਾਰੀ ਅਨੁਸਾਰ ਸੋਮਵਾਰ ਨੂੰ ਸ਼ਾਮ 7.15 ਵਜੇ ਦੇ ਲਗਭਗ ਕਮਿਸ਼ਨਰੇਟ ਪੁਲਸ ਨੂੰ ਸੂਚਨਾ ਮਿਲੀ ਕਿ ਪਿੰਡ ਲਿੱਦੜਾਂ ਨੇੜੇ ਸਰਵਿਸ ਲੇਨ ’ਤੇ ਪੈਂਦੇ ਗੰਦੇ ਨਾਲੇ ਵਿਚ ਇਕ ਲਾਸ਼ ਪਈ ਹੋਈ ਹੈ। ਜਲਦੀ ਵਿਚ ਥਾਣਾ ਨੰਬਰ ਇਕ ਦੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਲਾਸ਼ ਨੂੰ ਦੇਖ ਕੇ ਉਸ ਨੂੰ ਢੱਕ ਦਿੱਤਾ ਗਿਆ ਪਰ ਜਿਵੇਂ ਹੀ ਮਾਮਲਾ ਸੀਨੀਅਰ ਅਧਿਕਾਰੀਆਂ ਤੱਕ ਪਹੁੰਚਿਆ ਤਾਂ ਇਹ ਕੇਸ ਹੱਦਬੰਦੀ ਵਿਚ ਉਲਝ ਗਿਆ।ਕਮਿਸ਼ਨਰੇਟ ਪੁਲਸ ਨੇ ਘਟਨਾ ਵਾਲੀ ਥਾਂ ਨੂੰ ਦਿਹਾਤੀ ਪੁਲਸ ਦਾ ਇਲਾਕਾ ਦੱਸਿਆ, ਜਿਸ ਤੋਂ ਬਾਅਦ ਮੌਕੇ ’ਤੇ ਡੀ. ਐੱਸ. ਪੀ. ਸੁਖਪਾਲ ਸਿੰਘ ਪਹੁੰਚ ਗਏ। ਕਮਿਸ਼ਨਰੇਟ ਪੁਲਸ ਅਤੇ ਦਿਹਾਤੀ ਪੁਲਸ ਨੇ ਜਾਂਚ ਸ਼ੁਰੂ ਕੀਤੀ ਪਰ ਹੱਦਬੰਦੀ ਨੂੰ ਲੈ ਕੇ ਮਾਮਲਾ ਉਲਝਦਾ ਹੀ ਗਿਆ।

PunjabKesari

ਘਟਨਾ ਵਾਲੀ ਥਾਂ ’ਤੇ ਪੁਲਸ ਕਰੀਬ 7.15 ਵਜੇ ਪਹੁੰਚ ਗਈ ਪਰ ਇਸ ਦੇ ਤਿੰਨ ਘੰਟੇ ਬਾਅਦ ਜਾ ਕੇ ਲਾਸ਼ ਨੂੰ ਉਥੋਂ ਚੁੱਕਿਆ ਗਿਆ ਅਤੇ ਐਂਬੂਲੈਂਸ ਵਿਚ ਪਾਇਆ ਗਿਆ। ਜਿਥੇ ਇਕ ਪਾਸੇ ਦੇਰ ਰਾਤ ਤੱਕ ਮਾਮਲਾ ਹੱਦਬੰਦੀ ਨੂੰ ਲੈ ਕੇ ਉਲਝਿਆ ਰਿਹਾ ਉਥੇ ਹੀ ਪੁਲਸ ਇਹ ਵੀ ਕਲੀਅਰ ਨਹੀਂ ਕਰ ਪਾ ਰਹੀ ਸੀ ਕਿ ਇਹ ਹੱਤਿਆ ਨਾਲ ਜੁੜਿਆ ਹੋਇਆ ਮਾਮਲਾ ਹੈ ਜਾਂ ਫਿਰ ਹਾਦਸਾ। ਹਾਲਾਂਕਿ ਪੁਲਸ ਨੇ ਇਹ ਜ਼ਰੂਰ ਕਿਹਾ ਕਿ ਉਕਤ ਵਿਅਕਤੀ ਦੇ ਗਲੇ ’ਤੇ ਕਿਸੇ ਤੇਜ਼ਧਾਰ ਹਥਿਆਰ ਦੇ ਨਿਸ਼ਾਨ ਹਨ ਪਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਅਜਿਹੇ ਨਿਸ਼ਾਨ ਹਾਦਸੇ ਵਿਚ ਵੀ ਦੇਖੇ ਜਾਂਦੇ ਹਨ। ਮ੍ਰਿਤਕ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ। ਦੇਰ ਰਾਤ ਤੱਕ ਪੁਲਸ ਮਾਮਲੇ ਦੀ ਜਾਂਚ ਵਿਚ ਲੱਗੀ ਹੋਈ ਸੀ।

