ਚੈਕਿੰਗ ਦੌਰਾਨ 13 ''ਚੋਂ 8 ਸੇਵਾ ਕੇਂਦਰ ਬੰਦ ਮਿਲੇ

Friday, Apr 20, 2018 - 05:17 AM (IST)

ਚੈਕਿੰਗ ਦੌਰਾਨ 13 ''ਚੋਂ 8 ਸੇਵਾ ਕੇਂਦਰ ਬੰਦ ਮਿਲੇ

ਜਲੰਧਰ, (ਅਮਿਤ)- ਉੱਪ ਮੰਡਲ ਮੈਜਿਸਟਰੇਟ ਜਲੰਧਰ-2 ਪਰਮਵੀਰ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਅੱਜ ਸਬ-ਡਵੀਜ਼ਨ ਅਧੀਨ ਪੈਂਦੇ 13 ਸੇਵਾ ਕੇਂਦਰਾਂ ਦੀ ਚੈਕਿੰਗ ਕੀਤੀ। ਇਸ ਦੌਰਾਨ 8 ਸੇਵਾ ਕੇਂਦਰ ਬੰਦ ਮਿਲੇ। ਉਪ ਮੰਡਲ ਮੈਜਿਸਟਰੇਟ ਜਿਨ੍ਹਾਂ ਨੇ ਖੁਦ ਸਬਜ਼ੀ ਮੰਡੀ ਮਕਸੂਦਾਂ, ਗੁਰੂ ਅਮਰਦਾਸ ਨਗਰ ਅਤੇ ਪਿੰਡ ਰੰਧਾਵਾ ਮਸੰਦਾਂ ਦੇ ਸੇਵਾ ਕੇਂਦਰਾਂ ਦੀ ਚੈਕਿੰਗ ਕੀਤੀ, ਨੇ ਕਿਹਾ ਕਿ ਜਲੰਧਰ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ 'ਤੇ ਅੱਜ 13 ਸੇਵਾ ਕੇਂਦਰਾਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਟਾਈਪ-2 ਸ਼੍ਰੇਣੀ ਦੇ 7 ਸੇਵਾ ਕੇਂਦਰ ਜੋ ਕਿ ਭੋਗਪੁਰ, ਕਰਤਾਰਪੁਰ, ਗੁਰੂ ਅਮਰਦਾਸ ਨਗਰ, ਸਬਜ਼ੀ ਮੰਡੀ ਮਕਸੂਦਾਂ, ਬਸਤੀ ਮਿੱਠੂ, ਰਾਜਨ ਨਗਰ ਅਤੇ ਕਾਲਾ ਸੰਘਿਆ ਰੋਡ 'ਤੇ ਪੈਂਦੇ ਕੋਟ ਸਦੀਕ ਵਿਖੇ ਚੈਕਿੰਗ ਕੀਤੀ ਗਈ, ਜਿਸ ਵਿਚ ਭੋਗਪੁਰ ਅਤੇ ਕੋਟ ਸਦੀਕ ਦੇ ਸੇਵਾ ਕੇਂਦਰ ਬੰਦ ਪਾਏ ਗਏ। ਇਸੇ ਤਰ੍ਹਾਂ ਸਬ ਡਵੀਜ਼ਨ ਦੇ ਟਾਈਪ-3 ਸ਼੍ਰੇਣੀ ਦੇ 6 ਸੇਵਾ ਕੇਂਦਰ ਪਿੰਡ ਰੰਧਾਵਾ ਮਸੰਦਾਂ, ਕੁਰਾਲਾ, ਬਾਹੂਪੁਰ, ਜੱਲੋਵਾਲ, ਮਾਂਗੇਕੀ ਅਤੇ ਨੌਗੱਜਾ ਵਿਖੇ ਸਥਿਤ ਹਨ, ਬੰਦ ਪਾਏ ਗਏ। 
ਉਨ੍ਹਾਂ ਕਿਹਾ ਕਿ ਸੇਵਾ ਕੇਂਦਰਾਂ ਵੱਲੋਂ ਡਿਊਟੀ ਵਿਚ ਇਸ ਤਰ੍ਹਾਂ ਦੀ ਕੁਤਾਹੀ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਉਹ ਛੇਤੀ ਹੀ ਇਸ ਸਬੰਧੀ ਰਿਪੋਰਟ ਜਲੰਧਰ ਦੇ ਡਿਪਟੀ ਕਮਿਸ਼ਨਰ ਨੂੰ ਸੌਂਪਣਗੇ ਅਤੇ ਇਨ੍ਹਾਂ ਸੇਵਾ ਕੇਂਦਰਾਂ ਖਿਲਾਫ਼ ਸਖ਼ਤ ਕਾਰਵਾਈ ਦੀ ਸਿਫਾਰਸ਼ ਕਰਨਗੇ। 


Related News