ਸੇਵਾ ਕੇਂਦਰ ਦੇ ਜਨਰੇਟਰ ਦਾ ਤੇਲ ਮੁੱਕਿਆ, ਕੰਮ ਠੱਪ ਹੋਣ ਕਾਰਨ ਲੋਕ ਪ੍ਰੇਸ਼ਾਨ
Tuesday, May 08, 2018 - 02:28 AM (IST)

ਧਨੌਲਾ, (ਰਵਿੰਦਰ)– ਪੰਜਾਬ ਭਰ ਦੇ ਸੇਵਾ ਕੇਂਦਰਾਂ ਦੇ ਮੁਲਾਜ਼ਮਾਂ ਦੀ ਹੜਤਾਲ ਖਤਮ ਹੋਣ ’ਤੇ ਲੋਕਾਂ ਨੂੰ ਆਸ ਬੱਝੀ ਸੀ ਕਿ ਹੁਣ ਉਨ੍ਹਾਂ ਨੂੰ ਸੇਵਾ ਕੇਂਦਰ ’ਚ ਕੰਮਕਾਰ ਕਰਵਾਉਣ ’ਚ ਕੋਈ ਦਿੱਕਤ ਨਹੀਂ ਆਵੇਗੀ ਪਰ ਸਥਾਨਕ ਸੇਵਾ ਕੇਂਦਰ ਵਿਖੇ ਕੰਮਾਂ ਲਈ ਆਉਣ ਵਾਲੇ ਲੋਕਾਂ ਦੀਆਂ ਦਿੱਕਤਾਂ ਅਜੇ ਦੂਰ ਨਹੀਂ ਹੋਈਅਾਂ ਕਿਉਂਕਿ ਬਿਜਲੀ ਦਾ ਲੱਖ ਰੁਪਏ ਤੋਂ ਉਪਰ ਬਿਜਲੀ ਦਾ ਬਿੱਲ ਨਾ ਭਰਨ ਕਾਰਨ ਪਾਵਰਕਾਮ ਵੱਲੋਂ 28 ਫਰਵਰੀ 2017 ਨੂੰ ਸੇਵਾ ਕੇਂਦਰ ਦਾ ਬਿਜਲੀ ਸਪਲਾਈ ਕੁਨੈਕਸ਼ਨ ਕੱਟ ਦਿੱਤਾ ਗਿਆ ਸੀ, ਜੋ ਅਜੇ ਤੱਕ ਬਹਾਲ ਨਹੀਂ ਕੀਤਾ ਗਿਆ ਅਤੇ ਜਨਰੇਟਰ ਆਸਰੇ ਹੀ ਕੰਮ ਚਲਾਇਆ ਜਾ ਰਿਹਾ ਹੈ। ਜਨਰੇਟਰ ਲਈ ਸਮੇਂ ਸਿਰ ਡੀਜ਼ਲ ਮੁਹੱਈਆ ਨਾ ਹੋਣ ਕਾਰਨ ਇਸ ਦੇ ਬੰਦ ਹੋਣ ਕਰਕੇ ਲੋਕਾਂ ਦੀ ਖੱਜਲ-ਖੁਆਰੀ ਜਾਰੀ ਹੈ, ਜਿਸ ਦਾ ਨਜ਼ਾਰਾ ਅੱਜ ਪ੍ਰਤੱਖ ਦੇਖਣ ਨੂੰ ਮਿਲਿਆ। ਆਪਣੇ ਕੰਮ ਕਰਵਾਉਣ ਆਏ ਉਪਿੰਦਰ ਕੁਮਾਰ, ਗੁਰਮੀਤ ਸਿੰਘ, ਦਰਸ਼ਨ ਸਿੰਘ, ਭਰਪੂਰ ਸਿੰਘ, ਹਰਜਿੰਦਰ ਸਿੰਘ, ਰੁਪਿੰਦਰ ਸਿੰਘ ਆਦਿ ਨੇ ਜਨਰੇਟਰ ਵਿਚ ਤੇਲ ਨਾ ਹੋਣ ਬਾਰੇ ਦੱਸਦਿਅਾਂ ਕਿਹਾ ਕਿ ਉਹ ਸਵੇਰੇ 9.15 ਵਜੇ ਆਏ ਸਨ ਅਤੇ ਕਰੀਬ 11 ਵਜੇ ਤੱਕ ਜਨਰੇਟਰ ਨਾ ਚੱਲਣ ਕਾਰਨ ਖੱਜਲ-ਖੁਆਰ ਹੁੰਦੇ ਰਹੇ। ਉਨ੍ਹਾਂ ਕਿਹਾ ਕਿ ਉਹ ਪੈਸੇ ਇਕੱਠੇ ਕਰ ਕੇ ਤੇਲ ਪਵਾ ਦਿੰਦੇ ਹਨ ਤਾਂ ਮੁਲਾਜ਼ਮਾਂ ਨੇ ਇਹ ਮੰਗ ਵੀ ਨਹੀਂ ਮੰਨੀ।
ਕੀ ਕਹਿੰਦੇ ਨੇ ਸੁਪਰਵਾਈਜ਼ਰ : ੇਵਾ ਕੇਂਦਰ ਦੇ ਸੁਪਰਵਾਈਜ਼ਰ ਵਿਕਰਮਜੀਤ ਸਿੰਘ ਨੇ ਕਿਹਾ ਕਿ ਜ਼ਿਲਾ ਮੈਨੇਜਮੈਂਟ ਵੱਲੋਂ ਕਰੀਬ 40 ਲੀਟਰ ਤੇਲ ਮੁਹੱਈਆ ਕਰਵਾਇਆ ਜਾਂਦਾ ਹੈ, ਜਿਸ ਦੇ ਖ਼ਤਮ ਹੋਣ ਤੋਂ ਪਹਿਲਾਂ ਉਹ ਡਿਮਾਂਡ ਫਾਰਮ ਭੇਜਦੇ ਹਨ ਤਾਂ ਜੋ ਡੀਜ਼ਲ ਮੁਹੱਈਆ ਹੋ ਸਕੇ। ਕਈ ਵਾਰ ਤੇਲ ਦੇਰੀ ਨਾਲ ਪ੍ਰਾਪਤ ਹੋਣ ਕਾਰਨ ਦਿੱਕਤ ਆ ਜਾਂਦੀ ਹੈ।
ਕੀ ਕਹਿੰਦੇ ਨੇ ਸਹਾਇਕ ਜ਼ਿਲਾ ਮੈਨੇਜਰ : ਸਹਾਇਕ ਜ਼ਿਲਾ ਮੈਨੇਜਰ ਕਰਨਵੀਰ ਸਿੰਘ ਨੇ ਕਿਹਾ ਕਿ ਕੰਪਨੀ ਬੀ. ਐੱਲ. ਐੱਸ. ਵੱਲੋਂ ਤੇਲ ਮੁਹੱਈਆ ਕਰਵਾਉਣ ਦਾ ਪ੍ਰਬੰਧ ਕੀਤਾ ਹੋਇਆ ਹੈ ਅਤੇ ਬਿਜਲੀ ਸਪਲਾਈ ਬਹਾਲ ਕਰਵਾਉਣ ਲਈ ਵੀ ਉਪਰਾਲੇ ਕੀਤੇ ਜਾ ਰਹੇ ਹਨ। ਜਦੋਂ ਉਨ੍ਹਾਂ ਨੂੰ ਬੀ. ਐੱਲ. ਐੱਸ. ਕੰਪਨੀ ਦੇ ਪੂਰੇ ਨਾਂ ਬਾਰੇ ਪੁੱਛਿਆ ਗਿਆ ਤਾਂ ਉਹ ਟਾਲ-ਮਟੋਲ ਕਰਦੇ ਇਹੋ ਕਹਿੰਦੇ ਰਹੇ ਕਿ ਬੀ.ਐੱਲ.ਐੱਸ. ਹੀ ਹੈ।