ਏ. ਸੀ. ਪੀ. ਨਾਰਥ ਨੇ ਫੋਨ ਤਕ ਨਹੀਂ ਚੁੱਕਿਆ, ਖੁੱਲ੍ਹ ਕੇ ਬੋਲੇ ਡੀ. ਐੱਸ. ਪੀ. ਸੁਖਪਾਲ ਸਿੰਘ
ਏ. ਸੀ. ਪੀ. ਨਾਰਥ ਨੇ ਇਸ ਗੰਭੀਰ ਮਾਮਲੇ ਵਿਚ ਮੀਡੀਆ ਦਾ ਫੋਨ ਤਕ ਚੁੱਕਣਾ ਵੀ ਮੁਨਾਸਿਬ ਨਹੀਂ ਸਮਝਿਆ। ਉਹ ਹੀ ਏ. ਸੀ. ਪੀ. ਹਨ, ਜਿਨ੍ਹਾਂ ਨੇ ਵੇਰਕਾ ਮਿਲਕ ਪਲਾਂਟ ਨੇੜੇ ਬਰੀਜ਼ਾ ਕਾਰ ਲੁੱਟਣ ਦੇ ਮਾਮਲੇ ਵਿਚ ਕਾਫ਼ੀ ਲਾਪ੍ਰਵਾਹੀ ਵਰਤੀ ਸੀ ਅਤੇ ਅੱਜ ਤੱਕ ਗੱਡੀ ਨੂੰ ਲੁੱਟਣ ਵਾਲੇ ਗ੍ਰਿਫ਼ਤਾਰ ਨਹੀਂ ਹੋ ਸਕੇ ਹਨ। ਮੌਕੇ ’ਤੇ ਪਹੁੰਚੇ ਜਲੰਧਰ ਦਿਹਾਤੀ ਪੁਲਸ ਦੇ ਡੀ. ਐੱਸ. ਪੀ. ਸੁਖਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਕਈ ਅਜਿਹੀਆਂ ਐੱਫ. ਆਈ. ਆਰ. ਹਨ, ਜਿਸ ਵਿਚ ਇਹ ਪਤਾ ਲੱਗਦਾ ਹੈ ਕਿ ਇਹ ਏਰੀਆ ਜਲੰਧਰ ਕਮਿਸ਼ਨਰੇਟ ਪੁਲਸ ਦੇ ਅਧੀਨ ਆਉਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਜਲੰਧਰ ਦਿਹਾਤੀ ਪੁਲਸ ਦੇ ਅਧੀਨ ਏਰੀਆ ਆਉਂਦਾ ਹੈ ਤਾਂ ਮਾਮਲਾ ਟ੍ਰੇਸ ਕਰਨ ਵਿਚ ਕੋਈ ਵੀ ਪ੍ਰਾਬਲਮ ਨਹੀਂ ਹੋਵੇਗੀ।


Shyna

Content Editor

Related News